ਨੰਬਰਦਾਰ ਯੂਨੀਅਨ ਨੇ ਮੁੜ ਖੋਲ੍ਹਿਆ ਪੀ.ਡਬਲਯੂ.ਡੀ ਵਿਭਾਗ ਖਿਲਾਫ਼ ਮੋਰਚਾ

ਫੋਟੋ : ਤੋੜੀ ਗਈ ਪੁਲੀ ਵਾਲੀ ਜਗ੍ਹਾ ਤੇ ਯੂਨੀਅਨ ਪ੍ਰਧਾਨ ਅਸ਼ੋਕ ਸੰਧੂ ਨਾਲ ਖੜ੍ਹੇ ਨੰਬਰਦਾਰ ਸਾਹਿਬਾਨ ਅਤੇ ਹੋਰ ਪਤਵੰਤੇ।

ਢਿੱਲ-ਮੱਠ ਦਿਖਾਈ ਤਾਂ 26 ਨੂੰ ਕਰਾਂਗੇ ਪ੍ਰਦਰਸ਼ਨ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :  ਜਦੋਂ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਡੱਕਾ ਲਗਾਕੇ ਮੂੰਹ ਚੜਾਉਣ ਲੱਗ ਪੈਂਦੀਆਂ ਹਨ, ਲੋਕ ਤਰਾਹੀਮਾਮ-ਤਰਾਹੀਮਾਮ ਕਰਨ ਲੱਗ ਪੈਂਦੇ ਹਨ ਉਦੋਂ ਨੰਬਰਦਾਰ ਯੂਨੀਅਨ ਦੇ ਨੁਮਾਇੰਦੇ ਵਿਕਾਸ ਕਾਰਜਾਂ ਨੂੰ ਨੇਪੜੇ ਚਾੜਣ ਲਈ ਅੱਗੇ ਆਉਂਦੇ ਹਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਵਿਕਾਸ ਕਾਰਜਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਅਕਸਰ ਮਜ਼ਬੂਤੀ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਸਰਕਾਰੀ ਹਸਪਤਾਲ, ਸੜਕਾਂ, ਬਿਜਲੀ, ਸੀਵਰੇਜ ਜਾਂ ਫ਼ਿਰ ਗੰਦੇ ਪਾਣੀ ਆਦਿ ਦੇ ਮਸਲੇ ਹੱਲ ਕਰਨ ਵਿੱਚ ਨੰਬਰਦਾਰ ਯੂਨੀਅਨ ਨੇ ਉਸਾਰੂ ਸੋਚ ਦੇ ਲੋਕਾਂ ਨੂੰ ਨਾਲ ਲੈ ਕੇ ਕਾਮਯਾਬੀ ਨਾਲ ਆਪਣੇ ਕਦਮ ਵਧਾਏ ਅਤੇ ਸ਼ਹਿਰ ਪ੍ਰਤੀ ਆਪਣੇ ਫਰਜ਼ ਨਿਭਾਏ।

ਇਸੇ ਕੜੀ ਦੇ ਚਲਦਿਆਂ ਵਿਕਾਸ ਕਾਰਜਾਂ ਵੱਲ ਆਪਣੇ ਕਦਮ ਅੱਗੇ ਲਿਜਾਂਦਿਆ ਨੰਬਰਦਾਰ ਯੂਨੀਅਨ ਨੇ ਨਕੋਦਰ ਰੋਡ ਨੂਰਮਹਿਲ ਵਿਖੇ ( ਦਿਵਿਆ ਜਯੋਤੀ ਆਸ਼ਰਮ ਵੱਲ ਜਾਂਦੀ ਸੜਕ ) ਪ੍ਰਮੁੱਖ ਪੁਲੀ ਨੂੰ ਬਣਵਾਉਣ ਲਈ ਪੀ.ਡਬਲਯੂ.ਡੀ ਵਿਭਾਗ ਖਿਲਾਫ਼ ਮੋਰਚਾ ਖੋਹਲਿਆ ਹੈ। ਦੱਸ ਦੇਈਏ ਕਿ ਇਹ ਪੁਲੀ ਨੂਰਮਹਿਲ-ਨਕੋਦਰ ਰੋਡ ਦੀ ਪ੍ਰਮੁੱਖ ਪੁਲੀ ਹੈ ਅਤੇ ਪੀ.ਡਬਲਯੂ.ਡੀ ਵਿਭਾਗ ਨੇ ਸਾਰੀ ਸੜਕ ਪੁੱਟਕੇ ਲੋਕਾਂ ਨੂੰ ਬੀਤੇ 3/4 ਮਹੀਨਿਆਂ ਤੋਂ ਪੜ੍ਹਨੇ ਪਾਇਆ ਹੋਇਆ ਹੈ। ਪੀ.ਡਬਲਯੂ.ਡੀ ਵਿਭਾਗ ਦੀ ਨਾਲਾਇਕੀ ਨੇ ਜਿੱਥੇ ਵੱਡੇ ਵਾਹਨਾਂ ਨੂੰ ਬਹੁਤ ਵੱਡੇ ਖ਼ਤਰੇ ਵਿੱਚ ਪਾਇਆ ਹੋਇਆ ਹੈ ਉੱਥੇ ਛੋਟੇ ਵਾਹਨਾਂ ਅਤੇ ਰਾਹਗੀਰਾਂ ਲਈ ਵੀ ਲੰਘਣਾ ਬਹੁਤ ਦੁਭਰ ਬਣਿਆ ਹੋਇਆ ਹੈ।

ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਸਮੇਤ ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਗੁਰਮੇਲ ਚੰਦ ਮੱਟੂ, ਪੀ.ਆਰ.ਓ ਜਗਨ ਨਾਥ ਚਾਹਲ, ਕੈਸ਼ੀਅਰ ਰਾਮ ਦਾਸ ਬਾਲੂ, ਦਲਜੀਤ ਸਿੰਘ ਭੱਲੋਵਾਲ, ਤਰਸੇਮ ਲਾਲ ਉੱਪਲ ਖਾਲਸਾ, ਜਰਨੈਲ ਸਿੰਘ ਗਦਰਾ, ਗੁਰਦੇਵ ਚੰਦ ਭੱਲੋਵਾਲ, ਸੁਰਿੰਦਰ ਪਾਲ ਸਿੰਘ ਬੁਰਜ ਖੇਲਾ, ਜੀਤ ਰਾਮ ਸ਼ਾਮਪੁਰ, ਬੂਟਾ ਰਾਮ ਚੀਮਾਂ ਕਲਾਂ, ਅਜੀਤ ਰਾਮ ਤਲਵਣ, ਸੀਤਾ ਰਾਮ ਸੋਖਲ, ਲਾਇਨ ਦਿਨਕਰ ਸੰਧੂ, ਨਵਦੀਪ, ਦੇਵ ਰਾਜ ਸੁਮਨ ਸਾਬਕਾ ਕੌਸਲਰ ਨੇ ਪੀ.ਡਬਲਯੂ.ਡੀ ਵਿਭਾਗ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਵਿਭਾਗ ਇਸ ਪੁਲੀ ਨੂੰ ਬਣਾਉਣ ਵਿੱਚ ਅਸਮਰਥ ਸੀ ਤਾਂ ਫ਼ਿਰ ਚਾਲੂ ਹਾਲਤ ਵਿੱਚ ਬਣੇ ਬਣਾਏ ਢਾਂਚੇ ਨੂੰ ਤੋੜਨ ਦੀ ਕੀ ਜ਼ਰੂਰਤ ਸੀ। ਲਿਹਾਜ਼ਾ 26 ਜਨਵਰੀ ਤੱਕ ਇਸ ਪੁਲੀ ਦੀ ਉਸਾਰੀ ਕਰਕੇ ਸੜਕ ਦੀ ਆਵਾਜਾਈ ਸੁਚਾਰੂ ਤਰੀਕੇ ਨਾਲ ਚਾਲੂ ਕੀਤੀ ਜਾਵੇ। ਢਿੱਲ-ਮੱਠ ਵਰਤਣ ਦੀ ਸੂਰਤ ਵਿੱਚ 26 ਜਨਵਰੀ ਨੂੰ ਪ੍ਰਦਰਸ਼ਨ ਕੀਤੇ ਜਾਣ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Previous articleआर सी एफ इम्प्लाइज यूनियन की महाप्रबंधक आर.सी.एफ के साथ हुई अहम बैठक
Next articleIndia has world’s largest diaspora: UN