ਪਾਕਿਸਤਾਨ ’ਚ ਪੁੱਜ ਚੁੱਕੀਆਂ ਭਾਰਤੀ ਵਸਤਾਂ ਵੇਚਣ ਦੀ ਇਜਾਜ਼ਤ ਮੰਗੀ

ਪਾਕਿਸਤਾਨੀਆਂ ਦੀ ਤਰਜਮਾਨੀ ਕਰਦੀ ਸੰਸਥਾ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਵਿਚ ਪਹਿਲਾਂ ਤੋਂ ਹੀ ਪੁੱਜ ਚੁੱਕੀਆਂ ਭਾਰਤੀ ਵਸਤਾਂ ਨੂੰ ਸਥਾਨਕ ਮਾਰਕੀਟਾਂ ਵਿਚ ਵੇਚਣ ਦੀ ਆਗਿਆ ਦਿੱਤੀ ਜਾਵੇ। ਇਸ ਸਬੰਧੀ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਵਣਜ ਮੰਤਰਾਲੇ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਵੀ ਲਿਖਿਆ ਹੈ।
ਦੱਸਣਾ ਬਣਦਾ ਹੈ ਕਿ ਭਾਰਤ ਵਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ। ਐਂਪਲਾਈਜ਼ ਫੈਡਰੇਸ਼ਨ ਆਫ ਪਾਕਿਸਤਾਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਕਿ ਜਿਹੜੀਆਂ ਵਸਤਾਂ ਇਨ੍ਹਾਂ ਹੁਕਮਾਂ ਤੋਂ ਪਹਿਲਾਂ ਹੀ ਪਾਕਿਸਤਾਨ ਪੁੱਜ ਚੁੱਕੀਆਂ ਹਨ ਉਨ੍ਹਾਂ ਨੂੰ ਪਾਕਿਸਤਾਨ ਦੀਆਂ ਮਾਰਕੀਟਾਂ ਵਿਚ ਵੇਚਣ ਦਿੱਤਾ ਜਾਵੇ। ਡਾਅਨ ਨਿਊਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਨ੍ਹਾਂ ਵਸਤਾਂ ਵਿਚ ਕੁਝ ਅਜਿਹੀਆਂ ਦਵਾਈਆਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਮਿਆਦ ਥੋੜ੍ਹਚਿਰੀ ਹੈ। ਜੇਕਰ ਇਸ ਬਾਰੇ ਕੋਈ ਫੈਸਲਾ ਨਾ ਕੀਤਾ ਗਿਆ ਤਾਂ ਇਹ ਖਰਾਬ ਹੋ ਜਾਣਗੀਆਂ ਜਿਸ ਦਾ ਨੁਕਸਾਨ ਪਾਕਿਸਤਾਨੀ ਵਪਾਰੀਆਂ ਨੂੰ ਉਠਾਉਣਾ ਪਵੇਗਾ। ਸੰਸਥਾ ਦੇ ਮੀਤ ਪ੍ਰਧਾਨ ਜ਼ਕੀ ਅਹਿਮਦ ਖਾਨ ਨੇ ਕਿਹਾ ਕਿ ਉਹ ਪਾਕਿ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਨ।

Previous article Indian High Commissioner joined Bedford Communities to Celebrate Indian Independence Day
Next articleਸਿਸਵਾਂ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ