ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਾਲਤ ਵਿਗੜੀ, ਬੇਟੇ ਨੇ ਲਾਇਆ ਜੇਲ੍ਹ ‘ਚ ਜ਼ਹਿਰ ਦੇਣ ਦਾ ਦੋਸ਼

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਾਲਤ ਵਿਗੜ ਗਈ ਹੈ। ਉਨ੍ਹਾਂ ਦੇ ਖ਼ੂਨ ਦੇ ਪਲੇਟਲੇਟਸ ਘੱਟ ਕੇ ਖ਼ਤਰਨਾਕ ਪੱਧਰ ‘ਤੇ ਪਹੁੰਚ ਗਏ ਹਨ। ਸ਼ਰੀਫ ਦੇ ਬੇਟੇ ਹੁਸੈਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਅੱਬੂ ਨੂੰ ਜੇਲ੍ਹ ਵਿਚ ਜ਼ਹਿਰ ਦਿੱਤਾ ਜਾ ਰਿਹਾ ਹੈ। ਸ਼ਰੀਫ ਲਾਹੌਰ ਦੀ ਕੋਟਲਖਪਤ ਜੇਲ੍ਹ ‘ਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਸੋਮਵਾਰ ਰਾਤ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।

ਡਾਨ ਅਖ਼ਬਾਰ ਅਨੁਸਾਰ, ਹੁਸੈਨ ਨੇ ਲੰਡਨ ਤੋਂ ਕੀਤੇ ਟਵੀਟ ਵਿਚ ਸ਼ਰੀਫ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਪ੍ਰਗਟਾਇਆ। ਹੁਸੈਨ ਨੇ ਕਿਹਾ, ਕਿਸੇ ਤਰ੍ਹਾਂ ਦੇ ਜ਼ਹਿਰ ਕਾਰਨ ਮੇਰੇ ਅੱਬੂ ਦੇ ਖ਼ੂਨ ਵਿਚ ਪਲੇਟਲੇਟਸ ਘੱਟ ਹੋਏ। ਜੇਕਰ ਉਨ੍ਹਾਂ ਨਾਲ ਕੁਝ ਹੋਇਆ ਤਾਂ ਤੁਸੀਂ ਜਾਣਦੇ ਹੋ ਕਿ ਇਸ ਲਈ ਕੌਣ ਜ਼ਿੰਮੇਦਾਰ ਹੋਵੇਗਾ? ਮੰਗਲਵਾਰ ਨੂੰ ਹੋਈ ਜਾਂਚ ਅਨੁਸਾਰ, ਸ਼ਰੀਫ ਦੇ ਖ਼ੂਨ ਵਿਚ ਪਲੇਟਲੇਟਸ ਮਹਿਜ਼ ਦੋ ਹਜ਼ਾਰ ਦੇ ਪੱਧਰ ‘ਤੇ ਆ ਗਏ ਸਨ। ਸ਼ਰੀਫ ਦੀ ਸਿਹਤ ‘ਤੇ ਨਜ਼ਰ ਰੱਖਣ ਲਈ ਗਠਿਤ ਛੇ ਮੈਂਬਰੀ ਮੈਡੀਕਲ ਬੋਰਡ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਬਚਾਉਣ ਲਈ ਉਨ੍ਹਾਂ ਨੂੰ ਤੁਰੰਤ ਪਲੇਟਲੇਟਸ ਚੜ੍ਹਾਏ ਗਏ, ਜਿਸ ਤੋਂ ਬਾਅਦ ਪਲੇਟਲੇਟਸ ਦੀ ਗਿਣਤੀ ਵੱਧ ਕੇ 18 ਹਜ਼ਾਰ ਹੋਈ। ਹੁਣ ਵੀ ਇਹ ਖ਼ਤਰਨਾਕ ਪੱਧਰ ‘ਤੇ ਹਨ।

Previous articleਭੌਂ ਪ੍ਰਾਪਤੀ ਮਾਮਲੇ ਦੀ ਸੁਣਵਾਈ ਤੋਂ ਨਹੀਂ ਹਟਣਗੇ ਜਸਟਿਸ ਅਰੁਣ ਮਿਸ਼ਰਾ
Next articleUK govt denies division over Brexit plans