ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਵੀ ਕੇਸ ਦਰਜ

ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਅਜਿਹੇ ਕਿਸਾਨਾਂ ਖ਼ਿਲਾਫ਼ ਵੀ ਪਰਾਲੀ ਸਾੜਨ ਦੇ ਮਾਮਲੇ ਦਰਜ ਕਰ ਦਿੱਤੇ ਗਏ ਹਨ ਜਿਨ੍ਹਾਂ ਨੇ ਇਸ ਸੀਜ਼ਨ ਝੋਨਾ ਬੀਜਿਆ ਹੀ ਨਹੀਂ।
ਜ਼ਿਲ੍ਹੇ ਭਰ ਵਿੱਚ 80 ਫ਼ੀਸਦੀ ਤੋਂ ਵੱਧ ਪਰਾਲੀ ਸਾੜਨ ਮਗਰੋਂ ਹਰਕਤ ‘ਚ ਆਏ ਪ੍ਰਸ਼ਾਸਨ ਨੇ ਪਿੰਡ ਅਰਾਈਆਂ ਵਾਲਾ ਕਲਾਂ ਦੇ ਕਿਸਾਨ ਕਰਮ ਸਿੰਘ ਖਿਲਾਫ਼ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਕਰਮ ਸਿੰਘ ਨੇ ਝੋਨਾ ਬੀਜਿਆ ਹੀ ਨਹੀਂ ਅਤੇ ਜਿਸ ਖੇਤ ਵਿੱਚ ਝੋਨਾ ਬੀਜਿਆ ਦਿਖਾਇਆ ਗਿਆ ਹੈ, ਉੱਥੇ ਉਸ ਨੇ ਜਵਾਰ ਦੀ ਫਸਲ ਬੀਜੀ ਹੋਈ ਹੈ। ਇਸੇ ਤਰ੍ਹਾਂ ਪਿੰਡ ਕੰਮੇਆਣਾ ਦੇ ਕਿਸਾਨ ਸੁਖਰਾਜ ਸਿੰਘ ਖਿਲਾਫ਼ ਵੀ ਪਰਾਲੀ ਸਾੜਨ ਦਾ ਪਰਚਾ ਦਰਜ ਕੀਤਾ ਗਿਆ ਹੈ। ਪੀੜਤ ਕਿਸਾਨ ਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਦਿਖਾਏ। ਸੁਖਰਾਜ ਸਿੰਘ ਦੇ ਖੇਤਾਂ ਵਿੱਚ ਅਜੇ ਵੀ ਪਰਾਲੀ ਉਵੇਂ ਹੀ ਪਈ ਹੈ ਅਤੇ ਪਰਾਲੀ ਨੂੰ ਕੋਈ ਅੱਗ ਨਹੀਂ ਲੱਗੀ ਪਰ ਪ੍ਰਸ਼ਾਸਨ ਨੇ ਉਸ ਖਿਲਾਫ਼ ਪਰਾਲੀ ਸਾੜਨ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ।ਸੂਚਨਾ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ ਹੁਣ ਤੱਕ 62 ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 199 ਕਿਸਾਨਾਂ ਦੇ ਮਾਲ ਵਿਭਾਗ ਰਿਕਾਰਡ ਵਿੱਚ ਲਾਲ ਅੱਖਰਾਂ ਨਾਲ ਇੰਦਰਾਜ ਕੀਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਅਤੇ ਕਿਸਾਨ ਆਗੂ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਦਰਜਨ ਤੋਂ ਵੱਧ ਬੇਕਸੂਰ ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਕਿਸਾਨਾਂ ਖਿਲਾਫ਼ ਗਲਤ ਪਰਚੇ ਦਰਜ ਹੋਣ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੇ ਵੀ ਇੱਥੇ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਖਿਲਾਫ਼ ਧੱਕੇਸ਼ਾਹੀ ਨਹੀਂ ਵਰਤਣ ਦਿੱਤੀ ਜਾਵੇਗੀ।

Previous articleਗੁਰਦੁਆਰਾ ਬੇਰ ਸਾਹਿਬ ਵਿੱਚ ਅੱਜ ਨਤਮਸਤਕ ਹੋਣਗੇ ਸ਼ਾਹ
Next articleDr. B R Ambedkar Caravan marching globally