ਨੌਜਵਾਨ ਵੱਲੋਂ ਖੁਦਕੁਸ਼ੀ, ਛੇ ਖ਼ਿਲਾਫ਼ ਮਾਮਲਾ ਦਰਜ

ਘਰਵਾਲੀ ਅਤੇ ਸਹੁਰਿਆਂ ਦੇ ਨਿੱਤ ਦਿਨ ਦੇ ਤਾਅਨਿਆਂ ਤੋਂ ਤੰਗ ਆ ਕੇ ਗੁਰਦਾਸਪੁਰ ਨਿਵਾਸੀ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਤਨੀ ਤੋਂ ਇਲਾਵਾ ਉਸਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਦੇ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ | ਵਿਸ਼ਾਲ ਜੋਸ਼ੀ ਨਾਮ ਦੇ ਇਸ ਨੌਜਵਾਨ ਨੇ ਸਲਫ਼ਾਸ ਨਿਗਲਣ ਤੋਂ ਪਹਿਲਾਂ ਐਸਐਸਪੀ ਦੇ ਨਾਮ ਲਿਖੇ ਖੁਦਕੁਸ਼ੀ ਨੋਟ ਵਿੱਚ ਆਪਣੀ ਮਾਨਸਿਕ ਪਰੇਸ਼ਾਨੀ ਦਾ ਜ਼ਿਕਰ ਕਰਦਿਆਂ ਆਪਣੀ ਮੌਤ ਲਈ ਪਤਨੀ ਅਤੇ ਸਹੁਰਾ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਹੈ | ਜਾਣਕਾਰੀ ਅਨੁਸਾਰ ਵਿਸ਼ਾਲ ਜੋਸ਼ੀ (32) ਪੁੱਤਰ ਰੂਪ ਲਾਲ ਵਾਸੀ ਗੋਪਾਲ ਨਗਰ, ਗੁਰਦਾਸਪੁਰ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਕਸਬਾ ਕਾਹਨੂੰਵਾਨ ਦੀ ਆਸ਼ਿਮਾ ਕਾਲੀਆ ਪੁੱਤਰੀ ਕਿਸ਼ੋਰ ਕਾਲੀਆ ਨਾਲ ਹੋਇਆ ਸੀ | ਵਿਸ਼ਾਲ ਇਸ ਸਮੇਂ ਬਾਲ ਸੁਰੱਖਿਆ ਦਫ਼ਤਰ ਆਫ਼ਿਸ, ਪਠਾਨਕੋਟ ਵਿੱਚ ਅਤੇ ਉਸਦੀ ਪਤਨੀ ਆਸ਼ਿਮਾ ਵੀ ਗੁਰਦਾਸਪੁਰ ਸਥਿਤ ਇਸੇ ਵਿਭਾਗ ਦੇ ਦਫ਼ਤਰ ਵਿੱਚ ਤੈਨਾਤ ਹੈ | ਵਿਆਹ ਤੋਂ ਬਾਅਦ ਇਸ ਜੋੜੇ ਨੂੰ ਔਲਾਦ ਦਾ ਸੁਖ ਨਸੀਬ ਨਹੀਂ ਹੋਇਆ | ਵਿਸ਼ਾਲ ਦੇ ਦੋ ਸਫ਼ਿਆਂ ਦੇ ਖ਼ੁਦਕੁਸ਼ੀ ਨੋਟ ਅਨੁਸਾਰ ਉਹ ਕਾਫ਼ੀ ਡਾਕਟਰਾਂ ਨੂੰ ਮਿਲ ਕੇ ਚੈੱਕਅਪ ਕਰਵਾਉਂਦੇ ਰਹੇ ਅਤੇ ਡਾਕਟਰਾਂ ਨੇ ਉਸਦੀਸਰੀਰਿਕ ਜਾਂਚ ਵਿੱਚ ਉਸਨੂੰ ਬਿਲਕੁਲ ਫਿਟ ਦੱਸਿਆ ਪਰ ਆਸ਼ਿਮਾ ਵਿੱਚ ਕੁਝ ਸਰੀਰਿਕ ਸਮੱਸਿਆ ਦੱਸੀ ਜਿਸ ਕਾਰਨ ਉਹ ਮਾਂ ਨਹੀਂ ਬਣ ਸਕ ਰਹੀ ਸੀ | ਇਸ ਦੇ ਬਾਵਜੂਦ ਉਸਦੀ ਪਤਨੀ ਅਤੇ ਸਹੁਰਾ ਪਰਿਵਾਰ ਵਾਲੇ ਉਸਨੂੰ ਸਮੇਂ-ਸਮੇਂ ਤਾਅਨੇ ਦਿੰਦੇ ਰਹੇ ਕਿ ਉਸਨੇ ਉਨ੍ਹਾਂ ਦੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ | ਉਸ ’ਤੇ ਇਹ ਇਲਜ਼ਾਮ ਵੀ ਲਗਾਏ ਜਾਂਦੇ ਰਹੇ ਕਿ ਉਸਦੇ ਬਾਹਰ ਕਿਸੇ ਨਾਲ ਨਾਜਾਇਜ਼ ਸੰਬੰਧ ਹਨ | ਵਿਸ਼ਾਲ ਨੇ ਇਹ ਵੀ ਲਿਖਿਆ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰਖਦਾ ਹੈ ਅਤੇ ਉਸਦੀ ਤਨਖਾਹ ਸਿਰਫ਼ 4915 ਰੁਪਏ ਮਾਸਿਕ ਹੈ | ਬੀਤੀ ਰਾਤ ਬਹਿਰਾਮਪੁਰ ਰੋਡ ਸਥਿਤ ਇੱਕ ਨਿੱਜੀ ਸਕੂਲ ਦੇ ਸਾਹਮਣੇ ਖਾਲੀ ਪਲਾਟ ਵਿੱਚ ਸਲਫਾਸ ਨਿਗਲ ਲਈ ਅਤੇ ਇਸਦੇ ਬਾਅਦ ਆਪਣੇ ਭਰਾ ਸੁਨੀਲ ਜੋਸ਼ੀ ਨੂੰ ਫੋਨ ਕੀਤਾ ਜਿਸ ਤੇ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ | ਸਿਟੀ ਪੁਲੀਸ ਸਟੇਸ਼ਨ , ਗੁਰਦਾਸਪੁਰ ਦੇ ਥਾਣਾ ਮੁਖੀ ਕੁਲਵੰਤ ਸਿੰਘ ਅਤੇ ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਦੇ ਖੁਦਕੁਸ਼ੀ ਨੋਟ ਅਤੇ ਉਸਦੇ ਭਰਾ ਸੁਨੀਲ ਜੋਸ਼ੀ ਦੇ ਬਿਆਨਾਂ ਦੇ ਆਧਾਰ ’ਤੇ ਉਸਦੀ ਪਤਨੀ ਆਸ਼ਿਮਾ, ਸੱਸ ਪਿੰਕੀ, ਸਹੁਰਾ ਕਿਸ਼ੋਰ ਕਾਲੀਆ, ਚਾਚਾ ਸਹੁਰਾ ਮੁਰਲੀ, ਭੂਆ ਸੱਸ ਅਤੇ ਉਸ ਦੇ ਲੜਕੇ ਮਨੀ ਖਿਲਾਫ਼ ਮਾਮਲਾ ਧਾਰਾ 306 ਦੇ ਤਹਿਤ ਦਰਜ ਕਰ ਲਿਆ ਹੈ|

Previous articleਧਨਾਸ ਦੇ ਨੌਜਵਾਨ ਦੀ ਚੰਡੀਗੜ੍ਹ ’ਚੋਂ ਲਾਸ਼ ਮਿਲੀ
Next articleਕਸ਼ਿਅਪ ਦਾ ਪਾਸਪੋਰਟ ਗੁਆਚਿਆ, ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ