ਪਵਨ ਬਾਂਸਲ ਨੇ ਹਰਮੋਹਨ ਧਵਨ ਦੇ ਝਾੜੂ ਦਾ ਤੀਲਾ-ਤੀਲਾ ਖਿੰਡਾਇਆ

ਚੰਡੀਗੜ੍ਹ ਕਾਂਗਰਸ ਵੱਲੋਂ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ (ਬਸਪਾ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੰਨ੍ਹ ਲਾਉਣ ਮਗਰੋਂ ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਝਾੜੂ ਨੂੰ ਵੀ ਤੀਲਾ-ਤੀਲਾ ਕਰਨ ਦਾ ਯਤਨ ਕੀਤਾ ਹੈ। ਇਥੇ ਚੰਡੀਗੜ੍ਹ ਕਾਂਗਰਸ ਭਵਨ ’ਚ ਹੋਏ ਇਕ ਇਕੱਠ ਦੌਰਾਨ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ‘ਆਪ’ ਚੰਡੀਗੜ੍ਹ ਦੇ ਕਈ ਬਾਨੀ ਅਗੂਆਂ ਨੂੰ ਕਾਂਗਰਸ ’ਚ ਸ਼ਾਮਲ ਕਰਕੇ ‘ਆਪ’ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਝਟਕਾ ਦਿੱਤਾ ਹੈ। ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ’ਚ ‘ਆਪ’ ਚੰਡੀਗੜ੍ਹ ਦੇ ਜਨਰਲ ਸਕੱਤਰ ਤੇ ਪ੍ਰਚਾਰ ਕਮੇਟੀ ਦੇ ਮੈਂਬਰ ਐਨਐਸ ਧਾਲੀਵਾਲ, ਨੈਸ਼ਨਲ ਸ਼ੋਸਲ ਮੀਡੀਆ ਟੀਮ ਦੀ ਮੈਂਬਰ ਰੋਜੀਲੀਨ ਕੌਰ, ਜੁਆਇੰਟ ਸਕੱਤਰ ਕਲਾਨਾ ਦਾਸ, ਚੰਡੀਗੜ੍ਹ ਦੱਖਣੀ ਖੇਤਰ ਦੇ ਯੂਥ ਵਿੰਗ ਦੇ ਪ੍ਰਧਾਨ ਅੰਕਿਤ, ਵਾਰਡ ਨੰ. 22 ਦੀ ਵਿਮੈਨ ਵਿੰਗ ਦੀ ਪ੍ਰਧਾਨ ਆਇਸ਼ਾ ਪ੍ਰਵੀਨ, ਕਾਰਜਕਾਰੀ ਮੈਂਬਰ ਗੁਰਦੀਪ ਸਿੰਘ ਸੈਣੀ ਆਦਿ ਸ਼ਾਮਲ ਸਨ। ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਏ ਸ੍ਰੀ ਧਾਲੀਵਾਲ ਨੇ ਕਿਹਾ ਕਿ ਚੰਡੀਗੜ੍ਹ ਤੋਂ ‘ਆਪ’ ਦੇ ਉਮੀਦਵਾਰ ਹਰਮੋਹਨ ਧਵਨ ਪਾਰਟੀ ਦੀਆਂ ਨੀਤੀਆਂ ਵਿਰੁੱਧ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਿਰਜਣਾ ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ ਹੋਈ ਸੀ ਪਰ ਹੁਣ ਇਹ ਪਾਰਟੀ ਭਟਕ ਗਈ ਹੈ। ਉਨ੍ਹਾਂ ‘ਆਪ’ ਦੀ ਹਾਈਕਮਾਂਡ ਨੂੰ ਸ੍ਰੀ ਟੰਡਨ ਦੀਆਂ ਗਲਤ ਨੀਤੀਆਂ ਦੀ ਜਾਣਕਾਰੀ ਦਿੱਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਕਾਂਗਰਸ ’ਚ ਸ਼ਾਮਲ ਹੋਏ ਹਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹ 5 ਸਾਲਾਂ ਤੋਂ ਪਾਰਟੀ ਨਾਲ ਜੁੜਿਆ ਸੀ ਤੇ ਹੁਣ ਉਹ ਮਹਿਸੂਸ ਕਰਦੇ ਹਨ ਕਿ ਦੇਸ਼ ’ਚ ਕਾਂਗਰਸ ਤੇ ਚੰਡੀਗੜ੍ਹ ’ਚ ਸ੍ਰੀ ਬਾਂਸਲ ਵਿਕਾਸ ਕਰਵਾਉਣ ਦੇ ਸਮਰੱਥ ਹਨ। ਇਸ ਮੌਕੇ ‘ਆਪ’ ਦੇ ਆਗੂਆਂ ਨੂੰ ਕਾਂਗਰਸ ’ਚ ਸ਼ਾਮਲ ਕਰਦਿਆਂ ਬਾਂਸਲ ਨੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਚੰਡੀਗੜ੍ਹ ਦਾ ਵਿਕਾਸ ਕਰਨ ’ਚ ਫੇਲ੍ਹ ਰਹੀ ਹੈ ਤੇ ਉਹ ਲੋਕਾਂ ’ਚ ਆਪਣਾ ਵਿਸਵਾਸ਼ ਗੁਵਾ ਚੁੱਕੀ ਹੈ। ਦੂਸਰੇ ਪਾਸੇ ਟਿਕਟ ਦੇ ਦਾਅਵੇਦਾਰ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਪਿਛਲੇ 5 ਸਾਲਾਂ ਦੌਰਾਨ ਯੂਟੀ ਦੇ ਅਫਸਰਾਂ ਨੂੰ ਆਪਣੇ ਘਰ ਤਲਬ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਟੰਡਨ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰਾਹੀਂ ਇਥੋਂ ਦੇ ਅਧਿਕਾਰੀਆਂ ’ਤੇ ਦਬਾ ਪਾ ਕੇ ਉਨ੍ਹਾਂ ਦੀਆਂ ਕਲਾਸਾਂ ਲਾਉਂਦੇ ਰਹੇ ਹਨ ਪਰ ਉਹ ਵਿਕਾਸ ਦਾ ਕੋਈ ਕੰਮ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ‘ਆਪ’ ’ਚ ਕਈ ਭੈੜਾਂ ਹਨ ਪਰ ਇਕ ਗੱਲ ਚੰਗੀ ਹੋਈ ਹੈ ਕਿ ‘ਆਪ’ ਦੇ ਉਭਾਰ ਨਾਲ ਸਿਆਸਤ ’ਚ ਹੁਣ ਉਸਾਰੂ ਸੋਚ ਵਾਲੇ ਲੋਕ ਵੀ ਆਉਣ ਤੋਂ ਝਿਜਕ ਨਹੀਂ ਦਿਖਾਉਂਦੇ। ਪਾਰਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਚ ਦੇਸ਼ ’ਚ ਬਦਲਾਅ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਸੇ ਬਦਲਾਅ ਸਦਕਾ ਅੱਜ ‘ਆਪ’ ਦੇ ਆਗੂ ਸ੍ਰੀ ਧਾਲੀਵਾਲ ਸਣੇ ਕਈ ਹੋਰ ਨੇਤਾ ਸ਼ਾਮਲ ਹੋਏ ਹਨ।

Previous articleਮੀਰਵਾਇਜ਼ ਦਹਿਸ਼ਤ ਫੰਡਿੰਗ ਕੇਸ ’ਚ ਐਨਆਈਏ ਮੂਹਰੇ ਪੇਸ਼
Next articleਧਾਗਾ ਫੈਕਟਰੀ ’ਚ ਅੱਗ ਲੱਗੀ; ਲੱਖਾਂ ਦਾ ਨੁਕਸਾਨ