ਪਾਕਿ ‘ਚ 90 ਫ਼ੀਸਦੀ ਸਿੱਖ ਵਿਰਾਸਤੀ ਥਾਵਾਂ ਦੀ ਹੋਈ ਖੋਜ

ਭਾਰਤੀ ਮੂਲ ਦੇ ਬਿ੍ਟਿਸ਼ ਇਤਿਹਾਸਕਾਰ ਤੇ ਲੇਖਕ ਬੌਬੀ ਸਿੰਘ ਬਾਂਸਲ ਜੋਕਿ ਪਾਕਿਸਤਾਨ ‘ਚ ਸਿੱਖ ਵਿਰਾਸਤੀ ਇਮਾਰਤਾਂ ਦੀ ਖੋਜ ‘ਚ ਮੋਹਰੀ ਹਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ‘ਚ 90 ਫ਼ੀਸਦੀ ਵਿਰਾਸਤੀ ਇਮਾਰਤਾਂ ਲੱਭ ਲਈਆਂ ਗਈਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਖ਼ੈਬਰ ਪਖਤੂਨਖਵਾ ਸੂਬੇ ਵਿਚ ਹਨ। ਉਨ੍ਹਾਂ ਧਾਰਮਿਕ ਸੈਰਸਪਾਟੇ ਨੂੰ ਉਤਸ਼ਾਹ ਦੇਣ ‘ਤੇ ਜ਼ੋਰ ਦਿੱਤਾ। ਪਿਸ਼ਾਵਰ ਅਜਾਇਬਘਰ ਦੇ ਵਿਕਟੋਰੀਆ ਮੈਮੋਰੀਅਲ ਹਾਲ ਵਿਚ ‘ਕਰਤਾਰਪੁਰ ਤੋਂ ਖ਼ੈਬਰ ਪਾਸ’ ਵਿਸ਼ੇ ‘ਤੇ ਬੋਲਦਿਆਂ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ‘ਚ ਸਿੱਖ ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਜਿਨ੍ਹਾਂ ‘ਚ ਕਿਲ੍ਹੇ, ਲੜਾਈ ਦੇ ਮੈਦਾਨ, ਧਾਰਮਿਕ ਸਥਾਨ, ਗੁਰਦੁਆਰੇ, ਸਮਾਧਾਂ ਅਤੇ ਹਵੇਲੀਆਂ ਸ਼ਾਮਲ ਹਨ ਦੀ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰਾਸਤੀ ਥਾਵਾਂ ਨੂੰ ਵੇਖਣ ਲਈ ਵਿਸ਼ਵ ਭਰ ‘ਚ ਵਸੇ ਸਿੱਖ ਭਾਈਚਾਰੇ ‘ਚ ਕਾਫ਼ੀ ਤਾਂਘ ਹੈ। ਬਾਂਸਲ ਜੋਕਿ ਫਿਲਮਕਾਰ ਵੀ ਹਨ ਨੇ ਖ਼ੈਬਰ ਪਖਤੂਨਖਵਾ ਸੂਬੇ ਨਾਲ ਜੁੜੀਆਂ ਸਿੱਖ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ‘ਚ ਸਿੱਖ ਜਨਰਲ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਸ਼ਾਮਲ ਹਨ। ਇਨ੍ਹਾਂ ਦੋਵਾਂ ਦੀ ਮੌਤ ਖ਼ੈਬਰ ਪਖਤੂਨਖਵਾ ‘ਚ ਹੋਈ ਤੇ ਇਥੇ ਇਨ੍ਹਾਂ ਦੀਆਂ ਯਾਦਗਾਰਾਂ ਵੀ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਜਮਰੌਦ ਦਾ ਕਿਲ੍ਹਾ ਸਿੱਖ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ ਜਿਥੇ ਹਰੀ ਸਿੰਘ ਨਲਵਾ ਦੀ ਸਮਾਧ ਵੀ ਹੈ। ਨਲਵਾ ਸਿੱਖ ਸਾਮਰਾਜ ਦੀ ਫ਼ੌਜ ਦੇ ਕਮਾਂਡਰ-ਇਨ-ਚੀਫ ਸਨ। ਬਾਂਸਲ ਨੇ ਸਿੱਖ ਰਾਜ ਵੇਲੇ ਦੀਆਂ ਯਾਦਗਾਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ‘ਚ ਨੌਸ਼ਹਿਰਾ ਵਿਖੇ ਅਕਾਲੀ ਫੂਲਾ ਸਿੰਘ ਦੀ ਸਮਾਧ, ਬਾਲਾਹਿਸਾਰ ਕਿਲ੍ਹਾ, ਗੋਰ ਘਾਤਰੀ, ਸ਼ਬਕਦਰ ਕਿਲ੍ਹਾ ਅਤੇ ਭਾਈ ਬੀਬਾ ਸਿੰਘ ਦਾ ਮੰਦਰ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਸਥਾਨ ਖ਼ੈਬਰ ਪਖਤੂਨਖਵਾ ਦੇ ਸਿੱਖ ਨਕਸ਼ੇ ‘ਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਸਿੱਖ ਹੈਰੀਟੇਜ ਫਾਊਂਡੇਸ਼ਨ ਯੂਕੇ ਦੇ ਡਾਇਰੈਕਟਰ ਬਾਂਸਲ 1980 ਤੋਂ ਸਿੱਖ ਯਾਦਗਾਰਾਂ ਦੀ ਖੋਜ ਲਈ ਪਾਕਿਸਤਾਨ ਆ ਰਹੇ ਹਨ ਤੇ ਉਨ੍ਹਾਂ 2007 ਤੋਂ 2019 ਤਕ ਖ਼ੈਬਰ ਪਖਤੂਨਖਵਾ ‘ਚ ਖੋਜ ਕੀਤੀ ਹੈ। ਲਾਹੌਰ ਕਿਲ੍ਹੇ ‘ਚ ਮਾਈ ਜਿੰਦਾਂ ਹਵੇਲੀ ‘ਚ ਮਹਾਰਾਜਾ ਰਣਜੀਤ ਸਿੰਘ ਦਾ ਆਦਮ ਕੱਦ ਬੁੱਤ ਲਗਾਉਣ ‘ਚ ਬਾਂਸਲ ਦਾ ਅਹਿਮ ਯੋਗਦਾਨ ਹੈ।

ਅਦਾਲਤ ‘ਚ ਗੋਲ਼ੀ ਮਾਰ ਕੇ ਦੋਸ਼ੀ ਦੀ ਹੱਤਿਆ

ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਦੀ ਜਾਰਾਨਵਾਲਾ ਅਦਾਲਤ ‘ਚ ਚੱਲ ਰਹੀ ਸੁਣਵਾਈ ਦੌਰਾਨ ਕਤਲ ਦੇ ਇਕ ਦੋਸ਼ੀ ਦੀ ਦੂਜੀ ਧਿਰ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਨਾਈਮ ਸਲੀਮ ਜਦੋਂ ਇਸ ਕੇਸ ਦੀ ਸੁਣਵਾਈ ਕਰ ਰਹੇ ਸਨ ਤਾਂ ਤਾਰਾ ਗੁੱਜਰ ਨਾਂ ਦਾ ਦੋਸ਼ੀ ਜੋਕਿ ਹੱਥਕੜੀ ਸਮੇਤ ਪੁਲਿਸ ਹਿਰਾਸਤ ‘ਚ ਸੀ ਨੂੰ ਦੂਜੀ ਧਿਰ ਦੇ ਬੰਦਿਆਂ ਨੇ ਅਦਾਲਤ ‘ਚ ਹੀ ਗੋਲ਼ੀ ਮਾਰ ਦਿੱਤੀ। ਜਦੋਂ ਗੋਲ਼ੀ ਚੱਲੀ ਤਾਂ ਦੋਸ਼ੀ ਨਾਲ ਮੌਜੂਦ ਪੁਲਿਸ ਮੁਲਾਜ਼ਮ ਉਥੋਂ ਭੱਜ ਗਏ। ਹੱਤਿਆ ਦਾ ਇਹ ਮਾਮਲਾ ਪੁਰਾਣੀ ਦੁਸ਼ਮਣੀ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਨੇ ਦੋ ਦੋਸ਼ੀਆਂ ਨੂੰ ਮੌਕੇ ਤੋਂ ਹੀ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੀਪੀਈਸੀ ਨਾਲ ਪਾਕਿ ‘ਤੇ ਵਧੇਗਾ ਕਰਜ਼ੇ ਦਾ ਬੋਝ

ਸੀਪੀਈਸੀ ਕਰਜ਼ੇ ‘ਚ ਡੁੱਬੇ ਪਾਕਿਸਤਾਨ ਦੀ ਆਰਥਿਕ ਹਾਲਤ ਨੂੰ ਹੋਰ ਖ਼ਰਾਬ ਕਰ ਦੇਵੇਗਾ। ਇਸ ਬਾਰੇ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਚੌਕਸ ਕੀਤਾ ਹੈ। ਅਮਰੀਕਾ ਦੇ ਸਹਾਇਕ ਵਿਦੇਸ਼ ਸਕੱਤਰ ਐਲਿਸ ਵੈਲਸ ਨੇ ਕਿਹਾ ਕਿ ਸੀਪੀਈਸੀ ਪਾਕਿਸਤਾਨ ਨੂੰ ਸਹਾਇਤਾ ਨਹੀਂ ਹੈ ਸਗੋਂ ਇਹ ਪਾਕਿਸਤਾਨ ‘ਤੇ ਚੜ੍ਹੇ ਅਰਬਾਂ ਡਾਲਰ ਦੇ ਕਰਜ਼ੇ ਨੂੰ ਹੋਰ ਵਧਾਏਗਾ ਤੇ ਭਵਿੱਖ ਵਿਚ ਪਾਕਿਸਤਾਨ ਨੂੰ ਇਸ ਕਰਜ਼ੇ ਦੀ ਵਾਪਸੀ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਇਹ ਚਿਤਾਵਨੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਪਾਕਿਸਤਾਨ ਦੇ ਖ਼ਰਾਬ ਸਬੰਧਾਂ ਵਿਚ ਮੁੜ ਸੁਧਾਰ ਦੀਆਂ ਸੰਭਾਵਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਐਲਿਸ ਨੇ ਕਿਹਾ ਕਿ ਸੀਪੀਈਸੀ ਸਭ ਤੋਂ ਮਹਿੰਗਾ ਸਿੰਗਲ ਪ੍ਰਾਜੈਕਟ ਹੈ ਜਿਸ ਤਹਿਤ ਪਿਸ਼ਾਵਰ ਤੋਂ ਕਰਾਚੀ ਤਕ ਰੇਲਵੇ ਲਾਈਨ ਦਾ ਨਵੀਨੀਕਰਨ ਕੀਤਾ ਜਾਣਾ ਹੈ। ਇਸ ਰੇਲਵੇ ਪ੍ਰਾਜੈਕਟ ਦਾ ਮੁਢਲਾ ਖ਼ਰਚ 8.2 ਅਰਬ ਡਾਲਰ ਦੱਸਿਆ ਜਾ ਰਿਹਾ ਸੀ ਜਿਸ ਨੂੰ ਪਾਕਿ ਨੇ 6.2 ਅਰਬ ਡਾਲਰ ਤਕ ਲਿਆਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਨੀਲਮ ਵਾਦੀ

ਮਕਬੂਜ਼ਾ ਕਸ਼ਮੀਰ ਦਾ ਉੱਤਰੀ ਜ਼ਿਲ੍ਹਾ ਨੀਲਮ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। 1,91,000 ਦੀ ਆਬਾਦੀ ਵਾਲਾ ਇਹ ਜ਼ਿਲ੍ਹਾ ਆਪਣੇ ਅੰਦਰ ਕੁਦਰਤੀ ਖ਼ੂਬਸੂਰਤੀ ਦਾ ਖ਼ਜ਼ਾਨਾ ਸਮੋਈ ਬੈਠਾ ਹੈ। ਭਾਵੇਂ 2005 ‘ਚ ਆਏ ਭੂਚਾਲ ਕਾਰਨ ਇਥੇ ਭਾਰੀ ਨੁਕਸਾਨ ਹੋਇਆ ਸੀ ਪ੍ਰੰਤੂ ਇਸ ਨੂੰ ਦੁਬਾਰਾ ਵਿਕਸਿਤ ਕਰ ਲਿਆ ਗਿਆ ਹੈ। ਨੀਲਮ ਵਾਦੀ ਨੀਲਮ ਨਦੀ ਦੇ 200 ਕਿਲੋਮੀਟਰ ਇਲਾਕੇ ਵਿਚ ਫੈਲੀ ਹੋਈ ਹੈ। ਸਥਾਨਕ ਲੋਕਾਂ ਦਾ ਮੁੱਖ ਧੰਦਾ ਹੱਥ ਨਾਲ ਬਣਾਈਆਂ ਵਸਤਾਂ ਅਤੇ ਖੇਤੀਬਾੜੀ ਹੈ। ਹੁਣ ਸੈਰ-ਸਪਾਟੇ ਨੂੰ ਉਤਸ਼ਾਹ ਦਿੱਤੇ ਜਾਣ ਕਾਰਨ ਇਥੇ ਸੈਲਾਨੀਆਂ ਦੀ ਗਿਣਤੀ ਵਧੀ ਹੈ। ਨੀਲਮ ਵਾਦੀ ‘ਚ ਵੇਖਣ ਯੋਗ ਥਾਵਾਂ ‘ਚ ਅਰਾਂਗ ਕੇਲ, ਅਥਮੁਕਾਮ, ਚਿੱਟਾ ਕੱਥਾ ਝੀਲ, ਧਾਨੀ ਵਾਟਰਫਾਲ, ਦੋਵਾਰੀਆਂ, ਰਾਟੀ ਗਲੀ ਝੀਲ, ਹਾਲਮਟ, ਕੇਲ, ਕੇਰਨ, ਕੁਟਨ, ਸ਼ਾਰਦਾ ਤੇ ਤਾਓਬੈਟ ਹਨ। ਖ਼ੂਬਸੂਰਤ ਕੁਦਰਤੀ ਝੀਲਾਂ ਸੈਲਾਨੀਆਂ ਦਾ ਮਨ ਮੋਹ ਲੈਂਦੀਆਂ ਹਨ। ਨੀਲਮ ਨਦੀ ਦਾ ਸਾਫ਼-ਸੁਥਰਾ ਪਾਣੀ ਇਸ ਇਲਾਕੇ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ‘ਤੇ ਐੱਲਓਸੀ ਦੇ ਬਿਲਕੁਲ ਨਜ਼ਦੀਕ ਹੈ।

Previous articleMP plans massive recruitment on amended terms
Next articleਪਾਕਿ ‘ਚ ਧਰਮ ਪਰਿਵਰਤਨ ਰੋਕਣ ਵਾਲੇ ਕਾਨੂੰਨ ਦੀ ਪ੍ਰਕਿਰਿਆ ਸ਼ੁਰੂ