ਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸਆਈਪੀਆਰ ਆਈ) ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿਚ ਪਰਮਾਣੂ ਹਥਿਆਰਾਂ ਦੀ ਗਿਣਤੀ ਭਾਵੇਂ ਘਟੀ ਹੈ ਪਰ ਵੱਖ ਵੱਖ ਦੇਸ਼ ਆਪਣੇ ਹਥਿਆਰ ਆਧੁਨਿਕ ਤਕਨੀਕ ਨਾਲ ਵੱਡੇ ਆਕਾਰ ਦੇ ਬਣਾ ਰਹੇ ਹਨ। ਇਸ ਰਿਪੋਰਟ ਅਨੁਸਾਰ 2019 ਦੀ ਸ਼ੁਰੂਆਤ ਦੌਰਾਨ ਅਮਰੀਕਾ, ਰੂਸ, ਬਰਤਾਨੀਆ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਤੇ ਉੱਤਰੀ ਕੋਰੀਆ ਕੋਲ ਕੁੱਲ 13,865 ਪਰਮਾਣੂ ਹਥਿਆਰ ਸਨ, ਜੋ ਕਿ ਸਾਲ 2018 ਦੇ ਮੁਕਾਬਲੇ 600 ਘੱਟ ਹਨ। ਰਿਪੋਰਟ ਅਨੁਸਾਰ ਹਥਿਆਰਾਂ ਦੀ ਗਿਣਤੀ ਭਾਵੇਂ ਘਟੀ ਹੈ ਪਰ ਪਰਮਾਣੂ ਹਥਿਆਰਾਂ ਵਾਲੇ ਦੇਸ਼ ਆਪ-ਆਪਣੇ ਹਥਿਆਰਾਂ ਨੂੰ ਹੁਣ ਆਧੁਨਿਕ ਬਣਾ ਰਹੇ ਹਨ। ਚੀਨ, ਭਾਰਤ ਤੇ ਪਾਕਿਸਤਾਨ ਆਪਣੇ ਹਥਿਆਰਾਂ ਦੇ ਆਕਾਰ ਵੱਡੇ ਕਰ ਰਹੇ ਹਨ। ਐੱਸਆਈਪੀਆਰਆਈ ਪਰਮਾਣੂ ਹਥਿਆਰ ਕੰਟਰੋਲ ਪ੍ਰੋਗਰਾਮ ਦੀ ਡਾਇਰੈਕਟਰ ਸ਼ੈਨਨ ਕਾਇਲੇ ਨੇ ਕਿਹਾ ਕਿ ਸੰਸਾਰ ਘੱਟ ਪਰ ਨਵੇਂ ਹਥਿਆਰ ਈਜਾਦ ਕਰ ਰਿਹਾ ਹੈ। ਹਥਿਆਰਾਂ ਦੀ ਗਿਣਤੀ ਮੁੱਖ ਰੂਪ ਵਿਚ ਅਮਰੀਕਾ ਤੇ ਰੂਸ ਵਿਚ ਘਟੀ ਹੈ, ਜਿਨ੍ਹਾਂ ਕੋਲ ਕੁੱਲ ਮਿਲਾ ਕੇ ਸੰਸਾਰ ਭਰ ਦੇ 90 ਫ਼ੀਸਦ ਤੋਂ ਵੱਧ ਪਰਮਾਣੂ ਹਥਿਆਰ ਹਨ।

Previous articleਸਤਲੁਜ ਦਰਿਆ ’ਚ ਬੇੜੀ ਡੁੱਬੀ, ਤਿੰਨ ਮੌਤਾਂ
Next articleਭਾਰਤ ਤੋਂ ਮਿਲੀ ਹਾਰ ਮਗਰੋਂ ਪਾਕਿਸਤਾਨ ’ਚ ਭੁਚਾਲ