ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ….

ਕਰੋਨਾ ਵਾਇਰਸ (ਕੋਵਿਡ -19) ਦੇ ਪ੍ਰਕੋਪ ਨੇ ਸਮੁੱਚੇ ਵਿਸ਼ਵ ਅੰਦਰ ਤਰਥੱਲੀ ਮਚਾ ਦਿੱਤੀ ਹੈ। ਭਾਰਤ ਵਿੱਚ ਇਹ ਵਾਇਰਸ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਬੀਤੇ ਦਿਨੀਂ ਇਸ ਨਾਮੁਰਾਦ ਬਿਮਾਰੀ ਨੇ ਮੇਰੇ ਪਰਮ ਮਿੱਤਰ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਅਤੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਪਦਮਸ਼੍ਰੀ ਨਿਰਮਲ ਸਿੰਘ ਖ਼ਾਲਸਾ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ। ਇਸ ਖ਼ਬਰ ਨੇ ਮੈਨੂੰ ਬੇਚੈਨ ਕਰ ਦਿੱਤਾ ਪਰ ਜਦੋਂ ਅੱਜ ਸਵੱਖਤੇ ਹੀ ਭਾਈ ਨਿਰਮਲ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਤਾਂ ਆਪ ਮੁਹਾਰੇ ਹੀ ਅੱਖਾਂ ਚੋਂ ਹੰਝੂ ਵਹਿ ਤੁਰੇ। ਭਾਈ ਸਾਹਿਬ ਦੀਆਂ ਮੇਰੇ ਨਾਲ ਕੀਤੀਆਂ ਅਥਾਹ ਵਿਚਾਰਾਂ ਜ਼ਿਹਨ ਵਿੱਚ ਆਉਣ ਲੱਗੀਆਂ। ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਜਾਣ ਨਾਲ ਸਮੁੱਚੀ ਸਿੱਖ ਕੌਮ ਨੂੰ ਅਥਾਹ ਘਾਟਾ ਪਿਆ, ਜਿਸ ਨੂੰ ਸ਼ਾਇਦ ਕਦੇ ਪੂਰਿਆ ਨਹੀ ਜਾ ਸਕਦਾ।

ਭਾਈ ਨਿਰਮਲ ਸਿੰਘ ਖ਼ਾਲਸਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਸਨ। ਉਨ੍ਹਾਂ ਨੂੰ ਸਾਲ 2009 ਵਿੱਚ ਰਾਸ਼ਟਰਪਤੀ ਨੇ ‘ਕਲਾ ਦੇ ਖੇਤਰ’ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਪਦਮਸ਼੍ਰੀ’ ਨਾਲ ਨਿਵਾਜਿਆ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਪਿਛਲੇ ਪੰਜ ਸਾਲਾਂ ਤੋਂ ਜਾਣਦੇ ਸੀ ਕਿਉਂਕਿ ਦਲਿਤ ਸਮਾਜ ਦੀ ਦੁਰਦਸ਼ਾ ਬਾਰੇ ਮੇਰਾ ਇੱਕ ਆਰਟੀਕਲ ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਇਆ ਤਾਂ ਭਾਈ ਸਾਹਿਬ ਨੇ ਪਹਿਲੀ ਵਾਰ ਮੈਨੂੰ ਟੈਲੀਫ਼ੋਨ ਕਰਕੇ ਮੇਰੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਦੇ ਸਬਦ ਅਜੇ ਵੀ ਮੈਨੂੰ ਚੰਗੀ ਤਰਾਂ ਯਾਦ ਹਨ, ਜਦੋਂ ਉਨ੍ਹਾਂ ਨੇ ਕਿਹਾ ਕਿ ਕੁਲਵੰਤ ਪੰਜਾਬੀ ਟ੍ਰਿਬਿਊਨ ਵਿੱਚ ਛਪਣਾ ਕੋਈ ਛੋਟੀ ਗੱਲ ਨਹੀ। ਤੇਰੇ ਅੰਦਰ ਕਾਬਲੀਅਤ ਹੈ, ਜਿਨ੍ਹਾਂ ਹੋ ਸਕਿਆ ਦਲਿਤ ਸਮਾਜ ਦੀਆਂ ਤਕਲੀਫ਼ਾਂ ਬਾਰੇ ਲਿਖਦਾ ਰਹੀਂ। ਉਨ੍ਹਾਂ ਦੀ ਇਹ ਸਲਾਹ ਅੰਦਰ ਸ਼ਾਇਦ ਅੰਤਾਂ ਦਾ ਦਰਦ ਅਤੇ ਵੇਦਨਾ ਛੁਪੀ ਹੋਈ ਸੀ ਜੋ ਉਨ੍ਹਾਂ ਨੇ ਸਮਾਜ ਦੀਆਂ ਕਥਿਤ ਉਚ ਜਾਤੀਆਂ ਵੱਲੋਂ ਕੀਤੇ ਵਿਤਕਰੇ ਤੋਂ ਪੀੜਤ ਜਾਪਦੀ ਸੀ। ਉਹ ਮੈਨੂੰ ਕਹਿੰਦੇ ਕਿ ਦਲਿਤ ਸਮਾਜ ਨੇ ਕੁੱਝ ਲੋਕਾਂ ਨੇ ਤਰੱਕੀ ਤਾਂ ਕਰ ਲਈ ਹੈ ਪਰ ਜਾਤ ਉਨ੍ਹਾਂ ਦਾ ਖਹਿੜਾ ਨਹੀ ਛੱਡਦੀ। ਸਾਡੇ ਸਮਾਜ ਦਾ ਇਹ ਦੁਖਾਂਤ ਹੈ ਕਿ ਮਨੁੱਖ ਦੇ ਗੁਣਾਂ ਦੀ ਸਿਫ਼ਤ ਕਰਨ ਤੋਂ ਪਹਿਲਾਂ ਉਸ ਦੀ ਜਾਤ ਦੇਖੀ ਜਾਂਦੀ ਹੈ।

ਉਨ੍ਹਾਂ ਨਾਲ ਸਮੇਂ ਸਮੇਂ ਟੈਲੀਫ਼ੋਨ ਤੇ ਸੰਪਰਕ ਹੁੰਦਾ ਰਿਹਾ ਪਰ ਵਕਤ ਬੜਾ ਬਲਵਾਨ ਹੰਦਾ। ਇੰਨੇ ਵਕਫ਼ੇ ਦੀ ਜਾਣ-ਪਹਿਚਾਣ ਤੋਂ ਬਾਅਦ ਵੀ ਅਸੀ ਇੱਕ ਦੂਜੇ ਨੂੰ ਮਿਲ ਨਹੀ ਸਕੇ। ਕਰੀਬ ਕੋਈ ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ। ਇੱਕ ਦਿਨ ਭਾਈ ਨਿਰਮਲ ਸਿੰਘ ਜੀ ਦਾ ਫ਼ੋਨ ਆਇਆ ਕਿ ਉਹ ਕਹਿਣ ਲੱਗੇ ਕਿ ਮੈਂ ਤੇਰਾ ਉਲਾਂਭਾ ਲਾਹੁਣ ਲਈ ਪਿੰਡ ਟਿੱਬਾ ਵਿਖੇ ਤੇਰੇ ਘਰ ਆ ਰਿਹਾ ਹਾਂ ਤਾਂ ਮਨ ਨੂੰ ਬੜੀ ਖੁਸੀ ਹੋਈ। ਫਿਰ ਮੁੜ ਫ਼ੋਨ ਕਰਕੇ ਕਹਿੰਦੇ ਕਿ ਮੈਂ ਟਿੱਬੇ ਆ ਗਿਆ ਹਾਂ ਪਰ ਮੈਨੂੰ ਤੇਰਾ ਘਰ ਨਹੀ ਲੱਭਦਾ। ਮੈਂ ਕਿਹਾ ਕਿ ਖ਼ਾਲਸਾ ਜੀ ਤੁਸੀ ਭਾਵੇਂ ਕਿਸੇ ਬੱਚੇ ਤੋਂ ਵੀ ਮੇਰੇ ਘਰ ਬਾਰੇ ਪੁੱਛੋ ਤਾਂ ਉਹ ਤੁਹਾਨੂੰ ਘਰ ਤੱਕ ਛੱਡ ਜਾਵੇਗਾ। ਉਨ੍ਹਾਂ ਨੇ ਮੁੜ ਮੈਨੂੰ ਫ਼ੋਨ ਕੀਤਾ ਤਾਂ ਮੈਂ ਕਿਹਾ ਕਿ ਤੁਸੀ ਪਿੰਡ ਦੇ ਮੇਨ ਬੱਸ ਅੱਡੇ ਤੇ ਆ ਕੇ ਭੀਮ ਸੈਨ ਸਾਈਕਲਾਂ ਵਾਲੇ ਕੋਲ ਪਹੁੰਚੋ ਮੈਂ ਤੁਹਾਨੂੰ ਲੈ ਕੇ ਜਾਂਦਾ ਹਾਂ ਪਰ ਪਿੰਡ ਵਿੱਚ ਕਾਫੀ ਪੜਤਾਲ ਕਰਨ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਮੇਰੇ ਬਾਰੇ ਅਤੇ ਨਾ ਹੀ ਸਾਈਕਲਾਂ ਦੀ ਦੁਕਾਨ ਬਾਰੇ ਕੁੱਝ ਪਤਾ ਲੱਗਿਆ। ਫਿਰ ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਭਾਈ ਸਾਹਿਬ ਕਿਸੇ ਹੋਰ ਏਰੀਏ ਵਿੱਚ ਹਨ। ਜਦੋਂ ਮੈਂ ਮੁੜ ਫ਼ੋਨ ਕਰਕੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਇਸ ਟਿੱਬਾ ਪਿੰਡ ਦਾ ਜ਼ਿਲ੍ਹਾ ਕਿਹੜਾ ਹੈ ਤਾਂ ਸਾਰੀ ਗੱਲ ਸਪਸ਼ਟ ਹੋ ਗਈ। ਕਿਉਂਕਿ ਟਿੱਬਾ ਪਿੰਡ ਤਾਂ ਉਨ੍ਹਾਂ ਦੇ ਯਾਦ ਸੀ ਪਰ ਸ਼ਾਇਦ ਜ਼ਿਲ੍ਹਾ ਭੁੱਲ ਬੈਠੇ। ਮੈਨੂੰ ਮਿਲਣ ਦੀ ਚਾਹਤ ਨਾਲ ਭਾਈ ਸਾਹਿਬ ਨਿਰਮਲ ਸਿੰਘ ਖ਼ਾਲਸਾ ਜੀ ਸੰਗਰੂਰ ਦੀ ਥਾਂ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਟਿੱਬਾ ਦੀਆਂ ਗਲੀਆਂ ਘੁੰਮਦੇ ਰਹੇ। ਜ਼ਿਲ੍ਹਾ ਸੰਗਰੂਰ ਦੀ ਗੱਲ ਸੁਣ ਕੇ ਨਿਰਾਸ ਹੋਏ ਤੇ ਕਿਹਾ ਕਿ ਕੁਲਵੰਤ ਪ੍ਰਮਾਤਮਾ ਨੇ ਚਾਹਿਆ ਤਾਂ ਆਪਣੀ ਮੁਲਾਕਾਤ ਜ਼ਰੂਰ ਹੋਵੇਗੀ। ਉਨ੍ਹਾਂ ਨੂੰ ਮਿਲਣ ਦੀ ਖੁਸੀ ਨਿਰਾਸਾ ਵਿੱਚ ਬਦਲ ਗਈ। ਉਹ ਮੈਨੂੰ ਕਈ ਵਾਰ ਕਹਿੰਦੇ ਸਨ ਕਿ ਕੁਲਵੰਤ ਜਦੋਂ ਵੀ ਅੰਮ੍ਰਿਤਸਰ ਆਏ ਤਾਂ ਰਾਤ ਮੇਰੇ ਘਰ ਕੱਟਣੀ ਹੈ। ਮੈਂ ਵੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਦਰਬਾਰ ਸਾਹਿਬ ਗਿਆ ਤਾਂ ਕੁਦਰਤੀ ਉਹ ਵਿਦੇਸ਼ ਗਏ ਹੋਏ ਸਨ।

ਭਾਈ ਸਾਹਿਬ ਨਿਰਮਲ ਸਿੰਘ ਖ਼ਾਲਸਾ ਜੀ ਅਕਸਰ ਹੀ ਇਹ ਕਿਹਾ ਕਰਦੇ ਸਨ ਕਿ ਕੁਲਵੰਤ ਮੇਰੀ ਇਹ ਇੱਛਾ ਹੈ ਕਿ ਮੈਂ ਤੇਰੇ ਘਰ ਕਿਸੇ ਖ਼ੁਸ਼ੀ ਦੇ ਸਮਾਗਮ ਵਿੱਚ ਕੀਰਤਨ ਕਰਕੇ ਜਾਵਾਂ। ਮੇਰੀ ਵੀ ਇੱਛਾ ਸੀ ਕਿ ਵਿਸ਼ਵ ਪ੍ਰਸਿੱਧ ਕੀਰਤਨੀਏ ਦੀ ਮੇਰੇ ਘਰ ਆਮਦ ਯਾਦਗਾਰੀ ਹੋਵੇ, ਇਸ ਲਈ ਸਮਾਗਮ ਵਿੱਚ ਦੇਰੀ ਹੁੰਦੀ ਰਹੀ। ਕਰੋਨਾ ਦੀ ਨਾਮੁਰਾਦ ਬਿਮਾਰੀ ਕਾਰਣ ਮੇਰੇ ਨਾਲ ਕੀਤਾ ਵਾਅਦਾ ਵੀ ਪੂਰਾ ਨਹੀ ਕਰ ਸਕੇ। ਦਲਿਤ ਸਮਾਜ ਨਾਲ ਸਬੰਧਿਤ ਹੋਣ ਕਾਰਣ ਉਹ ਅਕਸਰ ਹੀ ਆਪਣੇ ਨਾਲ ਹੋਈਆਂ ਜਾਤੀ ਭੇਦਭਾਵ ਦੀਆਂ ਗੱਲਾਂ ਮੇਰੇ ਨਾਲ ਕਰਦੇ ਰਹਿੰਦੇ ਸਨ। ਇਹ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਜਿਸ ਸਿੱਖ ਕੌਮ ਦੇ ਇੱਕੋ ਇੱਕ ਮਹਾਨ ਕੀਰਤਨੀਏ ਨੂੰ ਪਦਮਸ੍ਰੀ ਅਵਾਰਡ ਨਾਲ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਨੇ ਸਨਮਾਨਿਤ ਕੀਤਾ ਹੋਵੇ, ਉਹ ਵੀ ਭੇਦ ਭਾਵ ਦਾ ਸਿਕਾਰ ਹੋਵੇ । ਉਹ ਮੈਨੂੰ ਦੱਸਦੇ ਸੀ ਕਿ ਕੁਲਵੰਤ ਮੇਰਾ ਜਨਮ ਮਜ਼੍ਹਬੀ ਸਿੱਖ ਸਮਾਜ ਵਿੱਚ ਹੋਣਾ ਹੀ ਸਭ ਤੋਂ ਵੱਡਾ ਗੁਨਾਹ ਬਣ ਗਿਆ। ਮੈਂ ਸਿੱਖ ਕੌਮ ਦਾ ਇੱਕੋ ਇੱਕ ਰਾਗੀ ਹਾਂ ਜਿਸ ਨੂੰ ਰਾਸ਼ਟਰਪਤੀ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਉੱਚ ਜਾਤੀ ਧਰਮ ਦੇ ਠੇਕੇਦਾਰਾਂ ਨੇ ਖੁਸੀ ਮਨਾਉਣ ਦੀ ਥਾਂ ਦੁਖੀ ਹੋਏ। ਉਹ ਕਹਿੰਦੇ ਸਨ ਕਿ ਜੇਕਰ ਮੇਰੀ ਜਗ੍ਹਾ ਕਿਸੇ ਕਥਿਤ ਉੱਚ ਜਾਤੀ ਦੇ ਕੀਰਤਨੀਏ ਨੂੰ ਪਦਮਸ਼੍ਰੀ ਅਵਾਰਡ ਮਿਲਿਆ ਹੁੰਦਾ ਤਾਂ ਇਨ੍ਹਾਂ ਨੇ ਸਾਰਾ ਪੰਜਾਬ ਸਿਰ ਤੇ ਚੁੱਕ ਲੈਣਾ ਸੀ। ਉਨ੍ਹਾਂ ਦੀਆਂ ਇਹ ਗੱਲਾਂ ਮੈਨੂੰ ਬੇਚੈਨ ਵੀ ਕਰਦੀਆਂ ਸਨ ਕਿ ਜੇਕਰ ਇੱਕ ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਵੀ ਜਾਤੀ ਅਧਾਰ ਤੇ ਭੇਦਭਾਵ ਦਾ ਸਾਹਮਣਾ ਕਰਦੀ ਰਹੀ ਤਾਂ ਸਧਾਰਨ ਦਲਿਤ ਦੀ ਹਾਲਤ ਦਾ ਅੰਦਾਜਾ ਤੁਸੀ ਸਹਿਜੇ ਹੀ ਲਗਾ ਸਕਦੇ ਹੋ। ਖੈਰ ਭਾਈ ਨਿਰਮਲ ਸਿੰਘ ਨਾਲ ਮੁਲਾਕਾਤ ਨਾ ਕਰਨ ਦਾ ਮਲਾਲ ਮੈਨੂੰ ਜ਼ਿੰਦਗੀ ਭਰ ਰਹੇਗਾ।

– ਕੁਲਵੰਤ ਸਿੰਘ ਟਿੱਬਾ
ਸੰਪਰਕ – +91-92179-71379

Previous articleਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਦਾ ਮਾਮਲਾ- ਪੰਜਾਬ ਸਰਕਾਰ ਦੇ ਇਸ ਅਣਮਨੁੱਖੀ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ  – ਪੰਥਕ ਆਗੂ ਯੂ.ਕੇ
Next articleRonaldo gets a haircut from girlfriend Georgina