ਨੂਰਮਹਿਲ ਦੇ ਜਿਮ ਸੰਚਾਲਕਾਂ ਨੇ ਤਾਲੀ-ਥਾਲੀ ਵਜਾ ਕੇ ਕੀਤਾ ਆਪਣਾ ਰੋਸ ਪ੍ਰਦਰਸ਼ਨ

ਨੂਰਮਹਿਲ ਵਿਖੇ ਜਿਮ ਦੇ ਮੁੱਢ ਅਤੇ ਧਾਰਮਿਕ ਅਸਥਾਨਾਂ ਸਾਹਮਣੇ ਖੁੱਲਿਆ ਨਵਾਂ ਠੇਕਾ ਤੁਰੰਤ ਚੁੱਕਿਆ ਜਾਵੇ

ਨੂਰਮਹਿਲ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ): ਨੂਰਮਹਿਲ ਵਿਖੇ ਜਸਟ ਵਨ ਜਿਮ ਦੇ ਬਾਹਰ ਨੂਰਮਹਿਲ ਦੇ ਜਿਮ ਸੰਚਾਲਕਾਂ ਨੇ 10 ਮਿੰਟ ਦੇ ਕਰੀਬ ਤਾਲੀ-ਥਾਲੀ ਵਜਾ/ਖੜਕਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੰਨੀ ਆਪਣੇ ਦੁੱਖੜੇ ਸੁਣਾਉਣ ਦੀ ਜ਼ਬਰਦਸਤ ਕੋਸ਼ਿਸ਼ ਕੀਤੀ। ਇਸ ਮੌਕੇ ਜਸਟ ਵਨ ਜਿਮ ਦੇ ਸੰਚਾਲਕ ਗੁਰਵਿੰਦਰ ਸੋਖਲ ਨੇ ਕਿਹਾ ਕਿ ਜਦੋਂ ਤੋਂ ਲਾਕਡਾਊਨ ਹੋਇਆ ਹੈ ਭਾਵ ਬੀਤੇ ਤਿੰਨ ਮਹੀਨਿਆਂ ਤੋਂ ਜਿਸ ਤਰ੍ਹਾਂ ਜਿਮ ਪੂਰੀ ਤਰ੍ਹਾਂ ਬੰਦ ਪਏ ਹਨ, ਅੰਦਰ ਪਈ ਲੱਖਾਂ ਰੁਪਇਆਂ ਦੀ ਮਸ਼ੀਨਰੀ ਨੂੰ ਜੰਗਾਲ ਲੱਗ ਗਿਆ ਹੈ ਅਤੇ ਜਿਮ ਸੰਚਾਲਕਾਂ ਦਾ ਬਹੁਤ ਵੱਡੇ ਪੱਧਰ ਤੇ ਜੋ ਆਰਥਿਕ ਨੁਕਸਾਨ ਹੋਇਆ ਹੈ ਉਹ ਤਾਂ ਬਿਆਨ ਕਰਨਾ ਹੀ ਬਹੁਤ ਮੁਸ਼ਕਿਲ ਹੈ।

ਬਿਜਲੀ ਦੇ ਬਿੱਲ, ਜਿਮ ਟ੍ਰੇਨਰਜ਼ ਦੇ ਖਰਚੇ, ਦੁਕਾਨਾਂ ਦੇ ਕਿਰਾਏ, ਸਫਾਈ ਕਰਮਚਾਰੀਆਂ ਦੇ ਖਰਚੇ, ਸੀਵਰੇਜ ਦੇ ਖਰਚੇ, ਪ੍ਰਾਪਰਟੀ ਟੈਕਸ, ਘਰ-ਪਰਿਵਾਰ ਗ੍ਰਹਿਸਥੀ ਚਲਾਉਣ ਦੇ ਖਰਚਿਆਂ ਆਦਿ ਨੇ ਜਿਮ ਸੰਚਾਲਕਾਂ ਦਾ ਲੱਕ ਹੀ ਤੋੜ ਦਿੱਤਾ ਹੈ। ਇਸੇ ਤਰਾਂ ਐਸ.ਆਰ ਜਿਮ ਤੋਂ ਪ੍ਰਦੀਪ ਸਿੰਘ ਅਤੇ ਗੁਰਨੂਰ ਫਿਟਨੈੱਸ ਜਿਮ ਤੋਂ ਸਤਪਾਲ ਸੁੰਦਰ ਨੇ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਚੱਲੀਏ ਤਾਂ ਇਸ ਗੱਲ ਦਾ ਢੰਡੋਰਾ ਪਿੱਟਿਆ ਜਾ ਚੁੱਕਾ ਹੈ ਕਿ ਜੇਕਰ ਕੋਰੋਨਾ ਤੋਂ ਬਚਣਾ ਹੈ ਤਾਂ ਐਕਸਰਸਾਈਜ਼ ਕਰਨਾ ਅਤਿ ਜ਼ਰੂਰੀ ਹੈ ਫ਼ਿਰ ਜਿਮ ਮੁਕੰਮਲ ਤੌਰ ਤੇ ਬੰਦ ਕਰ ਦੇਣੇ ਕਿੰਨੀ ਕੁ ਨਿਆਂ ਸੰਗਤ ਗੱਲ ਹੈ।

ਜਦਕਿ ਅਨਲਾਕ ਹੋਣ ਤੋਂ ਪਹਿਲਾਂ ਸਬਜ਼ੀਆਂ ਮੰਡੀਆਂ, ਦਾਣਾ ਮੰਡੀਆਂ ਆਦਿ ਜਿੱਥੇ ਲੋਕਾਂ ਦਾ ਵੱਡੀ ਗਿਣਤੀ ਵਿੱਚ ਜਮਾਵਣਾ ਕੰਟਰੋਲ ਤੋਂ ਬਾਹਰ ਰਿਹਾ, ਦਿਨ ਰਾਤ ਖੁਲ੍ਹੇ ਰਹੇ ਅਤੇ ਕੋਰੋਨਾ ਸੰਬੰਧੀ ਹਦਾਇਤਾਂ ਤੋਂ ਵੀ ਮੂੰਹ ਮੋੜ ਰੱਖਿਆ। ਹੁਣ ਜਦਕਿ ਦੇਸ਼ ਵਿੱਚ ਅਨਲਾਕ ਦੌਰਾਨ ਵੱਡੀਆਂ ਰਿਆਇਤਾਂ ਮਿਲ ਗਈਆਂ ਹਨ ਪਰ ਲੋਕਾਂ ਨੂੰ ਖਾਸਕਰ ਨੌਜਵਾਨੀ ਨੂੰ ਬਚਾਉਣ ਵਾਲਾ ਅਦਾਰੇ ਬਿਲਕੁਲ ਬੰਦ ਹਨ ਅਤੇ ਜਿਮ ਸੰਚਾਲਕਾਂ ਦੀ ਦਸ਼ਾ ਬਹੁਤ ਤਰਸਯੋਗ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜੇਕਰ ਜਿਮ ਨਹੀਂ ਖੋਹਲਣੇ ਤਾਂ ਜਿਮ ਸੰਚਾਲਕਾਂ ਨੂੰ ਫਾਂਸੀ ਚਾੜ ਦੇਣਾ ਚਾਹੀਦਾ ਹੈ।

ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਜਿਮ ਸੰਚਾਲਕਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜੋ ਸੁਪਨਾ ਲਿਆ ਹੈ ਉਹ ਤਾਂ ਹੀ ਪੂਰਾ ਹੋ ਸਕਦਾ ਜੇਕਰ ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਵਾਲੇ ਬੰਦ ਅਦਾਰੇ ਜਲਦੀ ਅਤੇ ਤੁਰੰਤ ਪ੍ਰਭਾਵ ਨਾਲ ਖੋਲ੍ਹੇ ਜਾਣ।

ਜ਼ਿਲ੍ਹਾ ਪ੍ਰਧਾਨ ਨੇ ਨੂਰਮਹਿਲ ਵਿਖੇ ਜਸਟ ਵਨ ਜਿਮ (ਫੈਮਿਲੀ ਜਿਮ) ਦੇ ਬਿਲਕੁਲ ਨਾਲ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੀ ਸਖ਼ਤ ਸ਼ਬਦਾਂ ਨਿੰਦਾ ਕਰਦਿਆਂ ਕਿਹਾ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਫੈਮਿਲੀ ਜਿਮ ਦੇ ਮੁੱਢ ਅਤੇ ਪ੍ਰਾਚੀਨ ਸ਼ਿਵ ਮੰਦਿਰ, ਰਾਮ ਮੰਦਿਰ ਦੇ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਕੇ ਜਿੱਥੇ ਆਪਣੇ ਅਸੱਭਿਆ ਹੋਣ ਦਾ ਪ੍ਰਮਾਣ ਦਿੱਤਾ ਹੈ ਉੱਥੇ ਇਹਨਾਂ ਠੇਕੇਦਾਰਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਹੈ ਅਤੇ ਆਪਣੇ ਨਾਸਤਿਕ ਹੋਣ ਦਾ ਵੀ ਪ੍ਰਮਾਣ ਦਿੱਤਾ ਹੈ।

ਇਸ ਮੌਕੇ ਨੰਬਰਦਾਰ ਨੂਰਮਹਿਲ ਅਸ਼ੋਕ ਸੰਧੂ, ਜਿਮ ਸੰਚਾਲਕ ਗੁਰਵਿੰਦਰ ਸੋਖਲ, ਵਰਿੰਦਰ ਸੋਖਲ, ਪ੍ਰਦੀਪ ਕੁਮਾਰ, ਸਤਪਾਲ ਸੁੰਦਰ, ਦਰਿਵ ਤਕਿਆਰ, ਸਪਰਸ਼ ਕੋਛੜ, ਪ੍ਰਿੰਸ ਵਰਮਾ, ਆਸ਼ੀਸ਼ ਗਾਬਾ, ਹਰਿੰਦਰ ਸਿੰਘ, ਇੰਦਰਜੀਤ ਸਿੰਘ, ਦਿਨਕਰ ਸੰਧੂ, ਗੁਰਜੀਤ ਸਿੰਘ ਤਲਵਣ, ਲੱਖਾ ਅਤੇ ਪ੍ਰੀਤ ਰਾਮੇਵਾਲ, ਕੁਲਵਿੰਦਰ ਸਿੰਘ ਬੈਂਸ, ਸੁਖਰਾਜ ਸਿੰਘ, ਸੁਖਮਨ ਸਿੰਘ, ਬਲਜਿੰਦਰ ਸਿੰਘ ਅਤੇ ਰਵਿੰਦਰ ਨੂਰਮਹਿਲ ਨੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਚੇਚੇ ਤੌਰ ਤੇ “ਦੀ ਜਲੰਧਰ ਜਿਮ ਆਨਰਜ਼ ਵੈਲਫੇਅਰ ਸੁਸਾਇਟੀ” ਵੱਲੋਂ ਲਏ ਫ਼ੈਸਲੇ ਮੁਤਾਬਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੰਦ ਪਏ ਜਿਮ ਕੇਂਦਰਾਂ ਨੂੰ ਜਲਦੀ ਖੋਲ੍ਹਣ ਲਈ ਜਾਗਰੂਕ ਕੀਤਾ।

Previous articleਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੇ ਵੱਖ-ਵੱਖ ਦਿਸ਼ਾ-ਨਿਰਦੇਸ਼
Next articleਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ