ਪਰਾਲੀ ਦੇ ਧੂੰਏਂ ਨੇ ਸੂਤੇ ਲੋਕਾਂ ਦੇ ਸਾਹ, ਸਰਕਾਰ ਐਸ.ਐਮ.ਐਸ ਮਸ਼ੀਨਾਂ ਉਪਲਬਧ ਕਰਵਾਏ – ਅਸ਼ੋਕ ਸੰਧੂ ਨੰਬਰਦਾਰ।

ਨੂਰਮਹਿਲ (ਹਰਜਿੰਦਰ ਛਾਬੜਾ)- ਪੰਜਾਬ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਖਰਚ ਕਰ ਰਹੀ ਹੈ। ਸ਼ਾਇਦ ਹੀ ਕੋਈ ਗਲੀ ,ਮੁਹੱਲਾ, ਸ਼ਹਿਰ, ਪਿੰਡ ਦਾ ਮੋੜ ਹੋਵੇ ਜਿੱਥੇ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਇਸ਼ਤਿਹਾਰ ਨਾ ਲੱਗੇ ਹੋਣ। ਪਰ ਇਸ ਦੇ ਉਲਟ ਕੋਈ ਕਰਮਾਂ ਭਾਗਾਂ ਵਾਲਾ ਖੇਤ ਹੋਵੇਗਾ ਜਿੱਥੇ ਪਰਾਲੀ ਨੂੰ ਅੱਗ ਨਾ ਲਗਾਈ ਗਈ ਹੋਵੇ। ਵਾਤਾਵਰਣ ਇੰਨਾ ਭਿਆਨਕ ਹੋ ਚੁੱਕਾ ਹੈ ਕਿ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਪੂਰੀ ਦੁਨੀਆਂ ਵਿੱਚ ਭਾਰਤ ਵਿੱਚ ਫੈਲੇ ਪ੍ਰਦੂਸ਼ਣ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਵਿਦੇਸ਼ੀ ਭਾਰਤ ਵਿੱਚ ਆਉਣ ਨੂੰ ਤਿਆਰ ਨਹੀਂ ਹਨ। ਭਾਰਤ ਦੀ ਸੁਪਰੀਮ ਕੋਰਟ ਪ੍ਰਦੂਸ਼ਣ ਸੰਬੰਧੀ ਅਤਿਅੰਤ ਚਿੰਤਤ ਹੈ ਅਤੇ ਸਰਕਾਰਾਂ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦੇ ਚੁੱਕੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀਆਂ ਧੱਜੀਆਂ ਉਡ ਰਹੀਆਂ ਹਨ, ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ। ਲੋਕ ਕੈਂਸਰ ਅਤੇ ਦਮੇ ਵਰਗੀਆਂ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿੱਚ ਪਹੁੰਚ ਚੁੱਕੇ ਹਨ। ਸੜਕਾਂ ਉੱਤੇ ਪਰਾਲੀ ਦੇ ਫੈਲੇ ਧੂੰਏਂ ਕਾਰਣ ਰੋਜ਼ਾਨਾ ਲੋਕ ਐਕਸੀਡੈਂਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ।
ਅਸ਼ੋਕ ਸੰਧੂ ਨੰਬਰਦਾਰ

ਇਹਨਾਂ ਗੱਲਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕੀਤਾ। ਉਹਨਾਂ ਕਿਹਾ ਕਿਸਾਨ ਪੂਰੀ ਦੁਨੀਆਂ ਵਿੱਚ “ਅੰਨ ਦਾਤਾ” ਵਜੋਂ ਜਾਣੇ ਜਾਂਦੇ ਹਨ, ਪਰਾਲੀ ਨੂੰ ਅੱਗ ਲਗਾਕੇ ਹੁਣ “ਅੱਗ ਦਾਤਾ” ਨਾ ਬਣਨ। ਦੁਨੀਆਂ ਵਿੱਚ ਆਪਣਾ ਰੁਤਬਾ ਬਰਕਰਾਰ ਰੱਖਣ। ਕਿਸਾਨਾਂ ਦੀਆਂ ਮਜ਼ਬੂਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਵਾਲੀਆਂ ਮਸ਼ੀਨਾਂ ਅਤੇ ਸੰਦ ਮੁਹਈਆ ਕਰ ਕੇ ਦੇਵੇ। ਉਹਨਾਂ ਕਿਹਾ ਜਿੰਨ੍ਹੇ ਵੱਡੇ ਪੱਧਰ ਤੇ ਇਸ਼ਤਿਹਾਰਬਾਜ਼ੀ ਲਈ ਪੈਸੇ ਖਰਚ ਕੀਤੇ ਜਾਂਦੇ ਹਨ ਉਨ੍ਹੇ ਪੈਸਿਆਂ ਨਾਲ ਕਿਸਾਨਾਂ ਨੂੰ ਵੱਡੀ ਪੱਧਰ ਤੇ ਸਾਧਨ ਮੁਹਈਆ ਕੀਤੇ ਜਾ ਸਕਦੇ ਹਨ। ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਮਿਲਕੇ ਕਿਸਾਨਾਂ ਨੂੰ ਐਸ.ਐਮ.ਐਸ (ਸੁਪਰ ਸਟਰੌ ਮੈਨੇਜਮੈਂਟ) ਮਸ਼ੀਨਾਂ ਉਪਲਬਧ ਕਰਵਾਉਣ ਤਾਂਕਿ ਹਰ ਸਾਲ ਲੱਗਣ ਵਾਲੀ ਅੱਗ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ, ਵਾਤਾਵਰਣ ਸ਼ੁੱਧ ਬਣਿਆ ਰਹੇ। ਕੰਬਾਈਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਐਸ.ਐਮ.ਐਸ ਜਾਂ ਇਸ ਤਰਾਂ ਦੀ ਕੋਈ ਹੋਰ ਆਧੁਨਿਕ ਮਸ਼ੀਨ ਤੋਂ ਬਿਨਾਂ ਕੋਈ ਕੰਬਾਈਨ ਖੇਤ ਵਿੱਚ ਕਟਾਈ ਨਹੀਂ ਕਰ ਸਕੇਗੀ। ਲੋਕਾਂ ਦੇ ਵਡਮੁੱਲੇ ਜੀਵਨ ਸਿਹਤਯਾਬ ਰੱਖਣ ਲਈ ਸਖ਼ਤ ਕਦਮ ਚੁੱਕਣੇ ਅਤਿ ਜਰੂਰੀ ਹਨ।

ਫੋਟੋ : ਬੀਤੀ ਸ਼ਾਮ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਣ ਧੂੰਏਂ ਵਿੱਚ ਅਲੋਪ ਹੋਈ ਸੜਕ ਦੀ ਤਸਵੀਰ
Previous articlePM Modi, the master of political surprise and timing
Next articleਪਰਕਸ ਵੱਲੋਂ ‘ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ’ ਪੁਸਤਕ ਰਲੀਜ਼