ਪਰਚੇ ਵੰਡਣ ਖਿਲਾਫ਼ ਆਤਿਸ਼ੀ ਨੇ ਮਹਿਲਾ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ

ਆਮ ਆਦਮੀ ਪਾਰਟੀ ਦੀ ਪੂਰਬੀ ਦਿੱਲੀ ਤੋਂ ਉਮੀਦਵਾਰ ਆਤਿਸ਼ੀ ਨੇ ਉਸ ਖ਼ਿਲਾਫ਼ ‘ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਵਲੀ’ ਵਾਲੇ ਵੰਡੇ ਗਏ ਪਰਚਿਆਂ ਸਬੰਧੀ ਦਿੱਲੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਇਸ ਲਈ ਭਾਜਪਾ ਅਤੇ ਪਾਰਟੀ ਦੇ ਵਿਰੋਧੀ ਉਮੀਦਵਾਰ ਗੌਤਮ ਗੰਭੀਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਗੰਭੀਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਜੇ ‘ਆਪ’ ਉਸ ਦਾ ਪਰਚੇ ਵੰਡਣ ਨਾਲ ਸਬੰਧ ਸਾਬਤ ਕਰਦੀ ਹੈ ਤਾਂ ਉਹ ਜਨਤਕ ਤੌਰ ’ਤੇ ਫਾਹਾ ਲੈ ਲਏਗਾ। ਜ਼ਿਕਰਯੋਗ ਹੈ ਕਿ ‘ਆਪ’ ਉਮੀਦਵਾਰ ਆਤਿਸ਼ੀ ਆਪਣੇ ਖ਼ਿਲਾਫ਼ ਵੰਡੇ ਜਾ ਰਹੇ ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਵਲੀ ਵਾਲੇ ਪਰਚੇ ਪੜ੍ਹ ਕੇ ਭਾਵੁਕ ਹੋ ਗਈ ਸੀ। ਭਾਜਪਾ ਨੇ ਦੋਸ਼ ਲਾਇਆ ਕਿ ‘ਆਪ’ ਖੁਦ ਹੀ ਅਜਿਹੇ ਹਥਕੰਡੇ ਅਪਣਾ ਰਹੀ ਹੈ। ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਵੰਡੇ ਗਏ ਪਰਚੇ ਦੀ ਸਮੱਗਰੀ ਸ਼ਿਕਾਇਤ ਨਾਲ ਲਗਾਈ ਹੈ। ਉਨ੍ਹਾਂ ਸ਼ਿਕਾਇਤ ਵਿੱਚ ਕਮਿਸ਼ਨ ਤੋਂ ਮਾਮਲੇ ਵਿੱਚ ਤਤਕਾਲ ਦਖਲ ਦੇਣ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਗੰਭੀਰ ਨੇ ਲੜੀਬੱਧ ਟਵੀਟ ਕਰ ਕੇ ਕਿਹਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇਖ ਕੇ ਬਹੁਤ ‘ਸ਼ਰਮਿੰਦਾ’ ਹਨ । ਜੇ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਆਪਣੀ ਉਮੀਦਵਾਰੀ ਵਾਪਸ ਲੈ ਲੈਣਗੇ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਆਤਿਸ਼ੀ ਦਾ ਸਮਰਥਨ ਕਰਦਿਆਂ ਕਿਹਾ ਕਿ ਵੰਡੇ ਗਏ ਪਰਚੇ ਨਵੇਂ, ਨਿਰਾਸ਼ਾਜਨਕ ਅਤੇ ਪ੍ਰੇਸ਼ਾਨ ਕਰਨ ਵਾਲੇ ਹਨ।

Previous articleਮੋਦੀ ਨੂੰ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ: ਅਮਰਿੰਦਰ
Next articleਰਾਹੁਲ ਗਾਂਧੀ ਨੇ ਚੰਡੀਗੜ੍ਹ ਵਾਸੀਆਂ ਨੂੰ ਦਿਖਾਏ ਸਬਜ਼ਬਾਗ