ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਭਾਰਤੀ ਹਵਾਈ ਸੈਨਾ (ਆਈਏਐੱਫ) ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ ਹੈ ਅਤੇ ਬਾਲਾਕੋਟ ਹਵਾਈ ਹਮਲਿਆਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ।
ਇਸ ਮਹੀਨੇ ਦੇ ਅਖੀਰ ਵਿੱਚ ਸੇਵਾਮੁਕਤ ਹੋਣ ਵਾਲੇ ਆਈਏਐੱਫ ਮੁਖੀ ਇੱਥੇ ਇੰਡੀਆ ਟੂਡੇ ਕਨਕਲੇਵ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ, ‘‘ਤੁਹਾਨੂੰ ਯਾਦ ਹੋਵੇਗਾ ਕਿ ਪਾਕਿਸਤਾਨ ਨੇ ਸਾਡੀ ਕੌਮੀ ਲੀਡਰਸ਼ਿਪ ਨੂੰ ਹਮੇਸ਼ਾ ਘੱਟ ਜਾਣਿਆ ਹੈ। 1965 ਦੀ ਜੰਗ ਦੌਰਾਨ ਉਨ੍ਹਾਂ ਨੇ ਲਾਲ ਬਹਾਦੁਰ ਸ਼ਾਸਤਰੀ ਨੂੰ ਤੁੱਛ ਸਮਝਿਆ। ਉਨ੍ਹਾਂ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਜੰਗ ਲੜਨਗੇ ਅਤੇ ਲਾਹੌਰ ਤੱਕ ਪੁੱਜ ਜਾਣਗੇ। ਉਹ ਉਦੋਂ ਹੈਰਾਨ ਹੋ ਗਏ ਸਨ ਕਿਉਂਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਕੇਵਲ ਕਸ਼ਮੀਰ ਵਿੱਚ ਹੀ ਲੜਨਗੇ। ਇਸੇ ਤਰ੍ਹਾਂ ਕਾਰਗਿਲ ਜੰਗ ਦੌਰਾਨ ਵੀ ਉਹ ਮੁੜ ਹੈਰਾਨ ਹੋਏ। ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਅਸੀਂ ਆਪਣੀ ਸਾਰੀ ਤਾਕਤ ਝੋਕ ਕੇ, ਆਪਣੀਆਂ ਬੋਫਰਜ਼ ਤੋਪਾਂ ਲਾ ਕੇ ਅਤੇ ਹਵਾਈ ਸੈਨਾ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਬਾਹਰ ਕੱਢ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸਾਡੀ ਸਮਰੱਥਾ ਬਾਰੇ ਜਾਣਕਾਰੀ ਹੈ ਪਰ ਉਨ੍ਹਾਂ ਨੂੰ ਹਮੇਸ਼ਾ ਇਹ ਹੀ ਲੱਗਦਾ ਹੈ ਕਿ ਸਾਡੀ ਲੀਡਰਸ਼ਿਪ ਕਾਰਵਾਈ ਨਹੀਂ ਕਰੇਗੀ ਅਤੇ ਬਾਲਾਕੋਟ ਨਾਲ ਿੲਹ ਭੁਲੇਖਾ ਦੂਰ ਹੋ ਗਿਆ ਹੈ।

Previous articleਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ
Next articleਗੀਤ ’ਚ ਮਾਈ ਭਾਗੋ ਦਾ ਜ਼ਿਕਰ ਕਰ ਕੇ ਸਿੱਧੂ ਮੂਸੇਵਾਲਾ ਵਿਵਾਦਾਂ ’ਚ ਘਿਰਿਆ