ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’

ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਆਪਣੇ ਫੋਨ ਟੈਪ ਹੋਣ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਉਭਾਰਿਆ

ਪਟਿਆਲਾ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਵਿਧਾਇਕ ਇਥੋਂ ਦੇ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਹਨ। ਇਥੋਂ ਤੱਕ ਕਿ ਉਨ੍ਹਾਂ ਜ਼ਿਲ੍ਹੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਅਤੇ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਨਾ ਹੋਣ ਸਮੇਤ ਵਿਧਾਇਕਾਂ ਦੇ ਫੋਨ ਟੈਪ ਕਰਨ ਦੇ ਦੋਸ਼ ਵੀ ਲਾਏ ਹਨ। ਇਹ ਮਾਮਲਾ ਉਨ੍ਹਾਂ ਨੇ ਅੱਜ ਇਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠਾਂ ਹੋਈ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਉਠਾਇਆ। ਇਸ ਦੌਰਾਨ ਜ਼ਿਲ੍ਹੇ ਦੀ ਅਫ਼ਸਰਸ਼ਾਹੀ ਵੀ ਮੌਜੂਦ ਸੀ। ਇੱਕ ਵਿਧਾਇਕ ਨੇ ਤਾਂ ਇੱਕ ਅਧਿਕਾਰੀ ਦੀ ਮੌਜੂਦਗੀ ਵਿਚ ਹੀ ਉਸ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ। ਅਜਿਹੇ ਦੋਸ਼ ਲਾਉਣ ਵਾਲ਼ੇ ਵਿਧਾਇਕਾਂ ਵਿੱਚ ਹਰਦਿਆਲ ਸਿੰਘ ਕੰਬੋਜ (ਰਾਜਪੁਰਾ), ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ (ਘਨੌਰ) ਅਤੇ ਕਾਕਾ ਰਾਜਿੰਦਰ ਸਿੰਘ (ਸਮਾਣਾ) ਦੇ ਨਾਮ ਸ਼ਾਮਲ ਹਨ। ਵਿਧਾਇਕ ਕੰਬੋਜ ਨੇ ਪਟਿਆਲਾ ਦੇ ਐੱਸਡੀਐੱਮ ’ਤੇ ਇੱਕ ਮਾਮਲੇ ’ਚ ਉਸ ਦੇ ਹਮਾਇਤੀ ਇੱਕ ਕਾਂਗਰਸੀ ਆਗੂ ਤੋਂ ਕਥਿਤ ਰੂਪ ’ਚ ਸੱਤ ਲੱਖ ਰੁਪਏ ਮੰਗਣ ਦੇ ਦੋਸ਼ ਲਾਏ। ਵਿਧਾਇਕ ਦਾ ਇਹ ਵੀ ਕਹਿਣਾ ਸੀ ਕਿ ਬਾਅਦ ’ਚ ਇਸ ਮਾਮਲੇ ਬਾਰੇ ਅਧਿਕਾਰੀ ਨੇ ਉਸ ਨੂੰ ਵੀ ਫੋਨ ਕੀਤਾ। ਵਿਧਾਇਕ ਨੇ ਜਦੋਂ ਇਹ ਮਾਮਲਾ ਉਠਾਇਆ, ਤਾਂ ਐੱਸਡੀਐੱਮ ਵੀ ਇਸ ਮੀਟਿੰਗ ’ਚ ਮੌਜੂਦ ਸਨ। ਬਾਅਦ ’ਚ ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਐੱਸਡੀਐੱਮ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਸ ਸਬੰਧੀ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਹਰਦਿਆਲ ਕੰਬੋਜ ਨੇ ਸੀਆਈਏ ਰਾਜਪੁਰਾ ਦੇ ਅਧਿਕਾਰੀਆਂ ’ਤੇ ਇੱਕ ਲੱਖ ਨਸ਼ੀਲੀਆਂ ਗੋਲ਼ੀਆਂ ਸਣੇ ਫੜੇ ਇੱਕ ਵਿਅਕਤੀ ਨੂੰ ਕਥਿਤ ਰੂਪ ਵਿਚ ਛੱਡਣ ਦੇ ਦੋਸ਼ ਵੀ ਲਾਏ।
ਜਲਾਲਪੁਰ ਨੇ ਆਪਣੇ ਹਲਕੇ ਦੇ ਪਿੰਡ ਤਖਤੂਮਾਜਰਾ ਤੇ ਕਾਂਗਰਸੀ ਸਰਪੰਚ ਹਰਸੰਗਤ ਸਿੰਘ ’ਤੇ ਅਕਾਲੀ ਕਾਰਕੁਨਾਂ ਵੱਲੋਂ ਪਹਿਲਾਂ ਥਾਣੇ ਅਤੇ ਫੇਰ ਹਸਪਤਾਲ ਵਿਚ ਜਾ ਕੇ ਤੇਜ਼ਧਾਰ ਹਥਿਆਰਾਂ ਨਾਲ਼ ਹਮਲਾ ਕਰਨ ਦੀ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਾਰ ਦਿਨਾਂ ਬਾਅਦ ਪੁਲੀਸ ਨੇ ਚਾਲੀ ਹਮਲਾਵਰਾਂ ਵਿਚੋਂ ਸਿਰਫ਼ ਇੱਕ ਨੂੰ ਹੀ ਕਾਬੂ ਕੀਤਾ ਹੈ। ਅਮਨ ਕਾਨੂੰਨ ਦੀ ਸਥਿਤੀ ਕਾਬੂ ’ਚ ਨਾ ਹੋਣ ਦੀ ਗੱਲ ਕਰਦਿਆਂ, ਜਲਾਲਪੁਰ ਨੇ ਇਸ ਹਮਲੇ ਪਿੱਛੇ ਇੱੱਕ ਮਹਿਲਾ ਅਕਾਲੀ ਆਗੂ ਦਾ ਹੱਥ ਹੋਣ ਦੇ ਕਥਿਤ ਦੋਸ਼ ਵੀ ਲਾਏ। ਕਾਕਾ ਰਾਜਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਵੀ ਕੁਝ ਅਧਿਕਾਰੀਆਂ ਦਾ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਰਵੱਈਆ ਢੁਕਵਾਂ ਨਾ ਹੋਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਸੱਤ ਕਾਂਗਰਸੀ ਵਿਧਾਇਕਾਂ ਵਿਚੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਮੰਤਰੀ ਹਨ। ਇਸ ਮੌਕੇ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਜ਼ਿਲ੍ਹੇ ’ਚ ਕੁਝ ਰਾਜਸੀ ਆਗੂਆਂ ਦੀ ਸ਼ਹਿ ’ਤੇ ਸ਼ਰਾਬ ਤਸਕਰੀ, ਸੱਟੇਬਾਜ਼ੀ, ਨਾਜਾਇਜ਼ ਖਣਨ ਅਤੇ ਰਿਸ਼ਵਤਖੋਰੀ ਹੋਣ ਸਮੇਤ ਹਲਕਾ ਸਨੌਰ ’ਚ ਨਹਿਰੀ ਪਾਣੀ ਤੇ ਪੇਂਡੂ ਰੂਟਾਂ ’ਤੇ ਬੱਸਾਂ ਦੀ ਘਾਟ ਆਦਿ ਮੁੱਦੇ ਵੀ ਉਠਾਏ।

Previous articleKarnataka honours seven Bengaluru unicorns
Next articleTelecom sector debt at a massive Rs 7.88 lakh crore