ਪਾਕਿਸਤਾਨ ਦੇ ਕਾਮੇਡੀ ਕਿੰਗ ਅਮਾਨਉੱਲ੍ਹਾ ਖ਼ਾਨ ਦਾ ਦੇਹਾਂਤ

 ਉੱਘੇ ਪਾਕਿਸਤਾਨੀ ਹਾਸਰਸ ਕਲਾਕਾਰ ਅਮਾਨਉੱਲ੍ਹਾ ਖ਼ਾਨ ਦਾ ਅੱਜ ਦੇਹਾਂਤ ਹੋ ਗਿਆ। ਉਹ ਫੇਫੜਿਆਂ ਤੇ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਖ਼ਾਨ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਜ਼ਿਕਰਯੋਗ ਹੈ ਕਿ ਖ਼ਾਨ ਗੁਜਰਾਂਵਾਲਾ ਨਾਲ ਸਬੰਧਤ ਹਨ ਅਤੇ ਉਹ 1970 ਵਿੱਚ ਕੰਮ-ਕਾਜ ਲਈ ਲਾਹੌਰ ਆ ਗਏ ਸਨ। ਉਨ੍ਹਾਂ ਪਬਲਿਕ ਬੱਸਾਂ ਵਿੱਚ ਟੌਫ਼ੀਆਂ ਵੀ ਵੇਚੀਆਂ। ਖ਼ਾਨ ਦਾ ਹੁਨਰ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਸੂਫ਼ੀ ਦਰਗਾਹ ਦਾਤਾ ਦਰਬਾਰ ਨੇੜੇ ਸੜਕ ’ਤੇ ਹੋਏ ਕਾਮੇਡੀ ਸ਼ੋਅ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਪ੍ਰਸਿੱਧੀ, ਲਾਹੌਰ ਥੀਏਟਰ ਵਿੱਚ ਕੀਤੀ ਹਾਸਰਸ ਦੀ ਪੇਸ਼ਕਾਰੀ ਤੋਂ ਮਿਲੀ। ਉਨ੍ਹਾਂ ਉੱਘੀਆਂ ਹਸਤੀਆਂ ਦੀ ਨਕਲ ਲਾ ਕੇ ‘ਕਾਮੇਡੀ ਕਿੰਗ’ ਦਾ ਨਾਮਣਾ ਖੱਟਿਆ। ਉਹ ਆਸਾਨੀ ਨਾਲ ਦਰਸ਼ਕਾਂ ਨੂੰ ਹਸਾਉਣ ਵਿੱਚ ਮਾਹਿਰ ਸਨ। 45 ਵਰ੍ਹਿਆਂ ਦੇ ਕਰੀਅਰ ਵਿੱਚ ਉਨ੍ਹਾਂ ਦੋ ਹਜ਼ਾਰ ਤੋਂ ਵੱਧ ਨਾਟਕ ਖੇਡੇ। ਇਸ ਤੋਂ ਇਲਾਵਾ ਉਨ੍ਹਾਂ ਫ਼ਿਲਮਾਂ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦੀਆਂ ਤਿੰਨ ਬੀਵੀਆਂ ਤੇ 14 ਬੱਚੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਾਮੇਡੀਅਨ ਦੇ ਦੇਹਾਂਤ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਕਾਮੇਡੀ ਤੇ ਡਰਾਮਾ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਅਮਾਨਉੱਲ੍ਹਾ ਦੇ ਇੰਤਕਾਲ ਨਾਲ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾਂ ਉਨ੍ਹਾਂ ਦੀ ਹਾਸਰਸ ਅਦਾਕਾਰੀ ਦੇ ਮੁਰੀਦ ਰਹਿਣਗੇ।

Previous articleਡੇਵਿਸ ਕੱਪ: ਆਸਟਰੇਲੀਆ ਨੇ ਬ੍ਰਾਜ਼ੀਲ ’ਤੇ 2-0 ਦੀ ਚੜ੍ਹਤ ਬਣਾਈ
Next articleਦਲ ਖਾਲਸਾ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਚ ਖਿੱਚ-ਧੂਹ