ਨੇੜਲਿਆਂ ਦੀ ਬਗ਼ਾਵਤ ਨੇ ਕੈਪਟਨ ਅਮਰਿੰਦਰ ਨੂੰ ਚਿੰਤਾ ‘ਚ ਪਾਇਆ, ਵਿਦੇਸ਼ ਦੌਰੇ ਤੋਂ ਵਾਪਸ ਪਰਤੇ ਮੁੱਖ ਮੰਤਰੀ

ਪਟਿਆਲਾ : ਪੰਜਾਬ ਕਾਂਗਰਸ ਦੀ ਟੀਮ ਵਿਚ ਆਪਣੇ ਹੀ ਨਜ਼ਦੀਕੀਆਂ ਦੀ ਬਗ਼ਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਆਪਣੇ ਹੀ ਜ਼ਿਲ੍ਹੇ ਵਿਚਲੇ ‘ਮਹਿਲਾਂ ਦੇ ਨੇੜਲਿਆਂ’ ਵਿਚ ਮੰਨੇ ਜਾਣ ਵਾਲੇ ਵਿਧਾਇਕਾਂ ਦੀ ਬਗ਼ਾਵਤ ਕਰਕੇ ਮੁੱਖ ਮੰਤਰੀ ਨੂੰ ਵਿਦੇਸ਼ ਦੌਰੇ ‘ਤੋਂ ਪਰਤਣਾ ਪਿਆ ਹੈ।

ਸੂਤਰਾਂ ਅਨੁਸਾਰ ਅਗਲੇ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਵਿਧਾਇਕਾਂ ਨਾਲ ਮੁਲਾਕਾਤ ਵੀ ਕੀਤੀ ਜਾਣੀ ਹੈ, ਜਿਸ ਤੋਂ ਬਾਅਦ ਮਸਲੇ ਦੇ ਸ਼ਾਂਤ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਗਏ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਤੈਅ ਪ੍ਰਰੋਗਰਾਮ ਅਨੁਸਾਰ 29 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਣਾ ਸੀ ਪਰ ਉਹ 25 ਨਵੰਬਰ ਨੂੰ ਹੀ ਦੇਸ਼ ਪਰਤ ਆਏ ਹਨ। ਤੈਅ ਸਮੇਂ ਤੋਂ ਪਹਿਲਾਂ ਮੁੱਖ ਮੰਤਰੀ ਦੇਸ਼ ਵਾਪਸੀ ਨੂੰ ਉਨ੍ਹਾਂ ਦੇ ਵਿਧਾਇਕਾਂ ਦੀ ਬਗ਼ਾਵਤ ਨੂੰ ਮੰਨਿਆ ਜਾ ਰਿਹਾ ਹੈ।

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨ ਵਾਲੇ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਤੇ ਕਾਕਾ ਰਜਿੰਦਰ ਸਿੰਘ ਨੂੰ ‘ਮਹਿਲਾਂ ਦੇ ਨੇੜਲਿਆਂ’ ਵਿਚ ਗਿਣਿਆ ਜਾਂਦਾ ਹੈ। ਇਨ੍ਹਾਂ ਵਿਚੋਂ ਵਿਧਾਇਕ ਜਲਾਲਪੁਰ ਪਹਿਲੀ ਕਤਾਰ ਵਿਚ ਹਨ ਤੇ ਇਨ੍ਹਾਂ ਵੱਲੋਂ ਹੀ ਸਭ ਤੋਂ ਪਹਿਲਾਂ ਬਗ਼ਾਵਤ ਦਾ ਝੰਡਾ ਚੁੱਕਿਆ ਗਿਆ।

ਜਲਾਲਪੁਰ ਵੱਲੋਂ ਲੋਕ ਸਭਾ ਚੋਣਾਂ ਵਿਚ ਵੀ ਪਰਨੀਤ ਕੌਰ ਦੀ ਚੋਣ ਮੁਹਿੰਮ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਗਈ ਸੀ ਤੇ ਉਨ੍ਹਾਂ ਦੇ ਹਲਕੇ ਵਿਚੋਂ ਪਰਨੀਤ ਕੌਰ ਨੂੰ ਸਭ ਤੋਂ ਵੱਧ ਵੋਟਾਂ ਪਈਆਂ।

ਹਰਦਿਆਲ ਸਿੰਘ ਕੰਬੋਜ ਦੀ ‘ਮਹਿਲਾਂ’ ਦੀ ਨਜ਼ਦੀਕੀ ਦੇ ਚੱਲਦਿਆਂ ਉਹ ਲੰਮਾਂ ਸਮਾਂ ਦਿਹਾਤੀ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ‘ਤੇ ਰਹੇ ਹਨ ਤੇ ਹੁਣ ਫਿਰ ਵਿਧਾਇਕ ਬਣਨ ਤੋਂ ਬਾਅਦ ਕੈਬਨਿਟ ਵਿਚ ਜਗ੍ਹਾ ਮਿਲਣ ਲਈ ਵੀ ਉਨ੍ਹਾਂ ਦਾ ਨਾਂ ਚਰਚਾ ਵਿਚ ਸੀ। ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨੇੜੇ ਰਹਿਣ ਵਾਲੇ ਵਿਧਾਇਕ ਹੀ ਆਪਣੀ ਸਰਕਾਰ ਤੋਂ ਦੂਰ ਹੋ ਗਏ ਹਨ।

Previous articlePunjab Assembly Special Session: ਸੰਵਿਧਾਨ ਦਿਵਸ ਮੌਕੇ ਵਿਧਾਨ ਸਭਾ ‘ਚ ਛਾਇਆ ਰਿਹਾ ਸੰਵਿਧਾਨਕ ਉਲੰਘਣਾ ਦਾ ਮੁੱਦਾ
Next articleMaha MLAs set for oath, Ajit Pawar hugs Supriya