ਨੌਜਵਾਨ ਦੀ ਹਾਦਸੇ ’ਚ ਮੌਤ, ਲੋਕਾਂ ਨੇ ਬੱਸ ਨੂੰ ਅੱਗ ਲਾਈ

ਬਸਤੀ ਜੋਧੇਵਾਲ ਵਿੱਚ ਉਸਾਰੀ ਅਧੀਨ ਪੁਲ ’ਤੇ ਵੀਰਵਾਰ ਨੂੰ ਪੰਜਾਬ ਰੋਡਵੇਜ਼ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਨਗਰ ਵਾਸੀ ਅਰਵਿੰਦ ਭੂਸ਼ਨ ਉਰਫ਼ ਜੌਨੀ (44) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਵਾਸੀ ਅਰਵਿੰਦ ਵੀਰਵਾਰ ਸਵੇਰੇ ਆਪਣੀ ਲੜਕੀ ਦੀ ਦਵਾਈ ਲੈਣ ਲਈ ਮੋਟਰਸਾਈਕਲ ’ਤੇ ਸੁੰਦਰ ਨਗਰ ਲਈ ਨਿਕਲਿਆ ਸੀ। ਜਿਵੇਂ ਹੀ ਉਹ ਉਸਾਰੀ ਅਧੀਨ ਪੁਲ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਤੇਜ਼ ਰਫ਼ਤਾਰ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ। ਬੱਸ ਮੋਟਰਸਾਈਕਲ ਸਵਾਰ ਨੂੰ ਕਾਫ਼ੀ ਦੂਰ ਤੱਕ ਘੜੀਸਦੀ ਹੋਈ ਲੈ ਗਈ। ਅਰਵਿੰਦ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦੇ ਹੀ ਸੁਭਾਸ਼ ਨਗਰ ਇਲਾਕੇ ਦੇ ਲੋਕ ਘਟਨਾ ਸਥਾਨ ’ਤੇ ਇਕੱਠੇ ਹੋ ਗਏ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਕਾਰਨ ਚੌਕ ਨੇੜੇ ਜਾਮ ਲਗ ਗਿਆ। ਚੌਕ ’ਤੇ ਖੜ੍ਹੇ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਲਾਸ਼ ਲਾਂਭੇ ਕਰਕੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਪ੍ਰਦਰਸ਼ਨਕਾਰੀ ਭੜਕ ਗਏ। ਰੋਹ ਵਧਦਾ ਦੇਖ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬੱਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਭੰਨ ਤੋੜ ਮਗਰੋਂ ਬੱਸ ਨੂੰ ਅੱਗ ਲਾ ਦਿੱਤੀ। ਇਸੇ ਦੌਰਾਨ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ।
ਇਹ ਹਾਦਸਾ ਸਵੇਰੇ ਸਾਢੇ 9 ਵਜੇ ਦੇ ਕਰੀਬ ਵਾਪਰਿਆ। ਘਟਨਾ ਦੀ ਸੂਚਨਾ ਦਿੱਤੇ ਜਾਣ ਦੇ ਬਾਅਦ ਵੀ ਪੁਲੀਸ ਦੇਰੀ ਨਾਲ ਮੌਕੇ ’ਤੇ ਪੁੱਜੀ। ਮੌਕੇ ’ਤੇ ਪੁੱਜੇ ਪੁਲੀਸ ਮੁਲਾਜ਼ਮ ਭੀੜ ਅੱਗੇ ਬੇਵਸ ਜਾਪ ਰਹੇ ਸਨ। ਘਟਨਾ ਦਾ ਪਤਾ ਚੱਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਜਾਣਕਾਰੀ ਮਿਲੀ ਹੈ ਕਿ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਮਾੜਾ ਵਿਹਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਕਾਫ਼ੀ ਸਮੇਂ ਤੱਕ ਬੱਸ ਦਾ ਡਰਾਈਵਰ ਮੌਕੇ ’ਤੇ ਮੌਜੂਦ ਸੀ, ਪਰ ਪੁਲੀਸ ਦੇ ਆਉਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ। ਅਰਵਿੰਦ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਘਰ ਦੀ ਪੂਰੀ ਜ਼ਿੰਮੇਵਾਰੀ ਉਸ ’ਤੇ ਸੀ।
ਏਸੀਪੀ ਦਵਿੰਦਰ ਚੌਧਰੀ ਨੇ ਕਿਹਾ ਕਿ ਪੁਲੀਸ ਨੇ ਬੱਸ ਡਰਾਈਵਰ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਹੈ। ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਲੋਕਾਂ ਨੇ ਕਿਹਾ ਕਿ ਚੌਕ ਕੋਲ ਕੋਈ ਕੱਟ ਨਹੀਂ ਹੈ, ਜਿਸ ਕਾਰਨ ਲੋਕ ਉਪਰੋਂ ਘੁੰਮਣ ਦੀ ਬਜਾਏ ਗ਼ਲਤ ਸਾਈਡ ਆਉਂਦੇ ਜਾਂਦੇ ਹਨ। ਵੱਡੇ ਵਾਹਨ ਵੀ ਹੌਲੀ ਲੰਘਣ ਦੀ ਥਾਂ ਤੇਜ਼ੀ ਨਾਲ ਨਿਕਲਦੇ ਹਨ, ਜਿਸ ਕਾਰਨ ਰੋਜ਼ਾਨਾ ਇਥੇ ਹਾਦਸੇ ਵਾਪਰਦੇ ਹਨ।

Previous articleਬਾਦਲ ਵਲੋਂ ਮੋਦੀ ਦੀ ਲਿੰਕਨ ਨਾਲ ਤੁਲਨਾ
Next articleਚੇਨੱਈ ਅੱਠਵੀਂ ਵਾਰ ਫਾਈਨਲ ’ਚ; ਟੱਕਰ ਮੁੰਬਈ ਨਾਲ