ਪਰਾਲੀ ਮਾਮਲਾ: ਕਿਸਾਨ ਆਗੂਆਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ

ਜੈਤੋ- ਪਰਾਲੀ ਮਾਮਲਿਆਂ ਦੇ ਨਿਪਟਾਰੇ ਦੀ ਮੰਗ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਅੱਜ ਇੱਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਨੇੜੇ ਹੀ ਐੱਸਡੀਐੱਮ ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਭ ਰਾਜ ਰਾਹੀਂ ਕਿਸਾਨ ਆਗੂਆਂ ਦੀ ਤਿੰਨ ਵਾਰ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਗੱਲਬਾਤ ਹੋਈ। ਸ਼ਾਮ ਨੂੰ ਕਰੀਬ ਸੱਤ ਵਜੇ ਗੱਲਬਾਤ ਦਾ ਆਖਰੀ ਦੌਰ ਵੀ ਜਦੋਂ ਕਿਸੇ ਫ਼ੈਸਲਾਕੁਨ ਸਿੱਟੇ ’ਤੇ ਨਾ ਅੱਪੜਿਆ ਤਾਂ 50 ਕਿਸਾਨ ਆਗੂਆਂ ਵੱਲੋਂ ਰੋਸ ਵਜੋਂ ਗ੍ਰਿਫ਼ਤਾਰੀ ਦਿੱਤੀ ਗਈ।
ਰੋਸ ਰੈਲੀ ਦੌਰਾਨ ਆਗੂਆਂ ਪਰਾਲੀ ਸਾੜਨ ਵਾਲੇ ਕਾਸ਼ਤਕਾਰਾਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਨ, ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਜਿਣਸ ’ਤੇ 200 ਰੁਪਏ ਪ੍ਰਤੀ ਕੁਇੰਟਲ ਰਾਹਤ ਰਾਸ਼ੀ ਦੇਣ, ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੁਰਮਾਨ ਵਸੂਲੀ ਰੋਕਣ, ਮਾਲ ਵਿਭਾਗ ਵੱਲੋਂ ਜ਼ਮੀਨਾਂ ਦੇ ਖਾਤਿਆਂ ’ਤੇ ਕੀਤੀ ਰੈੱਡ ਐਂਟਰੀ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਰੈਲੀ ਦੌਰਾਨ ਕਿਸਾਨਾਂ ਦੇ ਵਫ਼ਦ ਦੀ ਕਰੀਬ 2:30 ਵਜੇ ਸ਼ੁਰੂ ਹੋਈ ਡੀ.ਸੀ. ਨਾਲ ਹੋਈ ਗੱਲਬਾਤ ਵਿਚਾਲਿਓਂ ਟੁੱਟ ਗਈ ਅਤੇ ਲੱਗਪਗ 4 ਵਜੇ ਕਿਸਾਨਾਂ ਨੇ ਰੇਲਵੇ ਟਰੈਕ ਰੋਕਣ ਲਈ ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫਾਟਕ ਵੱਲ ਕੂਚ ਕਰ ਦਿੱਤਾ। ਪੁਲੀਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਫਾਟਕ ਨੇੜੇ ਚੌਕ ਵਿੱਚ ਧਰਨਾ ਲਾ ਕੇ ਬੈਠ ਗਏ। ਦੋਵਾਂ ਧਿਰਾਂ ਵਿਚਾਲੇ ਦੀ ਫਿਰ ਗੱਲਬਾਤ ਹੋਈ ਪਹਿਲਾਂ 5:30 ਵਜੇ ਤੇ ਪੰਦਰਾਂ ਮਿੰਟਾਂ ਦੇ ਵਕਫ਼ੇ ਨਾਲ ਤੀਜੀ ਵਾਰ ਹੋਈ ਗੱਲਬਾਤ ਬਿਨਾਂ ਨਤੀਜਾ ਸੱਤ ਵਜੇ ਖਤਮ ਹੋ ਗਈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਖ਼ੁਦ ਨੂੰ ਪ੍ਰਸ਼ਾਸਨ ਅੱਗੇ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤਾ, ਜਿਸ ’ਤੇ ਅੰਦਾਜ਼ਨ 50 ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਗਿਆ।

Previous articleਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰੰਥੀ ਗ੍ਰਿਫ਼ਤਾਰ
Next articleਤੀਰਅੰਦਾਜ਼ੀ: ਦੀਪਿਕਾ ਤੇ ਅੰਕਿਤਾ ਦਾ ਓਲੰਪਿਕ ਕੋਟਾ ਪੱਕਾ