ਪਾਕਿਸਤਾਨ ਸਰਕਾਰ ਵੱਲੋਂ ਹਾਫ਼ਿਜ਼ ਸਈਦ ਗ੍ਰਿਫ਼ਤਾਰ

 

  • ਦਹਿਸ਼ਤੀ ਸਰਗਰਮੀਆਂ ਲਈ ਵਿੱਤੀ ਸਹਾਇਤਾ ਦੇਣ ਦਾ ਦੋਸ਼; ਸੱਤ ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਭੇਜਿਆ

  • ਇਮਰਾਨ ਖ਼ਾਨ ਦੇ ਅਮਰੀਕਾ ਜਾਣ ਤੋਂ ਪਹਿਲਾਂ ਹੋਈ ਕਾਰਵਾਈ

ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜੇ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਦਹਿਸ਼ਤੀ ਸਰਗਰਮੀਆਂ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ਾਂ ਹੇਠ ਅਤਿਵਾਦ ਵਿਰੋਧੀ ਵਿਭਾਗ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਲੇਠੀ ਅਮਰੀਕੀ ਯਾਤਰਾ ਤੋਂ ਪਹਿਲਾਂ ਇਹ ਕਾਰਵਾਈ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ। ਅਤਿਵਾਦ ਵਿਰੋਧੀ ਵਿਭਾਗ ਦੇ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਮਰੀਕਾ ਵੱਲੋਂ ਨਾਮਜ਼ਦ ਦਹਿਸ਼ਤਗਰਦ ਸਈਦ, ਜਿਸ ਦੇ ਸਿਰ ’ਤੇ ਇਕ ਕਰੋੜ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ, ਅਗਾਊਂ ਜ਼ਮਾਨਤ ਲਈ ਲਾਹੌਰ ਤੋਂ ਗੁਜਰਾਂਵਾਲਾ ਜਾ ਰਿਹਾ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਲਾਹੌਰ ਤੋਂ 80 ਕਿਲੋਮੀਟਰ ਦੂਰ ਗੁਜਰਾਂਵਾਲਾ ਸ਼ਹਿਰ ਨੇੜੇ ਰੋਕਿਆ ਗਿਆ ਅਤੇ ਅਤਿਵਾਦੀਆਂ ਨੂੰ ਮਾਲੀ ਸਹਾਇਤਾ ਦੇਣ ਦੇ ਦੋਸ਼ ਹੇਠ ਫੜ ਲਿਆ। ਉਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੇ ਤੁਰੰਤ ਮਗਰੋਂ ਸਈਦ ਨੂੰ ਗੁਜਰਾਂਵਾਲਾ ’ਚ ਅਤਿਵਾਦ ਵਿਰੋਧੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਸੱਤ ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਸ ਮਗਰੋਂ ਉਸ ਨੂੰ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ’ਚ ਭੇਜ ਦਿੱਤਾ ਗਿਆ ਜਿਥੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੀ ਬੰਦ ਹਨ। ਅਤਿਵਾਦ ਵਿਰੋਧੀ ਵਿਭਾਗ ਨੇ ਬਿਆਨ ’ਚ ਕਿਹਾ ਕਿ ਸਈਦ ਨੂੰ ਗੁਜਰਾਂਵਾਲਾ ’ਚ ਦਰਜ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਨੇ 3 ਜੁਲਾਈ ਨੂੰ ਸਈਦ ਸਮੇਤ ਜਮਾਤ-ਉਦ-ਦਾਵਾ ਦੇ 13 ਆਗੂਆਂ ਖ਼ਿਲਾਫ਼ 23 ਐਫਆਈਆਰ ਦਰਜ ਕੀਤੀਆਂ ਸਨ। ਸੋਮਵਾਰ ਨੂੰ ਸਈਦ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਲਾਹੌਰ ’ਚ ਅਤਿਵਾਦ ਵਿਰੋਧੀ ਅਦਾਲਤ ਨੇ ਲਸ਼ਕਰ-ਏ-ਤੋਇਬਾ ਦਾ ਮਦਰੱਸਾ ਸਥਾਪਤ ਕਰਨ ਲਈ ਜ਼ਮੀਨ ’ਤੇ ਕਬਜ਼ਾ ਕਰਨ ਦੇ ਕੇਸ ’ਚ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ 3 ਅਗਸਤ ਤਕ ਲਈ ਅਗਾਊਂ ਜ਼ਮਾਨਤ ਦੇ ਦਿੱਤੀ ਸੀ।

 

Previous articleਬਾਗ਼ੀ ਵਿਧਾਇਕਾਂ ਦੀ ਵਿਧਾਨ ਸਭਾ ’ਚ ਹਾਜ਼ਰੀ ਜ਼ਰੂਰੀ ਨਹੀਂ: ਸੁਪਰੀਮ ਕੋਰਟ
Next articleਪਟਿਆਲਾ ’ਚ ਪਾਣੀ ਘਟਿਆ, ਲੋਕਾਂ ਦੀ ਮੁਸੀਬਤ ਬਰਕਰਾਰ