ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅਯੁੱਧਿਆ ਫ਼ੈਸਲੇ ਦੇ ਸਮੇਂ ’ਤੇ ਸਵਾਲ ਉਠਾਏ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਵਾਲੇ ਦਿਨ ਅਯੁੱਧਿਆ ਮਾਮਲੇ ਦੇ ਆਏ ਫੈਸਲੇ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇਸ ਖੁਸ਼ੀ ਦੇ ਮੌਕੇ ’ਤੇ ਦਿਖਾਈ, ‘ਅਸੰਵੇਦਨਸ਼ੀਲਤਾ’ ਤੋਂ ਬਹੁਤ ਦੁਖੀ ਹਨ। ‘ਡਾਅਨ’ ਨਿਊਜ਼ ਟੀਵੀ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ, ‘‘ ਕੀ ਇਸ ਨੂੰ ਕੁਝ ਦਿਨ ਟਾਲਿਆ ਨਹੀਂ ਜਾ ਸਕਦਾ ਸੀ? ਮੈਂ ਇਸ ਖੁਸ਼ੀ ਦੇ ਮੌਕੇ ’ਤੇ ਦਿਖਾਈ ਗਈ ‘ਅਸੰਵੇਦਨਸ਼ੀਲਤਾ ’ ਤੋਂ ‘ਬਹੁਤ ਦੁਖੀ ਹਾਂ’। ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ , ‘‘ਤੁਹਾਨੂੰ ਇਸ ਤੋਂ ਧਿਆਨ ਵੰਡਾਉਣ ਦੀ ਥਾਂ ਇਸ ਖੁਸ਼ੀ ਦੇ ਮੌਕੇ ਦਾ ਹਿੱਸਾ ਬਣਨਾ ਚਾਹੀਦਾ ਸੀ। ਇਹ ਵਿਵਾਦ ਸੰਵੇਦਨਸ਼ੀਲ ਸੀ ਅਤੇ ਇਸ ਪਵਿੱਤਰ ਦਿਨ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸੀ। ’’ ਦੂਜੇ ਪਾਸੇ ਭਾਰਤ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਇਸ ਟਿੱਪਣੀ ’ਤੇ ਸ਼ਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨਫਰਤ ਫੈਲਾਉਣ ਦੇ ਉਦੇਸ਼ ਨਾਲ ਭਾਰਤ ਦੇ ਅੰਦਰੂਨੀ ਮਸਲਿਆਂ ’ਤੇ ਟਿੱਪਣੀ ਕਰਨਾ ਇਸਲਾਮਾਬਾਦ ਦੀ ‘’ਮਾਨਸਿਕ ਮਜਬੂਰੀ’’ ਹੈ ਜੋ ਨਿੰਦਣਯੋਗ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਅਸੀਂ ਕਿਸੇ ਸਿਵਲ ਮਾਮਲੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਪਾਕਿਸਤਾਨ ਵੱਲੋਂ ਕੀਤੀ ਅਣ-ਅਧਿਕਾਰਤ ਅਤੇ ਬੇਲੋੜੀ ਟਿਪਣੀ ਨੂੰ ਰੱਦ ਕਰਦੇ ਹਾਂ।” ਇਸੇ ਦੌਰਾਨ ਭਾਰਤੀ ਪੱਤਰਕਾਰਾਂ ਨੂੰ ਲਹਿੰਦੇ ਪੰਜਾਬ ਦੇ ਗਵਰਨਰ ਦੇ ਘਰ ਦਿੱਤੇ ਗਏ ਰਾਤ ਦੇ ਖਾਣੇ ਸਮੇਂ ਉਨ੍ਹਾਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਗਈ ਟਿੱਪਣੀ ਦਾ ਵਿਰੋਧ ਕੀਤਾ। ਸੀਨੀਅਰ ਪੱਤਰਕਾਰ ਬਰਖਾ ਦੱਤ ਨੇ ਕਿਹਾ ਕਿ ਸ੍ਰੀ ਮੋਦੀ ਦਾ ਅਪਮਾਨ ਕਰਕੇ ਉਹ ਇਥੇ ਮੌਜੂਦ ਭਾਰਤੀ ਨੁਮਾਇੰਦਿਆਂ ਦਾ ਅਪਮਾਨ ਕਰ ਰਹੇ ਹਨ। ਇਸ ’ਤੇ ਕੁਰੈਸ਼ੀ ਥਿੜਕ ਗਏ ਅਤੇ ਕਿਹਾ ਕਿ ਉਹ ਸਾਰਿਆਂ ਦਾ ਸਵਾਗਤ ਕਰਦੇ ਹਨ। ਬਰਖਾ ਦੱਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗ ਤੋਂ ਬਿਨਾਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸੰਭਵ ਨਹੀਂ ਹੋਣਾ ਸੀ ਅਤੇ ਉਨ੍ਹਾਂ ’ਤੇ ਨਿੱਜੀ ਟਿੱਪਣੀ ਕਰਨਾ ਜਾਇਜ਼ ਨਹੀਂ ਹੈ। ਕੁਰੈਸ਼ੀ ਨੇ ਕਸ਼ਮੀਰ ਦਾ ਮੁੱਦਾ ਵੀ ਉਠਾਇਆ ਜਿਸ ’ਤੇ ਇਕ ਹੋਰ ਪੱਤਰਕਾਰ ਸੰਜੀਵ ਕੇ ਦਿਵੇਦੀ ਨੇ ਖਾਲਿਸਤਾਨ ਬਾਰੇ ਮੋੜਵਾਂ ਸਵਾਲ ਕਰ ਦਿੱਤਾ।

Previous articleਸੁਲਤਾਨਪੁਰ ਲੋਧੀ ’ਚ ਆਇਆ ਸੰਗਤ ਦਾ ਹੜ੍ਹ
Next articleਸਾਂਝੀਵਾਲਤਾ ਦਾ ਹੋਕਾ ਦੇ ਰਹੇ ਨੇ ਬੀਹਲਾ ਵਾਸੀ