ਪਾਕਿ ਫ਼ੌਜ ਮੁਖੀ ਦੇ ਕਾਰਜਕਾਲ ਵਿੱਚ ਛੇ ਮਹੀਨਿਆਂ ਦਾ ਵਾਧਾ

ਇਸਲਾਮਾਬਾਦ– ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੂੰ ਰਾਹਤ ਦਿੰਦਿਆਂ ਪਾਕਿਸਤਾਨ ਦੀ ਸਿਖਰਲੀ ਅਦਾਲਤ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਵਿੱਚ ਸ਼ਰਤਾਂ ਦੇ ਆਧਾਰ ’ਤੇ ਛੇ ਮਹੀਨਿਆਂ ਦਾ ਵਾਧਾ ਕੀਤਾ ਹੈ।
ਚੀਫ ਜਸਟਿਸ ਆਸਿਫ ਸਈਦ ਖਾਨ ਖੋਸਾ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ, ਜਿਸ ਵਿੱਚ ਜਸਟਿਸ ਮਜ਼ਹਰ ਆਲਮ ਖਾਨ ਮੀਆਂਖੇਲ ਅਤੇ ਮਨਸੂਰ ਅਲੀ ਸ਼ਾਹ ਸ਼ਾਮਲ ਸਨ, ਨੇ ਆਪਣੇ ਸੰਖੇਪ ਫ਼ੈਸਲੇ ਵਿੱਚ ਸਰਕਾਰ ਨੂੰ ਆਦੇਸ਼ ਦਿੱਤਾ ਕਿ ਛੇ ਮਹੀਨਿਆਂ ਦੇ ਇਸ ਸਮੇਂ ਦੌਰਾਨ ਸਰਕਾਰ ਲੋੜੀਂਦਾ ਕਾਨੂੰਨ ਬਣਾਵੇ।
ਸਿਖਰਲੀ ਅਦਾਲਤ ਦੇ ਆਦੇਸ਼ਾਂ ਮਗਰੋਂ ਬਾਜਵਾ, ਜਿਨ੍ਹਾਂ ਦਾ ਤਿੰਨ ਵਰ੍ਹਿਆਂ ਦਾ ਕਾਰਜਕਾਲ ਅੱਜ ਅੱਧੀ ਰਾਤ ਨੂੰ ਖ਼ਤਮ ਹੋ ਜਾਣਾ ਸੀ, ਹੁਣ ਅਗਲੇ ਛੇ ਮਹੀਨਿਆਂ ਤੱਕ ਫੌਜ ਦੇ ਮੁਖੀ ਦੇ ਅਹੁਦੇ ’ਤੇ ਬਣੇ ਰਹਿਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 19 ਅਗਸਤ ਨੂੰ ਸਰਕਾਰੀ ਨੋਟੀਫਿਕੇਸ਼ਨ ਰਾਹੀਂ ‘ਖੇਤਰੀ ਸੁਰੱਖਿਆ ਮਾਹੌਲ’ ਦਾ ਹਵਾਲਾ ਦੇ ਕੇ ਜਨਰਲ ਬਾਜਵਾ ਦੇ ਕਾਰਜਕਾਲ ਵਿੱਚ ਤਿੰਨ ਸਾਲਾਂ ਦਾ ਵਾਧਾ ਕਰ ਦਿੱਤਾ ਸੀ। ਸਿਖਰਲੀ ਅਦਾਲਤ ਦੇ ਦਖ਼ਲ ਤੋਂ ਬਾਅਦ ਸਰਕਾਰ ਨੇ ਆਪਣੇ 19 ਅਗਸਤ ਦੇ ਆਦੇਸ਼ ਵਾਪਸ ਲੈ ਲਏ ਸਨ ਅਤੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਨੂੰ ਅਦਾਲਤ ਨੇ ਬੁੱਧਵਾਰ ਨੂੰ ਰੱਦ ਕਰ ਦਿੱਤਾ ਸੀ।

Previous articleਯੂਕੇ: ਸਿੱਖ ਉਮੀਦਵਾਰ ਨੇ ਅਪਮਾਨਜਨਕ ਟਿੱਪਣੀ ਦੇ ਦੋਸ਼ ਲਾਏ
Next articleਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰੰਥੀ ਗ੍ਰਿਫ਼ਤਾਰ