ਪਟਿਆਲਾ ’ਚ ਪੰਜਾਬ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ

ਪਟਿਆਲਾ (ਸਮਾਜਵੀਕਲੀ) : ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਮਿਸ਼ਨ ਫ਼ਤਿਹ ਤਹਿਤ ਅੱਜ ਨਿਵੇਕਲਾ ਉਪਰਾਲਾ ਕਰਦਿਆਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸੂਬੇ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤਾ ਹੈ। ਇਥੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਪਲਾਜ਼ਮਾਥਰੈਪੀ ਨਾਲ ਕੀਤਾ ਜਾਵੇਗਾ।

ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਪੰਜਾਬ ਦੇ ਇਸ ਪਲੇਠੇ ਪਲਾਜ਼ਮਾ ਬੈਂਕ ਨੂੰ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਮੈਡੀਸਨ ਵਿਭਾਗ ਦੇ ਮੁਖੀ ਡਾ. ਆਰਪੀਐੱਸ ਸਿਬੀਆ, ਪਲਾਜ਼ਮਾ ਬੈਂਕ ਦੇ ਨੋਡਲ ਅਫ਼ਸਰ ਡਾ. ਰਜਨੀ ਬਸੀ ਮੌਜੂਦ ਸਨ। ਵੀਡੀਓ ਕਾਨਫਰੰਸਿੰਗ ਰਾਹੀਂ ਸ੍ਰੀਮਤੀ ਪਰਨੀਤ ਕੌਰ ਨੇ ਕੋਵਿਡ-19 ਦੀ ਜੰਗ ਜਿੱਤ ਚੁੱਕੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਮਰੀਜਾਂ ਨੂੰ ਵੀ ਇਹ ਜੰਗ ਜਿੱਤਣ ‘ਚ ਮਦਦ ਕਰਨ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ।

ਕੈਬਨਿਟ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੰਜਾਬ ਵਿੱਚ ਸਥਾਪਤ ਹੋਇਆ ਪਹਿਲਾ ਪਲਾਜ਼ਮਾ ਬੈਂਕ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਸੂਬੇ ‘ਚ ਵੱਖ-ਵੱਖ ਸਫਲਤਾਪੂਰਵਕ ਟ੍ਰਾਇਲ ਕੀਤੇ ਗਏ ਸਨ, ਜਿਨ੍ਹਾਂ ਕਰਕੇ ਪਲਾਜ਼ਮਾ ਬੈਂਕ ਦੀ ਸਥਾਪਨਾ ਦਾ ਰਾਹ ਪੱਧਰਾ ਹੋਇਆ। ਕਰੋਨਾ ਤੋਂ ਸਿਹਤਯਾਬ ਹੋ ਚੁੱਕਿਆ ਕੋਈ ਵੀ ਮਰੀਜ਼ 28 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ।

ਵੀਡੀਓ ਕਾਨਫਰੰਸਿੰਗ ਰਾਹੀਂ ਹੀ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਨੇ ਦੱਸਿਆ ਕਿ ਰਜਿੰਦਰਾ ਹਸਤਾਲ ਵਿੱਚ ਕੋਵਿਡ ਦੇ ਮਰੀਜ਼ਾਂ ਲਈ 600 ਬਿਸਤਰਿਆਂ ਵਾਲੀ ਇਕਾਂਤਵਾਸ (ਆਈਸੋਲੇਸ਼ਨ) ਸਹੂਲੀਅਤ, ਜਿਸ ਵਿੱਚ ਹਰੇਕ ਬੈੱਡ ਨਾਲ 100 ਫੀਸਦੀ ਆਕਸਜੀਨ ਸਪਲਾਈ ਹੈ ਤੋਂ ਇਲਾਵਾ ਗੰਭੀਰ ਰੂਪ ਵਿੱਚ ਬਿਮਾਰੀ ਮਰੀਜ਼ਾਂ ਲਈ 54 ਵੈਂਟੀਲੇਟਰ ਵੀ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੈਂਟੀਲੇਟਰਾਂ ਦੀ ਗਿਣਤੀ 100 ਤੱਕ ਪਹੁੰਚ ਜਾਵੇਗਾ।

ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਪਲਾਜ਼ਮਾ ਮਸ਼ੀਨਾਂ ਨਾਲ ਲੈਸ ਪਲਾਜ਼ਮਾਂ ਬੈਂਕ ਵਿਖੇ ਛੇਤੀ ਹੀ ਤੀਜੀ ਮਸ਼ੀਨ ਲਿਆਂਦੀ ਜਾਵੇਗੀ ਤੇ ਐਂਟੀਬਾਡੀ ਟੈਸਟਿੰਗ ਲਈ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ। ਇਸ ਮੌਕੇ ਡਾ. ਰਮੇਸ਼ ਕੁਮਾਰ ਕੁੰਡਲ ਤੇ ਡਾ. ਕੰਵਲਜੀਤ ਕੌਰ ਮੌਜੂਦ ਸਨ।

Previous articleਖੇਤੀ ਆਰਡੀਨੈਂਸ: ਲੰਬੀ ’ਚ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ; ਚਾਰ ਜ਼ਖ਼ਮੀ
Next articleਅਮਰਨਾਥ ਯਾਤਰਾ ਰੱਦ