ਪਲਾਸਟਿਕ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅੱਗ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜਵੀਕਲੀ) :   ਇੱਥੋਂ ਦੇ ਸਨਅਤੀ ਏਰੀਆ ਫੇਜ਼-9 ਸਥਿਤ ਪਲਾਸਟਿਕ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਜ ਦੇਰ ਸ਼ਾਮ ਅੱਗ ਲੱਗ ਗਈ। ਇਸ ਕਾਰਨ ਫੈਕਟਰੀ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਫੈਕਟਰੀ ਮਾਲਕ ਪਾਰਸ ਸ਼ਾਹ ਮੁਤਾਬਕ ਅੱਗ ਲੱਗਣ ਨਾਲ ਉਸ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਸ਼ਾਟ ਸਰਕਟ ਕਾਰਨ ਲੱਗੀ ਜਾਪਦੀ ਹੈ। ਇਸੇ ਦੌਰਾਨ ਫੈਕਟਰੀ ਬੰਦ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਪੁਲੀਸ ਅਨੁਸਾਰ ਅੱਜ ਦਿਨ ਵਿੱਚ ਫੈਕਟਰੀ ਖੁੱਲ੍ਹੀ ਸੀ ਪਰ ਪ੍ਰਬੰਧਕ ਸ਼ਾਮ ਨੂੰ ਦਫ਼ਤਰ ਬੰਦ ਕਰਕੇ ਸੈਕਟਰ-48 ਸਥਿਤ ਆਪਣੇ ਘਰ ਚਲੇ ਗਏ ਸਨ। ਪਿੱਛੋਂ ਦੇਰ ਸ਼ਾਮ ਨੂੰ ਗੁਆਂਢੀ ਫੈਕਟਰੀ ਵਾਲਿਆਂ ਨੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਅਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ।

ਇਸੇ ਦੌਰਾਨ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਤੋਂ ਫਾਇਰ ਅਫ਼ਸਰ ਕਰਮ ਚੰਦ ਸੂਦ ਵੀ ਫਾਇਰ ਟੈਂਡਰਾਂ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਅੱਠ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਥਾਣਾ ਫੇਜ਼-11 ਦੇ ਏਐੱਸਆਈ ਗੁਰਨਾਮ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ। ਸ੍ਰੀ ਸੂਦ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਫਿਲਿਪਸ ਅਤੇ ਸਵਰਾਜ ਇੰਜਨ ਤੋਂ ਕਾਫੀ ਮਦਦ ਮਿਲੀ।

ਅੱਗ ’ਤੇ ਕਾਬੂ ਪਾਉਣ ਲਈ ਇਨ੍ਹਾਂ ਅਦਾਰਿਆਂ ’ਚੋਂ ਪਾਣੀ ਦੇ ਟੈਂਡਰ ਭਰੇ ਗਏ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਅੱਗ ਪਹਿਲੀ ਮੰਜ਼ਿਲ ’ਤੇ ਲੱਗੀ ਸੀ ਅਤੇ ਮੁੱਢਲੀ ਜਾਂਚ ਵਿੱਚ ਅੱਗ ਸ਼ਾਟ ਸਰਕਟ ਕਾਰਨ ਲੱਗੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਅੱਧੇ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਸੀ ਪਰ ਪੂਰੀ ਤਰ੍ਹਾਂ ਅੱਗ ਬੁਝਾਉਣ ਲਈ ਦੋ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਦੇਰ ਸ਼ਾਮ ਤੱਕ ਪਲਾਸਟਿਕ ਦੇ ਸਾਮਾਨ ’ਚੋਂ ਧੂੰਆਂ ਉੱਠ ਰਿਹਾ ਸੀ।

Previous articleਗਾਰਬੇਜ ਪਲਾਂਟ ਦੇ ਭਵਿੱਖੀ ਪ੍ਰਬੰਧਨ ’ਤੇ ਲੱਗਿਆ ਸਵਾਲੀਆ ਨਿਸ਼ਾਨ
Next articleIn covid shadow, B’luru planetarium to webcast solar eclipse live