ਨਿੱਤ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਲੱਖਣ ਖੁਰਦ ਦਾ ਪ੍ਰਾਇਮਰੀ ਸਕੂਲ

ਜਲਦ ਜ਼ਿਲ੍ਹੇ ਦੇ ਨਾਮਵਰ ਸਮਾਰਟ ਸਕੂਲਾਂ ਵਿਚ ਹੋ ਜਾਵੇਗਾ  ਸ਼ਾਮਲ  

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਖੁਰਦ ਹੈੱਡ ਟੀਚਰ ਗੁਰਮੁਖ ਸਿੰਘ ਸਰਪੰਚ ਸਤਨਾਮ ਸਿੰਘ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਹੈ।  ਹੈੱਡਟੀਚਰ ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ    ਸੈਸ਼ਨ 2020-21 ਦੌਰਾਨ ਸਕੂਲ ਦੇ ਦਾਖਲਿਆਂ ਵਿੱਚ 29 ਫ਼ੀਸਦੀ ਵਾਧਾ ਦਰਜ ਹੋਇਆ ਹੈ ਤੇ ਇਸ ਸੈਸ਼ਨ ਵਿੱਚ ਵੀ ਦਾਖ਼ਲੇ ਸ਼ੁਰੂ ਹੁੰਦੇ ਸਕੂਲ ਵਿੱਚ ਪੰਜ ਫ਼ੀਸਦੀ ਵਾਧਾ ਹੋ ਚੁੱਕਾ ਹੈ।  ਸੈਸ਼ਨ 2020-21 ਦੌਰਾਨ ਸਕੂਲ ਦੇ ਦਾਖਲਿਆਂ ਵਿੱਚ 20 ਫ਼ੀਸਦੀ ਵਾਧਾ ਦਰਜ ਕੀਤਾ ਗਿਆ ।

ਉਨ੍ਹਾਂ ਦੱਸਿਆ ਕਿ  ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਖੁਰਦ ਦਾ ਮਿਹਨਤੀ ਸਟਾਫ ਪੰਚਾਇਤ ਅਤੇ ਐਨ ਆਰ ਆਈ ਸੱਜਣਾਂ ਦੇ ਸਹਿਯੋਗ ਨਾਲ ਮਿਲ ਕੇ ਕੀਤੇ ਵਿਕਾਸ ਕਾਰਜਾਂ ਨਾਲ ਮਾਪਿਆਂ ਦੇ ਮਨਾਂ ਵਿਚ ਸਰਕਾਰੀ ਸਕੂਲਾਂ ਪ੍ਰਤੀ ਬਣੀ ਰਾਇ ਨੂੰ ਤੋੜਨ ਵਿੱਚ ਸਫ਼ਲ ਹੋਇਆ ਹੈ।  ਜਿਸ ਕਾਰਨ ਹੁਣ ਤਕ 39 ਦੇ ਕਰੀਬ ਵਿਦਿਆਰਥੀ ਵੱਖ ਵੱਖ ਨਿੱਜੀ ਸਕੂਲਾਂ ਤੋਂ ਹਟ ਕੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖ਼ਲ ਹੋ ਚੁੱਕੇ ਹਨ ।

ਪਿੰਡ ਦੇ ਸਰਪੰਚ ਸਤਨਾਮ ਸਿੰਘ, ਪਰਵਾਸੀ ਭਾਰਤੀ ਲੰਬੜਦਾਰ ਬਲਵਿੰਦਰ ਸਿੰਘ ਅਤੇ ਸਰਪੰਚ ਮਨੋਹਰ ਲਾਲ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਲੌਕ ਡਾਊਨ ਹੋਣ ਦੇ ਬਾਵਜੂਦ ਹੈੱਡਟੀਚਰ ਗੁਰਮੁਖ ਸਿੰਘ ਜਿਨ੍ਹਾਂ ਨੇ ਡੇਢ ਸਾਲ ਪਹਿਲਾਂ ਹੀ ਸਕੂਲ ਦਾ  ਚਾਰਜ ਸੰਭਾਲਿਆ ਹੈ  ਦੀ ਯੋਗ ਅਗਵਾਈ ਅਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਅੰਦਰ ਪ੍ਰੀ ਪ੍ਰਾਇਮਰੀ ਦੇ ਕਮਰੇ ਅਤੇ ਦੋ ਮਲਟੀ ਮੀਡੀਆ ਨਾਲ ਸਬੰਧਤ ਕਮਰਿਆਂ ਦੀ ਕਾਇਆ ਕਲਪ ਕਰ ਦਿੱਤੀ  ਹੈ।  ਉਨ੍ਹਾਂ ਕਿਹਾ ਕਿ ਹੈੱਡਟੀਚਰ ਗੁਰਮੁੱਖ ਸਿੰਘ ਅਤੇ ਉਨ੍ਹਾਂ ਨਾਲ ਸਕੂਲ ਦਾ ਸਟਾਫ  ਅਮਰਜੀਤ ਸਿੰਘ, ਪਰਮਜੀਤ ਕੌਰ, ਰਜਿੰਦਰ ਸਿੰਘ, ਮੁਹੰਮਦ ਅਨਸਾਰੀ, ਜਸਵਿੰਦਰ ਕੌਰ ਅਤੇ ਆਂਗਣਵਾਡ਼ੀ ਵਰਕਰ ਕਮਲਜੀਤ ਕੌਰ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਸਕੂਲ ਨੂੰ ਬੁਲੰਦੀਆਂ ਵੱਲ ਲਿਜਾ ਰਹੇ ਹਨ।

ਪਰਵਾਸੀ ਭਾਰਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੱਖਣ ਖੁਰਦ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਲਦ ਹੀ ਜ਼ਿਲੇ ਦੇ ਨਾਮਵਰ ਸਮਾਰਟ ਸਕੂਲਾਂ ਵਿੱਚ ਸ਼ੁਮਾਰ ਹੋ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਸਮੇਂ ਸਕੂਲ ਦੇ ਵਿੱਚ ਹੈੱਡਟੀਚਰ ਗੁਰਮੁਖ ਸਿੰਘ ਦੀ ਯੋਗ ਅਗਵਾਈ ਅਤੇ ਪੰਚਾਇਤ ਲੱਖਣ ਖੁਰਦ ਦੇ ਸਹਿਯੋਗ ਨਾਲ ਸੁੰਦਰ ਪਾਰਕ ਬਣਾਉਣ ਅਤੇ ਬੱਚਿਆਂ ਲਈ ਪੰਘੂੜੇ ਲਗਾਉਣ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਮਨੋਹਰ ਲਾਲ, ਮੈਂਬਰ ਪੰਚਾਇਤ ਸਤਨਾਮ ਸਿੰਘ , ਸਾਬਕਾ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਲੰਬੜਦਾਰ ਜੋਗਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ ।

 

Previous articleਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦਾ ਹੋ ਰਿਹਾ ਆਰਥਿਕ ਸ਼ੋਸ਼ਣ।
Next articleਸਿਹਤ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ