“ਪਲ -ਪਲ ਸਹਿਕਦੇ ਰਿਸ਼ਤੇ….”

ਅੰਮ੍ਰਿਤਪਾਲ ਕਲੇਰ

ਸਮਾਜ ਵੀਕਲੀ

ਮੇਰੇ ਪਾਪਾ ਸਾਨੂੰ ਅਕਸਰ ਹੀ ਆਪਣੇ ਬਚਪਨ ਦੀਆਂ ਗੱਲਾਂ ਸੁਣਾਇਆ ਕਰਦੇ ਸਨ । ਇੱਕ ਵਾਰ ਪਾਪਾ ਨੇ ਦੱਸਿਆ ਕਿ ਉਹਨਾਂ ਨੂੰ ਪੰਜਵੀਂ ਜਮਾਤ ਵਿੱਚ ਪੰਜਾਬੀ ਦੀ ਕਿਤਾਬ ਵਿੱਚ ਇੱਕ ਕਹਾਣੀ ਹੋਇਆ ਕਰਦੀ ਸੀ “ਮਾਂ” ਉਸਦੀ ਪਹਿਲੀ ਸਤਰ ਸੀ ਕਿ ‘ਮਾਂ ਦੇ ਪਿਆਰ ਦਾ ਸਾਨੂੰ ਉਦੋਂ ਪਤਾ ਲੱਗਦਾ ਹੈ , ਜਦੋਂ ਮਾਂ ਸਾਡੇ ਤੋਂ ਹਮੇਸ਼ਾਂ ਲਈ ਖੁੱਸ ਜਾਂਦੀ ਹੈ’। ਪਾਪਾ ਕਹਿੰਦੇ ਕਿ ਇਹ ਲਾਈਨ ਪੜ੍ਹ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਛਾਹ ਗਿਆ ।

ਮੈਂ ਸਾਰੀ ਛੁੱਟੀ ਹੋਈ ਤਾਂ ਬੋਰੀ ਦਾ ਬਸਤਾ ਚੁੱਕ ਕੇ ਜ਼ੋਰ ਦੀ ਘਰ ਭੱਜਾ ਆਇਆ ਤੇ ਮਾਂ ਨੂੰ ਦੇਖ ਕੇ ਚੁੰਬੜ ਗਿਆ । ਮਾਂ ਨੇ ਮੇਰਾ ਮੱਥਾ ਚੁੰਮਿਆ ਤੇ ਕਿਹਾ ਕਿ “ਭੂਰਿਆ ਕੀ ਹੋ ਗਿਆ ?ਅੱਜ ਤੈਨੂੰ ,ਕਿਸੇ ਨੇ ਕੁੱਝ ਕਿਹਾ ਤਾਂ ਨਹੀਂ ? ਜਵਾਕਾਂ ਨਾਲ਼ ਲੜ ਕੇ ਤਾਂ ਨਹੀਂ ਆਇਆ? ਕਿਸੇ ਨੇ ਮਾਰਿਆ ਤਾਂ ਨਹੀਂ ? “ਮੈਂ ਕਿਹਾ ਕਿ ਨਹੀਂ ਮਾਂ , ਤੇ ਮੇਰੇ ਰੋਕਦੇ ਰੋਕਦੇ ਦੋ ਮੋਟੇ ਹੰਝੂ ਮਾਂ ਦੇ ਕਮੀਜ਼ ਉੱਤੇ ਮੱਲੋ ਮੱਲੀ ਡਿੱਗ ਪਏ । ਮਾਂ ਨੇ ਮੈਨੂੰ ਫਿਰ ਬੁੱਕਲ ਵਿੱਚ ਲਿਆ ਤੇ ਕਿੰਨਾ ਚਿਰ ਮੇਰਾ ਮੱਥਾ ਚੁੰਮਦੀ ਰਹੀ ।

ਮੈਨੂੰ ਹੁਣ ਤੱਕ ਯਾਦ ਹੈ ਕਿ ਜਦੋਂ ਦਾਦੀ ਚੱਲ ਵਸੀ ਸੀ ਤਾਂ ਪਾਪਾ ਬਹੁਤ ਬਹੁਤ ਰੋਏ ਸੀ । ਦੋ ਸਾਲਾਂ ਤੱਕ ਪਾਪਾ ਚੋਰੀ ਛੁਪੇ ਦਾਦੀ ਦੇ ਸਿਵੇ ‘ਤੇ ਜਾ ਕੇ ਰੋਂਦੇ ਰਹੇ , ਤੇ ਫਿਰ ਕੋਈ ਨਾ ਕੋਈ ਉਹਨਾਂ ਨੂੰ ਸਿਵਿਆਂ ‘ਚੋਂ ਘਰ ਛੱਡ ਜਾਂਦਾ। ਪਾਪਾ ਦਾ ਖੂਨ ਵੀ ਕਾਫ਼ੀ ਘਟ ਗਿਆ ਸੀ । ਫਿਰ ਪਾਪਾ ਸਾਲ ਭਰ ਹੋਮਿਓਪੈਥੀ ਦੀ ਦਵਾਈ ਖਾਂਦੇ ਰਹੇ ਅਤੇ ਹੌਲ਼ੀ ਹੌਲ਼ੀ ਜਾ ਕੇ ਕਿਤੇ ਕਈ ਸਾਲਾਂ ‘ਚ ਮਾਂ ਦੇ ਜਾਣ ਦਾ ਸਦਮਾ ਪਾਪਾ ਦੇ ਮਨ ‘ਚੋਂ ਧੁੰਦਲਾ ਪਿਆ ।

ਜਨਵਰੀ ਮਹੀਨੇ ਦੇ ਅੱਧ ਵਿੱਚ ਲਾਕਡਾਊਨ ਤੋਂ ਬਾਅਦ ਸਕੂਲ ਮਸਾ ਹੀ ਕਿਸ਼ਤਾਂ ਵਿੱਚ ਖੁੱਲ੍ਹ ਰਹੇ ਸਨ। ਸਵੇਰ ਦੀ ਸਭਾ ਦੀ ਘੰਟੀ ਨੇ ਸਕੂਲ ਵਿੱਚ ਚਹਿਕਦੇ ਫਿਰਦੇ ਬੱਚਿਆਂ ਨੂੰ ਸਟੇਜ ਅੱਗੇ ਲਿਆ ਖੜ੍ਹਾ ਕਰ ਦਿੱਤਾ । ਡਰੰਮ ਦੀ ਪਹਿਲੀ ਬੀਟ ਨੇ ਬੱਚਿਆਂ ਦੀਆਂ ਕਤਾਰਾਂ (ਲਾਈਨਾਂ) ਸਿੱਧੀਆਂ ਕਰਾ ਦਿੱਤੀਆਂ ।ਸਵੇਰ ਦੀ ਸਭਾ ਸਮਾਪਤ ਹੋਈ । ਸਾਰੇ ਅਧਿਆਪਕ ਆਪੋ ਆਪਣੀਆਂ ਜਮਾਤਾਂ ਵਿੱਚ ਜਾਣ ਹੀ ਲੱਗੇ ਸਨ । ਵਿਜੇ ਸਰ ਕੱਲ੍ਹ ਛੁੱਟੀ ਉੱਤੇ ਹੋਣ ਕਰਕੇ ਅਸੀਂ ਦੋ ਤਿੰਨ ਜਣੇ ਉਹਨਾਂ ਕੋਲ਼ ਖੜ੍ਹ ਗਏ ਤੇ ਪੁੱਛਣ ਲੱਗੇ ਕਿ “ਸਰ ਤੁਸੀਂ ਕੱਲ੍ਹ ਕਿੳਂ ਨਹੀਂ ਸੀ ਆਏ?

ਵੀਰ ਜੀ ਨੇ ਕਿਤੇ ਰਿਸ਼ਤੇਦਾਰੀ ਵਿੱਚ ਜਾਣ ਦਾ ਕਾਰਨ ਦੱਸਿਆ। ਹੁੰਦੀ ਹੁੰਦੀ ਗੱਲ ਰਿਸ਼ਤਿਆਂ ਦੀਆਂ ਪੀਡੀਆਂ ਵਿੱਚ ਉਲਝ ਗਈ । ਵੀਰ ਨੇ ਕਿਹਾ ਕਿ ਫਿਰ ਸਾਨੂੰ ਛੇਤੀ ਮੁੜਨਾ ਪਿਆ । ਸਕੂਲੋਂ ਘਰੇ ਬੱਚਿਆਂ ਨੇ ਆਉਣਾ ਸੀ । ਕੋਲ਼ ਹੀ ਖੜੇ ਦੂਜੇ ਅਧਿਆਪਕ ਨੇ ਕਿਹਾ ਕਿ ਘਰ ਮਾਂ ਹੋਵੇਗੀ। ਬੱਚਿਆਂ ਨੂੰ ਉਹ ਸੰਭਾਲ ਲੈਂਦੀ ਹੋਵੇਗੀ । ਵੱਸ ਐਨਾ ਕੁ ਕਹਿਣ ਦੀ ਦੇਰ ਹੀ ਸੀ ਕਿ ਵਿਜੇ ਵੀਰ ਜੀ ਦੀਆਂ ਅੱਖਾਂ ਗਹਿਰੀਆਂ ਹੋ ਗਈਆਂ , ਸ਼ਬਦ ਗਲ਼ੇ ‘ਚ ਹੀ ਅਟਕ ਗਏ । ਉਹਨਾਂ ਦੀ ਅਵਾਜ਼ ਕੰਬ ਗਈ ਅਤੇ ਮਸਾ ਹੀ ਬੋਲੇ ਕਿ ਜੀ ੳਹ ਸਾਡੇ ਕੋਲ਼ ਨਹੀਂ ਰਹਿੰਦੇ । ਮੇਰੀ ਉਤਸੁਕਤਾ ਹੋਰ ਵਧ ਗਈ ਕਿ ਕੱਲਾ -ਕੱਲਾ ਮੁੰਡਾ ਹੈ , ਦੋਨੋਂ ਜਣੇ ਚੰਗੀ ਸੋਹਣੀ ਸਰਕਾਰੀ ਨੌਕਰੀ ਕਰਦੇ ਨੇ , ਦੋ ਬੱਚੇ ਨੇ ,ਮਾਂ ਫਿਰ ਨਾਲ਼ ਨਹੀਂ ਰਹਿੰਦੀ ।

ਮੇਰੇ ਤੋਂ ਪਹਿਲਾਂ ਹੀ ਕਿਸੇ ਹੋਰ ਅਧਿਆਪਕ ਨੇ ਕਿਹਾ ਕਿ “ ਸਰ ਮਾਂ ਫਿਰ ਕੁੜੀਆਂ ਕੋਲ਼ ਰਹਿੰਦੇ ਨੇ । ਵੀਰ ਨੇ ਆਪਣੇ ਆਪ ਨੂੰ ਇਕੱਠਾ ਕੀਤਾ ਤੇ ਮਸਾ ਹੀ ਬੋਲ ਪਾਏ ਕਿ ਜੀ ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਰਹਿੰਦੇ ਨੇ। ਮੇਰੇ ਮੂੰਹੋਂ ਸੁਤੇ ਸਿੱਧ ਹੀ ਨਿਕਲ ਗਿਆ ਕਿ “ਕਿਉਂ ਵੀਰ ਤੁਹਾਨੂੰ ਨਹੀਂ ਪਤਾ? “ ਕਹਿੰਦੇ ਕਿ “ਸਾਡੇ ਨਾਲ਼ ਤੇ ਬਹੁਤ ਸਾਲ ਹੋ ਗਏ ਬੋਲਦੇ ਹੀ ਨਹੀ , ਕਦੇ ਜ਼ੁਬਾਨ ਵੀ ਸਾਂਝੀ ਨਹੀਂ ਹੋਈ , ਤੇ ਨਾ ਹੀ ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਉਹ ਕਿੱਥੇ ਰਹਿੰਦੇ ਨੇ “।ਮੈਂ ਕਹਿ ਬੈਠੀ “ਵੀਰ ਤੁਹਾਡੇ ਕਿੰਨੀਆਂ ਭੈਣਾਂ ਨੇ?”
“ਦੋ”।

“ਬਸ ਫਿਰ ਕੁੜੀਆਂ ਕੋਲ਼ ਰਹਿੰਦੇ ਹੋਣਗੇ।”

“ਹਾਂ ਜੀ , ਜਦੋਂ ਐਥੇ ਆਉਂਦੇ ਨੇ , ਨਾ ਹੀ ਸਾਨੂੰ ਬੁਲਾਉਂਦੇ ਨੇ ਤੇ ਨਾ ਹੀ ਬੱਚਿਆਂ ਨੂੰ । ਬਸ ਬੈਂਕ ‘ਚੋਂ ਪੈੱਨਸ਼ਨ ਲੈ ਕੇ ਚਲੇ ਜਾਂਦੇ ਨੇ । “
ਬਸ ਫਿਰ ਕੀ ਸੀ ਵਿਜੇ ਵੀਰ ਦੀਆਂ ਮਨ ਦੀਆਂ ਪੀਡੀਆਂ ਹੋਈਆਂ ਗੰਢਾਂ ਹੌਲ਼ੀ ਹੌਲ਼ੀ ਪੋਲੀਆਂ ਹੋਣ ਲੱਗੀਆਂ ।

“ਅਸੀਂ ਤੇ ਜੀ ਪਹਿਲਾਂ ਬਹੁਤ ਸੰਤਾਪ ਹੰਢਾਅ ਚੁੱਕੇ ਹਾਂ , ਤੇ ਹੁਣ ਵੀ ਕਿਤੇ ਨਾ ਕਿਤੇ ਮਾਨਸਿਕ ਪੀੜਾ ਸਹਿ ਰਹੇ
ਹਾਂ । ਮੇਰੇ ਪਾਪਾ ਚੰਗੀ ਨੌਕਰੀ ਕਰਦੇ ਸੀ । ਉਹਨਾਂ ਦੀ ਰੀਟਾਇਰਮੈਂਟ ਤੋਂ ਬਾਅਦ ਜਦੋਂ ਉਹ ਬਹੁਤਾ ਸਮਾਂ ਘਰ ਰਹਿਣ ਲੱਗੇ , ਘਰ ਦੇ ਹਲਾਤ ਭਾਂਪਣ ਲੱਗੇ ਤਾਂ ਦੁਰ ਸੁਰ ਹੁੰਦਾ ਦੇਖ ਕੇ ਬਹੁਤ ਸ਼ਰਾਬ ਪੀਣ ਦੇ ਆਦੀ ਹੋ ਗਏ। ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ,ਪਰ ਮੇਰੀ ਮਾਂ ਮੇਰੀਆਂ ਭੈਣਾਂ ਮਗਰ ਲੱਗਦੀ ਸੀ । ਐਵੇਂ ਹੀ ਪਾਪਾ ਨੂੰ ਅੱਡ ਹੋਣ ਬਾਰੇ ਕਹਿੰਦੀ ਰਹਿੰਦੀ । ਭੈਣਾਂ ‘ਚੋਂ ਇੱਕ ਵਿਆਹੀ ਹੋਈ ਸੀ ‘ਤੇ ਦੂਜੀ ਕੁਆਰੀ ਸੀ । ਵਿਆਹੀ ਵੀ ਕਾਹਦੀ ਸੀ ਤੀਜੇ ਦਿਨ ਆ ਧਮਕਦੀ ਸੀ ।

ਸਾਰਾ ਦਿਨ ਇਨਸਾਨੀਅਤ ਤੋਂ ਨੀਚੇ ਡਿੱਗ ਕੇ ਗੱਲਾਂ ਕਰਦੀਆਂ ਰਹਿੰਦੀਆਂ । ਮੇਰੀ ਵਾਈਫ ਨਾਲ਼ ਸਾਰਾ ਦਿਨ ਕਲੇਸ਼ ਹੁੰਦਾ ।ਕਦੇ ਉਹਦੇ ਸੂਟ ਚੋਰੀ ਹੋ ਜਾਣੇ ਤੇ ਕਦੇ ਹੋਰ ਚੀਜ਼ਾਂ । ਅਜੇ ਸਾਡੇ ਵਿਆਹ ਨੂੰ ਮਸਾ ਹੀ ਦੋ ਮਹੀਨੇ ਹੋਏ ਸੀ ਕਿ ਭੈਣਾਂ ਨੇ ਉਹਦੀਆਂ ਟੂੰਮਾਂ ਚੋਰੀ ਕਰ ਲਈਆਂ । ਪਿੱਛੋਂ ਕਹਿੰਦੀਆਂ ਕਿ ਇਹ ਆਵਦੇ ਪੇਕਿਆਂ ਨੂੰ ਫੜਾ ਆਈ । ਬਸ ਜੀ ਮੇਰੇ ਪਾਪਾ ਇਹਨਾਂ ਦੇ ਕਲੇਸ਼ ਨੇ ਹੀ ਲੈ ਲਏ ।ਉਹ ਕਿਹੜਾ ਅਜੇ ਜਾਣ ਵਾਲੇ ਸੀ । ਉਹਨਾਂ ਦੇ ਜਾਣ ਪਿੱਛੋਂ ਅਸੀਂ ਘਰ ਛੱਡ ਕਿਰਾਏ ਉੱਤੇ ਰਹਿਣ ਲੱਗ ਪਏ “।

ਮੈਂ ਵਿੱਚੋਂ ਟੋਕ ਕੇ ਕਿਹਾ “ਵੀਰ ਪੁੱਤ ਕਪੁੱਤ ਹੁੰਦੇ ਤਾਂ ਸੁਣੇ ਨੇ , ਪਰ ਮਾਪੇ ਕੁਮਾਪੇ ਹੁੰਦੇ ਤਾਂ ਨਹੀਂ ਸੁਣੇ । ਮਾਂ ਤੇ ਆਪਣੇ ਪੁੱਤ ਨੂੰ ਦੇਖ ਦੇਖ ਜਿਉਂਦੀ ਆ । ਤੁਹਾਨੂੰ ਕਦੇ ਮਾਂ ਦੀ ਯਾਦ ਨਹੀਂ ਆਈ ? ਕਿ ਮਾਂ ਮੈਨੂੰ ਵੀ ਲਾਡ ਪਿਆਰ ਕਰੇ ।”

ਵਿਜੇ ਵੀਰ ਤੋਂ ਬੋਲਿਆ ਨਾ ਗਿਆ, ਦੋ ਕੁ ਮਿੰਟ ਰੁਕ ਕੇ ਆਪਣੇ ਜਮਾਤ ਦੇ ਕਮਰੇ ਵੱਲ ਨੂੰ ਹੋ ਤੁਰੇ । ਅਸੀਂ ਉੱਥੇ ਹੀ ਖੜ੍ਹੇ ਉਹਨਾਂ ਵੱਲ ਵੇਖਦੇ ਰਹੇ। ਕਿਸੇ ਹਿੰਦੀ ਦੇ ਸ਼ਾਇਰ ਦੀਆਂ ਲਿਖੀਆਂ ਲਾਈਨਾਂ ਮੈਨੂੰ ਝੱਟ ਚੇਤੇ ਆ ਗਈਆਂ …

“ਅਬ ਨਾ ਕੋਈ ਸ਼ਿਕਵਾ, ਨਾ ਗਿਲਾ, ਨਾ ਮਲਾਲ ਰਹਾ,
ਸਿਤਮ ਤੇਰੇ ਭੀ ਬੇਹਿਸਾਬ ਹੈਂ, ਸਬਰ ਮੇਰਾ ਭੀ ਕਮਾਲ ਰਹਾ।”

ਅੰਮ੍ਰਿਤਪਾਲ ਕਲੇਰ (ਚੀਦਾ), ਮੋਗਾ
ਮੋਬ. 99157 80980

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢਾਹ ਦਿਓ ਮੇਰੀ ਸਿਰਜਨਾ ਨੂੰ – ਕਾਰਲ ਮਾਰਕਸ
Next articleਵਾਅਦੇ