ਪਾਇਲਟ ਦੀ ਉਪ ਮੁੱਖ ਮੰਤਰੀ ਵਜੋਂ ਛੁੱਟੀ

Rajasthan Chief Minister Ashok Gehlot in a conversation with Deputy Chief Minister Sachin Pilot (File)

ਜੈਪੁਰ/ਨਵੀਂ ਦਿੱਲੀ (ਸਮਾਜਵੀਕਲੀ) :ਰਾਜਸਥਾਨ ਵਿੱਚ ਸੱਤਾ ਦੇ ਸੰਘਰਸ਼ ਲਈ ਜਾਰੀ ਸਿਆਸੀ ਖਿੱਚੋਤਾਣ ਦਰਮਿਆਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਸਚਿਨ ਪਾਇਲਟ ਨੂੰ ਅੱਜ ਕਾਂਗਰਸ ਪਾਰਟੀ ਨੇ ਉਪ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ। ਇਸ ਦੇ ਨਾਲ ਹੀ ਪਾਇਲਟ ਦੇ ਕਰੀਬੀ ਦੋ ਮੰਤਰੀਆਂ ਵਿਸ਼ਵੇਂਦਰ ਸਿੰਘ ਤੇ ਰਮੇਸ਼ ਮੀਨਾ ਨੂੰ ਵੀ ਸੂਬਾਈ ਕੈਬਨਿਟ ’ਚੋਂ ਬਾਹਰ ਦਾ ਰਾਹ ਵਿਖਾ ਦਿੱਤਾ।

ਕਾਂਗਰਸ ਨੇ ਪਾਇਲਟ ਨੂੰ ਵਿਧਾਇਕ ਦਲ ਦੀ ਮੀਟਿੰਗ ਲਈ ਜਾਰੀ ਵ੍ਹਿਪ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਸਾਰੇ ਫੈਸਲੇ ਅੱਜ ਇਥੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਲੲੇ ਗਏ। ਪਿਛਲੇ ਦੋ ਦਿਨਾਂ ’ਚ ਵਿਧਾਇਕ ਦਲ ਦੀ ਇਹ  ਦੂਜੀ ਮੀਟਿੰਗ ਸੀ। ਪਾਰਟੀ ਨੇ ਓਬੀਸੀ ਆਗੂ ਤੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਾਸਾਰਾ ਨੂੰ ਪਾਇਲਟ ਦੀ ਥਾਂ ਨਵਾਂ ਪ੍ਰਦੇਸ਼ ਪ੍ਰਧਾਨ ਥਾਪ ਦਿੱਤਾ ਹੈ। ਮੀਟਿੰਗ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਗਹਿਲੋਤ ਨੇ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੈਬਨਿਟ ’ਚੋਂ ਛਾਂਗੇ ਤਿੰਨ ਮੰਤਰੀਆਂ ਬਾਰੇ ਸੂਚਿਤ ਕਰ ਦਿੱਤਾ ਹੈ।

ਉਧਰ ਪਾਇਲਟ ਨੇ ਭਾਵੇਂ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ, ਪਰ ਉਨ੍ਹਾਂ ਦੇ ਹਮਾਇਤੀਆਂ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਦੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਹਮਾਇਤੀਆਂ ਨੇ ਕਿਹਾ ਕਿ ਊਨ੍ਹਾਂ ਦਾ ਮੁੱਖ  ਨਿਸ਼ਾਨਾ ਰਾਜਸਥਾਨ ਲੀਡਰਸ਼ਿਪ ’ਚ ਤਬਦੀਲੀ ਹੈ। ਪਾਇਲਟ ਨੇ ਦੋਵਾਂ ਅਹੁਦਿਆਂ ਤੋਂ ਹਟਾਏ ਜਾਣ ਤੋਂ ਫੌਰੀ ਮਗਰੋਂ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।’

ਕਾਂਗਰਸ ਵਿਧਾਇਕ ਦਲ ਦੀ ਅੱਜ ਦੂਜੀ ਮੀਟਿੰਗ ਮੁੱਕਦਿਆਂ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਾਇਲਟ ਤੇ ਉਹਦੇ ਨੇੜਲੇ ਦੋ ਮੰਤਰੀਆਂ ਨੂੰ ਅਹੁਦਿਆਂ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ। ਸੁਰਜੇਵਾਲਾ ਨੇ ਕਿਹਾ ਕਿ ਪਾਇਲਟ ਨੂੰ ਕਾਂਗਰਸ ਪ੍ਰਧਾਨ ਦਾ ਅਸ਼ੀਰਵਾਦ ਹਾਸਲ ਸੀ ਤੇ ਉਨ੍ਹਾਂ ਨੂੰ ਛੋਟੀ ਉਮਰੇ ਸਿਆਸੀ ਤਾਕਤ ਦਿੱਤੀ ਗਈ, ਪਰ ਇਸ ਦੇ ਬਾਵਜੂਦ ਸਚਿਨ ਤੇ ਹੋਰ ਮੰਤਰੀ ‘ਭਾਜਪਾ ਦੀ ਸਾਜ਼ਿਸ਼’ ਦਾ ਹਿੱਸਾ ਬਣਦਿਆਂ ਸੂਬਾ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ।

ਸੁਰਜੇਵਾਲਾ ਨੇ ਕਿਹਾ, ‘ਕੋਈ ਵੀ ਸਿਆਸੀ ਪਾਰਟੀ ਇਹ ਕਤਈ ਬਰਦਾਸ਼ਤ ਨਹੀਂ ਕਰੇਗੀ। ਲਿਹਾਜ਼ਾ ਕਾਂਗਰਸ ਨੂੰ ਭਰੇ ਮਨ ਨਾਲ ਇਹ ਫੈਸਲਾ ਲੈਣਾ ਪਿਆ।’ ਕਾਂਗਰਸ ਮੁਤਾਬਕ ਪਾਇਲਟ ਨੂੰ ਅੱਜ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਲਈ ‘ਦੂਜਾ ਮੌਕਾ’ ਦਿੱਤਾ ਗਿਆ ਸੀ, ਪਰ ਉਨ੍ਹਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਹੋਰਨਾਂ ਸਿਖਰਲੇ ਆਗੂਆਂ ਵੱਲੋਂ ਵਾਪਸ ਪਰਤਣ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਇਸ ਦੌਰਾਨ ਕਾਂਗਰਸ ਨੇ ਪ੍ਰਦੇਸ਼ ਕਾਂਗਰਸ ਇਕਾਈ ’ਚ ਫੇਰਬਦਲ ਕਰਦਿਆਂ ਕਬਾਇਲੀ ਆਗੂ ਤੇ ਵਿਧਾਇਕ ਗਣੇਸ਼ ਗੋਗਰਾ ਨੂੰ ਸੂਬਾਈ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਹੈ। ਗੋਗਰਾ ਨੇ ਪਾਇਲਟ ਦੇ ਵਫ਼ਾਦਾਰ ਮੁਕੇਸ਼ ਭਾਕਰ ਦੀ ਥਾਂ ਲਈ ਹੈ। ਇਸੇ ਤਰ੍ਹਾਂ ਹੇਮ ਸਿੰਘ ਸ਼ੇਖਾਵਤ ਨੂੰ ਵਿਧਾਇਕ ਰਾਕੇਸ਼ ਪ੍ਰਤੀਕ ਦੀ ਥਾਂ ਕਾਂਗਰਸ ਸੇਵਾ ਦਲ ਦਾ ਪ੍ਰਧਾਨ ਲਾਇਆ ਗਿਆ ਹੈ। ਇਸ ਦੇ ਉਲਟ ਐੱਨਐੱਸਯੂਆਈ ਦੀ ਸੂਬਾ ਇਕਾਈ ਦੇ ਪ੍ਰਧਾਨ ਅਭਿਮੰਨਿਊ ਪੂਨੀਆ ਨੇ ਅੱਜ ਹੀ ਖੁ਼ਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਪੂਨੀਆ ਨੇ ਕਿਹਾ ਕਿ ਉਹ ਜਾਟ ਤੇ ਬਿਸ਼ਨੋਈ ਪਰਿਵਾਰਾਂ ਦੇ ਮੁਖੀਆਂ ਨੂੰ ਜੇਲ੍ਹ ਭੇਜਣ ਵਾਲੇ ਮੁੱਖ ਮੰਤਰੀ ਨਾਲ ਕੰਮ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਪਾਰਟੀ ਵਿੱਚ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਅੱਜ ਸਵੇਰੇ ਆਖਰੀ ਹੱਲੇ ਵਜੋਂ ਇਕ ਟਵੀਟ ਰਾਹੀਂ ਸਚਿਨ ਪਾਇਲਟ ਤੇ ਉਨ੍ਹਾਂ ਨਾਲ ਸਬੰਧਤ ਵਿਧਾਇਕਾਂ ਨੂੰ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਮੁੜ ਅਪੀਲ ਕੀਤੀ।

Previous articleUS undermining South China Sea stability: Chinese Foreign Ministry
Next articleScotland to reopen castles, palaces as Covid-19 lockdown eases