ਪਾਇਲਟ ਸਣੇ 19 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਲਈ ਨੋਟਿਸ

ਨਵੀਂ ਦਿੱਲੀ  (ਸਮਾਜਵੀਕਲੀ) : ਰਾਜਸਥਾਨ ਵਿੱਚ ਜਾਰੀ ਸਿਆਸੀ ਖਿੱਚੋਤਾਣ ਦਰਮਿਆਨ ਕਾਂਗਰਸ ਨੇ ਬੁੱਧਵਾਰ ਨੂੰ ਸਚਿਨ ਪਾਇਲਟ ਅਤੇ 18 ਹੋਰ ਬਾਗ਼ੀ ਪਾਰਟੀ ਵਿਧਾਇਕਾਂ ਖ਼ਿਲਾਫ਼ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਅਤੇ ਰਾਜ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਤਹਿਤ ਅਯੋਗ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੇ ਪਾਇਲਟ ਸਣੇ 19 ਕਾਂਗਰਸੀ ਵਿਧਾਇਕਾਂ ਨੂੰ ਨੋਟਿਸ ਭੇਜੇ ਹਨ।

ਨੋਟਿਸਾਂ ਵਿੱਚ ਵਿਧਾਇਕਾਂ ਨੂੰ 17 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਮੁੜ ਦੋਸ਼ ਲਾਇਆ ਕਿ ਕਾਂਗਰਸ ਆਗੂ ਸਚਿਨ ਪਾਇਲਟ ਭਾਜਪਾ ਦੀ ਮਿਲੀਭੁਗਤ ਨਾਲ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ’ਚ ਸ਼ਾਮਲ ਸੀ। ਉਧਰ ਪਾਇਲਟ ਨੇ ਸਾਫ਼ ਕਰ ਦਿੱਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਿਹਾ ਤੇ ਕੁਝ ਆਗੂ ਉਹਦੀ ਦਿੱਖ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਅਫ਼ਵਾਹਾਂ ਨੂੰ ਹਵਾ ਦੇ ਰਹੇ ਹਨ।

ਸਪੀਕਰ ਜੋਸ਼ੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਸਚਿਨ ਪਾਇਲਟ ਸਮੇਤ 19 ਬਾਗ਼ੀ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।’ ਸੂਤਰਾਂ ਨੇ ਕਿਹਾ ਕਿ ਰਾਜਸਥਾਨ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੇ ਸਪੀਕਰ ਨੂੰ ਸੰਵਿਧਾਨ ਦੇ 10ਵੇਂ ਸ਼ਡਿਊਲ ਮੁਤਾਬਕ ਬਾਗ਼ੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਲਈ ਲਿਖਿਆ ਸੀ।

ਕਾਂਗਰਸ ਨੇ ਸਪੀਕਰ ਨੂੰ ਲਿਖੇ ਪੱਤਰ ਵਿੱਚ ਸੁਪਰੀਮ ਕੋਰਟ ਵੱਲੋਂ ਬੀਤੇ ’ਚ ਸੁਣਾਏ ਫੈਸਲਿਆਂ ਦਾ ਵੀ ਹਵਾਲਾ ਦਿੱਤਾ ਹੈ। ਪਾਇਲਟ ਤੋਂ ਇਲਾਵਾ ਜਿਨ੍ਹਾਂ ਹੋਰ ਵਿਧਾਇਕਾਂ ਨੂੰ ਨੋਟਿਸ ਭੇਜੇ ਗਏ ਹਨ, ਉਨ੍ਹਾਂ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਵਿਸ਼ਵੇਂਦਰ ਸਿੰਘ ਤੇ ਰਮੇਸ਼ ਮੀਣਾ ਤੋਂ ਇਲਾਵਾ ਦੀਪੇਂਦਰ ਸਿੰਘ ਸ਼ੇਖਾਵਤ, ਭੰਵਰ ਲਾਲ ਸ਼ਰਮਾ ਤੇ ਹਰੀਸ਼ ਚੰਦਰ ਮੀਣਾ ਆਦਿ ਸ਼ਾਮਲ ਹਨ। ਉਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਮੁੜ ਦੋਸ਼ ਲਾਇਆ ਕਿ ਸਚਿਨ ਪਾਇਲਟ ਵਿਧਾਇਕਾਂ ਦੀ ਖਰੀਦੋ ਫ਼ਰੋਖ਼ਤ ’ਚ ਸ਼ਾਮਲ ਸੀ ਤਾਂ ਕਿ ਸੂਬੇ ਦੀ ਕਾਂਗਰਸ ਸਰਕਾਰ ਦਾ ਤਖ਼ਤਾ ਪਲਟਿਆ ਜਾ ਸਕੇ।

ਗਹਿਲੋਤ ਨੇ ਪਾਇਲਟ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਪ੍ਰਧਾਨ’ ਖੁ਼ਦ ‘ਸੌਦੇ ਕਰ ਰਿਹਾ ਸੀ।’ ਸਾਡੇ ਕੋਲ ਇਸ ਗੱਲ ਦਾ ਸਬੂੁਤ ਹੈ ਕਿ ਪੈਸੇ ਦੀ ਪੇਸ਼ਕਸ਼ ਕੀਤੀ ਗਈ।’’ ਗਹਿਲੋਤ ਨੇ ਕਿਹਾ ਕਿ ਪਾਇਲਟ ਨੇ ਜੇਕਰ ਆਪਣੀ ਜਵਾਨੀ ਦੇ ਦਿਨਾਂ ’ਚ ਸੰਘਰਸ਼ ਕੀਤਾ ਹੁੰਦਾ ਤਾਂ ਸ਼ਾਇਦ ਉਹ ਕੇਂਦਰੀ ਮੰਤਰੀ ਵਜੋਂ ਦੇਸ਼ ਲਈ ਕੁਝ ਚੰਗਾ ਕਰ ਸਕਦਾ। ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਕਿਹਾ ਕਿ ਪਾਇਲਟ ਲਈ ਕਾਂਗਰਸ ਦੇ ਦਰ ਅਜੇ ਵੀ ਖੁੱਲ੍ਹੇ ਹਨ। ਕਾਂਗਰਸ ਨੇ ਰਾਜਸਥਾਨ ਇਕਾਈ ਦੀਆਂ ਆਪਣੀਆਂ ਸਾਰੀਆਂ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਅਵਿਨਾਸ਼ ਪਾਂਡੇ ਨੇ ਕਿਹਾ ਕਿ ਨਵੀਆਂ ਕਮੇਟੀਆਂ ਜਲਦੀ ਹੀ ਗਠਿਤ ਕੀਤੀਆਂ ਜਾਣਗੀਆਂ।

Previous articleSeven killed in Taliban attack in Afghanistan
Next articleਜਲ ਸਰੋਤ ਵਿਭਾਗ ’ਚ 8657 ਅਸਾਮੀਆਂ ਖ਼ਤਮ