ਪਰਮਿੰਦਰ ਵੀ ਵੱਡੇ ਢੀਂਡਸਾ ਦੇ ਰਾਹ ’ਤੇ

*  ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਨਵਾਂ ਸੰਕਟ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵੀ ਬਾਦਲਾਂ ਨੂੰ ‘ਵੱਡਾ ਝਟਕਾ’ ਦੇਣ ਦੇ ਆਸਾਰ ਬਣਨ ਲੱਗੇ ਹਨ। ਪਾਰਟੀ ਹਲਕਿਆਂ ਮੁਤਾਬਕ ਉਹ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਕਿਸੇ ਸਮੇਂ ਵੀ ਲਾਂਭੇ ਹੋ ਸਕਦੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਐਤਵਾਰ ਨੂੰ ਪਿੰਡ ਬਾਦਲ ਵਿੱਚ ਹੋਈ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਦੇ ਅਹੁਦਿਆਂ ’ਤੇ ਕਾਇਮ ਰਹਿਣ ਲਈ ਪ੍ਰੇਰਿਆ। ਉਨ੍ਹਾਂ ਛੋਟੇ ਢੀਂਡਸਾ ਨੂੰ ਕਿਹਾ ਕਿ ਪਾਰਟੀ ਨੇ ਹਮੇਸ਼ਾਂ ਉਸ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ ਤੇ ਭਵਿੱਖ ਵਿੱਚ ਵੀ ਮਾਣ-ਤਾਣ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਪਾਰਟੀ ਦੇ ਦੋ ਹੋਰਨਾਂ ਸੀਨੀਅਰ ਆਗੂਆਂ ਨੇ ਵੀ ਸੰਗਰੂਰ ਵਿੱਚ ਵਿਧਾਇਕ ਦਲ ਦੇ ਨੇਤਾ ਤੱਕ ਪਹੁੰਚ ਕਰਕੇ ਪਾਰਟੀ ਨੂੰ ‘ਸੰਕਟ’ ਵਿੱਚ ਨਾ ਧੱਕਣ ਦੀ ਬੇਨਤੀ ਕੀਤੀ ਹੈ। ਸੂਤਰਾਂ ਮੁਤਾਬਕ ਪਰਮਿੰਦਰ ਸਿੰਘ ਢੀਂਡਸਾ ਸੱਜਰੇ ਸਿਆਸੀ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਗੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਮਗਰੋਂ ਬਾਦਲਾਂ ਵੱਲੋਂ ਪਾਰਟੀ ਅੰਦਰ ਪਰਮਿੰਦਰ ਸਿੰਘ ਢੀਂਡਸਾ ਦੀ ‘ਵੁੱਕਤ’ ਵਧਾਉਣ ਦਾ ਪ੍ਰਭਾਵ ਦਿੱਤਾ ਜਾ ਰਿਹਾ ਸੀ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਢੀਂਡਸਾ ਪਰਿਵਾਰ ਦਾ ਤਾਜ਼ਾ ਪੈਂਤੜਾ ਬਾਦਲਾਂ ਲਈ ਰਾਜਨੀਤਕ ਤੌਰ ’ਤੇ ਸੰਕਟਮਈ ਸਾਬਤ ਹੋ ਸਕਦਾ ਹੈ। ਛੋਟੇ ਢੀਂਡਸਾ ਇਸ ਸਮੇਂ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਤੇ ਹਾਲੀਆ ਸੰਸਦੀ ਚੋਣਾਂ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਇਆ ਸੀ, ਪਰ ਉਹ ਚੋਣ ਹਾਰ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਢੀਆਂ ਗਈਆਂ ਹਨ। ਇਸੇ ਦਿਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਦੇ ਵੀ ਆਸਾਰ ਹਨ। ਇਸ ਤਰ੍ਹਾਂ ਨਾਲ ਜਦੋਂ ਪਾਰਟੀ ਜਸ਼ਨ ਮਨਾਉਣ ਦੀ ਤਿਆਰੀ ਵਿੱਚ ਹੋਵੇ ਤਾਂ ਇੱਕ ਸੀਨੀਅਰ ਆਗੂ ਵੱਲੋਂ ਅਹੁਦਿਆਂ ਤੋਂ ਲਾਂਭੇ ਹੋ ਜਾਣਾ, ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾਵੇਗਾ। ਇਹੀ ਕਾਰਨ ਹੈ ਕਿ ਬਾਦਲਾਂ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਅੰਦਰ ਰੱਖਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਢੀਂਡਸਾ ਪਰਿਵਾਰ ਇਸ ਗੱਲੋਂ ਇਕਮੱਤ ਹੈ ਕਿ ਛੋਟੇ ਢੀਂਡਸਾ ਆਪਣੇ ਪਿਤਾ ਦੇ ਵਿਚਾਰਾਂ ਦੇ ਉਲਟ ਸਿਆਸਤ ਨਹੀਂ ਕਰਨਗੇ। ਇਸ ਲਈ ਸੰਭਵ ਹੈ ਕਿ 14 ਦਸੰਬਰ ਤੋਂ ਪਹਿਲਾਂ ਜਨਰਲ ਸਕੱਤਰ ਅਤੇ ਵਿਧਾਇਕ ਦਲ ਦੇ ਨੇਤਾ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਜਾਵੇ। ਇਹ ਵੀ ਮੰਨਿਆ ਜਾ ਰਿਹਾ ਹੈ 14 ਦਸੰਬਰ ਨੂੰ ਬਾਦਲ ਵਿਰੋਧੀ ਅਕਾਲੀਆਂ ਵੱਲੋਂ ਅੰਮ੍ਰਿਤਸਰ ਵਿੱਚ ਹੀ ਪਾਰਟੀ ਦਾ ਸਥਾਪਨਾ ਦਿਵਸ ਵੱਖਰੇ ਤੌਰ ’ਤੇ ਮਨਾਇਆ ਜਾ ਰਿਹਾ ਹੈ ਤੇ ਇਸ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਹੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰਨਾਂ ਆਗੂਆਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਹੋਈ ਮੀਟਿੰਗ ਮਗਰੋਂ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਣ ਵਾਲੇ ਸਮਾਗਮ ਵਿੱਚ ਹੋਰ ਅਕਾਲੀ ਆਗੂ ਵੀ ਪਹੁੰਚ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਾਸ ਕਰ ਬਾਦਲਪਰਿਵਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਖਤਿਆਰ ਕੀਤੀ ਵੱਖਰੀ ਸੁਰ ਦੇ ਮੁਕਾਬਲੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਦੀ ਮੁੱਖ ਧਾਰਾ ’ਚ ਹੀ ਰੱਖਿਆ ਜਾਵੇ। ਇਹੀ ਕਾਰਨ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਤਾਂ ਛੋਟੇ ਢੀਂਡਸਾ ਨੂੰ ਪਾਰਟੀ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਸੰਸਦੀ ਚੋਣ ਵੀ ਲੜਾਈ। ਵੱਡੇ ਢੀਂਡਸਾ ਨੇ ਆਪਣੀ ‘ਜ਼ਿੱਦ’ ’ਤੇ ਕਾਇਮ ਰਹਿੰਦਿਆਂ ਪੁੱਤਰ ਲਈ ਸੰਸਦੀ ਚੋਣਾਂ ’ਚ ਖੁੱਲ੍ਹ ਕੇ ਪ੍ਰਚਾਰ ਕਰਨ ਤੋਂ ਗੁਰੇਜ਼ ਕੀਤਾ।

Previous articleਜੇਐੱਨਯੂ ਦੇ ਵਿਦਿਆਰਥੀਆਂ ’ਤੇ ਲਾਠੀਚਾਰਜ
Next articleਕਰਨਾਟਕ ਜ਼ਿਮਨੀ ਚੋਣ ’ਚ ਭਾਜਪਾ ਨੇ ਹੂੰਝਾ ਫੇਰਿਆ