ਪਰਲਜ਼ ਪ੍ਰਾਪਰਟੀ: ਭੂ ਮਾਫੀਏ ਨੇ ਚੁਗ਼ੇ ਕਰੋੜਾਂ ਦੇ ‘ਮੋਤੀ’

ਮਾਫੀਏ ਨੇ ਬਠਿੰਡਾ ’ਚ 100 ਏਕੜ ਜ਼ਮੀਨ ’ਤੇ ਕੀਤਾ ਨਾਜਾਇਜ਼ ਕਬਜ਼ਾ

* ਕਬਜ਼ਾ ਕਰਨ ਵਾਲਿਆਂ ’ਚ ਵਧੇਰੇ ਸਿਆਸੀ ਲੋਕ

* ਮਾਨਸਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਦੀ ਸਿਫਾਰਸ਼

ਕੈਪਟਨ ਸਰਕਾਰ ਨੇ ਭੂ-ਮਾਫੀਏ ਨੂੰ ‘ਖੁੱਲ੍ਹੀ ਛੁੱਟੀ’ ਦੇ ਦਿੱਤੀ ਹੈ ਜਿਸ ਕਾਰਨ ਭੂ-ਮਾਫੀਏ ਨੇ ਪਰਲਜ਼ ਕੰਪਨੀ ਦੀ ਕਰੋੜਾਂ ਰੁਪਏ ਦੀ ਜਾਇਦਾਦ ਰਾਤੋ-ਰਾਤ ਨੱਪ ਲਈ ਹੈ। ਹਾਕਮ ਧਿਰ ਨੇ ਪਿੱਠ ਪੂਰਨੀ ਸ਼ੁਰੂ ਕਰ ਦਿੱਤੀ ਤਾਂ ਵੱਡੇ ਸ਼ਹਿਰਾਂ ’ਚ ਭੂ-ਮਾਫੀਏ ਨੇ ਇਸ ਪ੍ਰਾਪਰਟੀ ’ਤੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਕਬਜ਼ਾਕਾਰ ਸਿੱਧੇ ਅਸਿੱਧੇ ਤੌਰ ’ਤੇ ਕਾਂਗਰਸ ਤੇ ਅਕਾਲੀ ਦਲ ਦੇ ਨੇੜਲੇ ਹਨ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਗਠਿਤ ‘ਜਸਟਿਸ ਆਰਐੱਮ ਲੋਢਾ ਕਮੇਟੀ’ ਇਸ ਵੇਲੇ ਇਸ ਜਾਇਦਾਦ ਦੀ ਮਾਲਕ ਹੈ ਜਿਸ ਵੱਲੋਂ ਪੰਜਾਬ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਇਸ ਪ੍ਰਾਪਰਟੀ ਦੀ ਰੈੱਡ ਐਂਟਰੀ ਵੀ ਪਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਲੋਢਾ ਕਮੇਟੀ’ ਦੀ ਜਾਇਦਾਦ ਦੀ ਰਾਖੀ ਕੀਤੀ ਜਾਣੀ ਬਣਦੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਭਰ ’ਚ ਪਰਲਜ਼ ਕੰਪਨੀ ਦੀ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੀ ਪ੍ਰਾਪਰਟੀ ’ਤੇ ਭੂ-ਮਾਫੀਏ ਨੇ ਡੇਰਾ ਜਮ੍ਹਾ ਲਿਆ ਹੈ। ਪੇਂਡੂ ਖੇਤਰਾਂ ਵਿੱਚ ਇਸ ਜਾਇਦਾਦ ’ਤੇ ਗੈਰਕਾਨੂੰਨੀ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦਾ ਕੇਸ ਦਰਜ ਹੋਣ ਮਗਰੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਣੀ ਕਮੇਟੀ ਨੇ ਦੇਸ਼ ਭਰ ਵਿੱਚ 5.15 ਕਰੋੜ ਨਿਵੇਸ਼ਕਾਂ ਦਾ 59,927 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਸ਼ਨਾਖਤ ਕੀਤੀ ਹੈ। ਪਰਲਜ਼ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਸਰਕਾਰੀ ਮਿਹਰ ਸਦਕਾ ਭੰਗੂ ਵੀ ਜੇਲ੍ਹ ਵਿੱਚ ਘੱਟ ਤੇ ਹਸਪਤਾਲ ਵਿੱਚ ਵੱਧ ਸਮਾਂ ਗੁਜ਼ਾਰ ਰਿਹਾ ਹੈ। ਸੁਪਰੀਮ ਕੋਰਟ ਨੇ ਪਰਲਜ਼ ਕੰਪਨੀ ਦੀ ਹਰ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ’ਤੇ ਪਾਬੰਦੀ ਲਗਾਈ ਹੋਈ ਹੈ। ਪਰਲਜ਼ ਕੰਪਨੀ ਦੇ ਅਵਤਾਰ ਸਿੰਘ ਸਮਾਧ ਭਾਈ ਨੇ ਕਿਹਾ ਕਿ ਕੰਪਨੀ ਦੀ ਕਿਸੇ ਜਾਇਦਾਦ ’ਤੇ ਹੁਣ ਕੋਈ ਗਤੀਵਿਧੀ ਨਹੀਂ ਹੋ ਸਕਦੀ ਹੈ।
ਪੰਜਾਬੀ ਟ੍ਰਿਬਿਊਨ ਵੱਲੋਂ ਇਸ ਮਾਮਲੇ ’ਤੇ ਕੀਤੀ ਪੜਤਾਲ ਅਨੁਸਾਰ ਬਠਿੰਡਾ-ਫਰੀਦਕੋਟ ਰੋਡ ’ਤੇ ਪਰਲਜ਼ ਕਲੋਨੀ ਬਣੀ ਹੋਈ ਹੈ ਜੋ ਕਰੀਬ 270 ਏਕੜ ਰਕਬੇ ਵਿੱਚ ਹੈ। ਭੂ-ਮਾਫੀਏ ਨੇ ਹੁਣ ਇਸ ਕਲੋਨੀ ਵਿਚ ਕਰੀਬ 100 ਏਕੜ ਰਕਬੇ ’ਤੇ ਰਾਤੋਂ ਰਾਤ ਨਾਜਾਇਜ਼ ਕਬਜ਼ਾ ਕਰਕੇ ਫਸਲ ਬੀਜ ਦਿੱਤੀ ਹੈ। ਸੂਤਰ ਆਖਦੇ ਹਨ ਕਿ ਬਠਿੰਡਾ ਦੇ ਉੱਚ ਅਫਸਰਾਂ ਦੀ ਚੁੱਪ ਉਨ੍ਹਾਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ। ਬਠਿੰਡਾ ਕਲੋਨੀ ਵਿੱਚ ਕੁੱਲ 1100 ਪਲਾਟ ਕੱਟੇ ਗਏ ਸਨ ਜਿਨ੍ਹਾਂ ’ਚੋਂ 460 ਵਿਕੇ ਹੋਏ ਹਨ। ਮਾਲ ਵਿਭਾਗ ਦੇ ਰਿਕਾਰਡ ਵਿੱਚ ਇਸ ਜਾਇਦਾਦ ਦੀ ਰੈਂਡ ਐਂਟਰੀ ਹੈ।
ਬੁਢਲਾਡਾ ਇਲਾਕੇ ਵਿੱਚ ਇੱਕ ਵਪਾਰੀ ਨੇ ਪਰਲਜ਼ ਕੰਪਨੀ ਦੀ ਜਾਇਦਾਦ ਵਿੱਚ ਸ਼ੈੱਲਰ ਹੀ ਲਗਾ ਲਿਆ ਹੈ। ਡਿਪਟੀ ਕਮਿਸ਼ਨਰ ਮਾਨਸਾ ਨੇ 18 ਨਵੰਬਰ 2019 ਨੂੰ ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਗਰਗ ਰਾਈਸ ਮਿੱਲ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਡਿਪਟੀ ਕਮਿਸ਼ਨਰ ਮਾਨਸਾ ਨੇ ਤਾਂ ਪਰਲਜ਼ ਕੰਪਨੀ ਦੀ ਜਾਇਦਾਦ ਤਬਦੀਲ ਕਰਨ ਦੇ ਮਾਮਲੇ ’ਚ ਐੱਸਐੱਸਪੀ ਮਾਨਸਾ ਨੂੰ 15 ਨਵੰਬਰ 2019 ਨੂੰ ਪੱਤਰ ਲਿਖ ਕੇ ਪਰਲਜ਼ ਕੰਪਨੀ ਦੇ ਮਾਲਕ ਨਿਰਮਲ ਭੰਗੂ ਦੀ ਭੈਣ ਬਲਦੇਵ ਕੌਰ ਵਾਸੀ ਹਰਿਆਣਾ ਤੋਂ ਇਲਾਵਾ ਕੁਲਬੀਰ ਸਿੰਘ ਵਾਸੀ ਜ਼ਿਲ੍ਹਾ ਫਤਿਆਬਾਦ, ਰੀਤੂ ਬਾਲਾ, ਗੋਰਾ ਲਾਲ ਵਾਸੀ ਬਰੇਟਾ, ਹਰਭਜਨ ਸਿੰਘ ਅਤੇ ਵੀਨਾ ਰਾਣੀ ਵਾਸੀ ਬਠਿੰਡਾ ਖ਼ਿਲਾਫ਼ ਕੀਤੀ ਪੜਤਾਲ ਦੇ ਅਧਾਰ ’ਤੇ ਕਾਰਵਾਈ ਕਰਨ ਵਾਸਤੇ ਆਖਿਆ ਹੈ। ਜ਼ਿਲ੍ਹਾ ਅਟਾਰਨੀ ਮਾਨਸਾ ਨੇ 13 ਨਵੰਬਰ ਨੂੰ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ’ਚ ਪਰਲਜ਼ ਕੰਪਨੀ ਜਾਇਦਾਦ ਟਰਾਂਸਫਰ ਕੀਤੇ ਜਾਣ ’ਚ ਗੜਬੜ ਦੀ ਪੁਸ਼ਟੀ ਕੀਤੀ ਹੈ। ਮਾਨਸਾ ਦੇ ਪਿੰਡ ਸਿਰਸੀਵਾਲਾ ਵਿੱਚ ਪਰਲਜ਼ ਕੰਪਨੀ ਦੀ ਕਰੀਬ 52 ਏਕੜ ਜ਼ਮੀਨ ਹੈ ਜੋ ਪਹਿਲਾਂ ਨੱਪੀ ਹੋਈ ਸੀ। ਨਿਵੇਸ਼ਕਾਂ ਨੇ ਪੈਰਵੀ ਕਰਕੇ ਇਸ ਜ਼ਮੀਨ ਦਾ ਰਿਸੀਵਰ ਨਿਯੁਕਤ ਕਰਾ ਲਿਆ ਹੈ। ਹੁਣ ਇਸ ਜ਼ਮੀਨ ਦਾ ਠੇਕਾ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਹੋ ਰਿਹਾ ਹੈ। ਇਵੇਂ ਸਰਦੂਲਗੜ੍ਹ ਨੇੜੇ ਕਰੀਬ 100 ਏਕੜ ਜ਼ਮੀਨ ’ਤੇ ਕਾਂਗਰਸੀ ਆਗੂਆਂ ਨੇ ਕਬਜ਼ਾ ਕੀਤਾ ਹੋਇਆ ਹੈ।
ਮੋਗਾ ਵਿੱਚ ਨੈਸਲੇ ਨੇੜੇ ਪਰਲਜ਼ ਦੀ 4.5 ਏਕੜ ਜ਼ਮੀਨ ’ਤੇ ਕਿਸੇ ਆਗੂ ਨੇ ਪਾਰਕਿੰਗ ਬਣਾ ਲਈ ਹੈ ਅਤੇ ਇਸ ਸ਼ਹਿਰ ਵਿੱਚ ਹੀ ਪਰਲਜ਼ ਦੀ ਇਮਾਰਤ ਵਿੱਚ ਇਮੀਗ੍ਰੇਸ਼ਨ ਦਫਤਰ ਖੋਲ੍ਹ ਲਿਆ ਹੈ। ਜਲਾਲਾਬਾਦ ਲਾਗੇ ਕਰੀਬ 100 ਏਕੜ ’ਤੇ ਜ਼ੋਰਾਵਰ ਬੰਦਿਆਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਮੁੱਲਾਂਪੁਰ ਲਾਗੇ ਕਰੀਬ 150 ਏਕੜ ਜ਼ਮੀਨ ’ਤੇ ਸਿਆਸੀ ਪਹੁੰਚ ਰੱਖਣ ਵਾਲੇ ਵਿਅਕਤੀਆਂ ਨੇ ਚਾਰਦੀਵਾਰੀ ਤੋੜ ਕੇ ਕਣਕ ਬੀਜ ਲਈ ਹੈ। ਲੁਧਿਆਣਾ-ਚੰਡੀਗੜ੍ਹ ਸੜਕ ’ਤੇ ਪਿੰਡ ਕੁਹਾੜਾ ਲਾਗੇ ਪਰਲਜ਼ ਦੀ ਕਰੀਬ 400 ਏਕੜ ਜ਼ਮੀਨ ਹੈ ਜੋ ਚਾਰ ਪੰਜ ਪਿੰਡਾਂ ਦਾ ਰਕਬਾ ਹੈ। ਸੂਤਰ ਦੱਸਦੇ ਹਨ ਕਿ ਇਸ ਸਾਰੀ ਜ਼ਮੀਨ ’ਤੇ ਭੂ ਮਾਫੀਆ ਕਾਬਜ਼ ਹੋ ਗਿਆ ਹੈ। ਗੜ੍ਹਸ਼ੰਕਰ ਲਾਗੇ ਕਰੀਬ 700 ਏਕੜ ਜ਼ਮੀਨ ਹੈ ਜਿਸ ਤੋਂ ਸਾਰੇ ਦਰੱਖਤ ਹੀ ਮਾਫੀਏ ਨੇ ਪੁੱਟ ਕੇ ਵੇਚ ਦਿੱਤੇ ਹਨ।

Previous articleਟੁੱਟੇ ਸੁਫ਼ਨਿਆਂ ਨਾਲ ਵਤਨ ਪਰਤੇ ਅਮਰੀਕਾ ਤੋਂ ਕੱਢੇ ਨੌਜਵਾਨ
Next articleਆਕਾਂਸ਼ ਸੇਨ ਕਤਲ ਕੇਸ ’ਚ ਦੋਸ਼ੀ ਨੂੰ ਉਮਰ-ਕੈਦ