ਪਹਿਰ ਦੇ ਤੜਕੇ ਕੈਮਿਸਟ ਦੁਕਾਨ ’ਤੇ ਬੋਲਿਆ ਧਾਵਾ

ਜੈਤੋ- ਚੋਰਾਂ ਨੇ ਅੱਜ ਪ੍ਰਭਾਤ ਸਮੇਂ ਇਥੇ ਨਹਿਰੂ ਪਾਰਕ ਦੇ ਬਿਲਕੁਲ ਸਾਹਮਣੇ ਨੀਰਜ ਮੈਡੀਕਲ ਹਾਲ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਵਾਰਦਾਤ ਦੌਰਾਨ ਉਹ ਦੁਕਾਨ ’ਚੋਂ ਕਰੀਬ 25-30 ਹਜ਼ਾਰ ਦੀ ਨਕਦੀ, ਚੈੱਕ ਬੁੱਕਾਂ ਅਤੇ ਹਿਸਾਬ-ਕਿਤਾਬ ਦੇ ਦਸਤਾਵੇਜ਼ ਲੈ ਗਏ।
ਦੁਕਾਨ ਦੇ ਮਾਲਕ ਨੀਰਜ ਕੁਮਾਰ ਨੇ ਦੱਸਿਆ ਚੋਰੀ ਬਾਰੇ ਉਨ੍ਹਾਂ ਨੂੰ ਦਿਨ ਚੜ੍ਹੇ ਹੀ ਪਤਾ ਲੱਗਾ। ਕਿਸੇ ਨੇ ਦੱਸਿਆ ਕਿ ਦੁਕਾਨ ’ਚੋਂ ਨਿੱਕਲ ਕੇ ਕੁਝ ਬੰਦੇ ਬਾਹਰ ਖੜ੍ਹੀ ਚਿੱਟੇ ਰੰਗ ਦੀ ਕਾਰ ’ਤੇ ਸਵਾਰ ਹੋ ਕੇ ਗਏ ਸਨ। ਵੇਖਣ ਵਾਲੇ ਨੇ ਬਹੁਤੀ ਤਵੱਜੋਂ ਇਹ ਸੋਚ ਕੇ ਨਾ ਦਿੱਤੀ ਕਿ ਦੁਕਾਨ ਮਾਲਕ ਕਿਸੇ ਐਮਰਜੈਂਸੀ ਹਾਲਤ ਵਾਲੇ ਮਰੀਜ਼ ਦੇ ਵਾਰਸਾਂ ਨੂੰ ਦਵਾਈ ਦੇਣ ਲਈ ਦੁਕਾਨ ’ਤੇ ਆਇਆ ਹੋਵੇਗਾ। ਉਦੋਂ ਵਕਤ ਕਰੀਬ ਪੌਣੇ ਕੁ ਛੇ ਵਜੇ ਦਾ ਸੀ। ਚੋਰਾਂ ਨੇ ਸ਼ਟਰ ਦੇ ਵਿਚਕਾਰਲੇ ਹੈਂਡਲਾਂ ਨੂੰ ਬਾਹਰ ਗਲੀ ਵੱਲ ਖਿੱਚਿਆ ਤਾਂ ਦੋਵਾਂ ਸਾਈਡਾਂ ’ਤੇ ਚੈਨਲਾਂ ’ਚ ਫਸੇ ਕੁੰਡੇ ਬਾਹਰ ਨਿੱਕਲ ਆਏ ਅਤੇ ਉਹ ਸ਼ਟਰ ਚੁੱਕ ਕੇ ਦੁਕਾਨ ਵਿਚ ਦਾਖ਼ਲ ਹੋ ਗਏ। ਚੋਰ ਜਾਂਦੇ ਹੋਏ ਚੋਰੀ ਕੀਤੇ ਦੋ ਬੈਗਾਂ ’ਚੋਂ ਇਕ ਅਤੇ ਕੁਝ ਕੁ ਦਸਤਾਵੇਜ਼ ਜੈਤੋ-ਬਾਜਾਖਾਨਾ ਰੋਡ ’ਤੇ ਸਥਿਤ ਹਿੰਮਤ ਪੈਲੇਸ ਨੇੜੇ ਸੁੱਟ ਗਏ।

Previous articleਪਿੰਡਾਂ ਵਿੱਚ ਸੀਏਏ ਦੇ ਖ਼ਿਲਾਫ਼ ਰੈਲੀਆਂ
Next articleਪ੍ਰਧਾਨ ਮੰਤਰੀ ਦਾ ਭਾਸ਼ਣ, ‘ਸਟੈਂਡ ਅੱਪ ਕਾਮੇਡੀ’ ਅਤੇ ‘ਫਿਰਕੂ ਸਫਬੰਦੀ’ ਵਿਚਾਲੇ ਘੁੰਮਦਾ ਰਿਹਾ: ਕਾਂਗਰਸ