ਨਿਵੇਸ਼ਕਾਂ ਦੇ 7.62 ਲੱਖ ਕਰੋੜ ਮਿੱਟੀ

* ਸ਼ੇਅਰ ਬਾਜ਼ਾਰ ’ਚ ਨਿਘਾਰ ਦਾ ਰੁਝਾਨ ਜਾਰੀ, ਸੈਂਸੈਕਸ ਨੂੰ 2713.41 ਨੁਕਤਿਆਂ ਦਾ ਵੱਡਾ ਗੋਤਾ

ਨਵੀਂ ਦਿੱਲੀ: ਕਰੋਨਵਾਇਰਸ ਦੇ ਵਧਦੇ ਖ਼ੌਫ਼ ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵਾਣਾਂ ਵੱਲ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ ਸੈਂਸੈਕਸ ਅੱਜ 2713.41 ਨੁਕਤਿਆਂ ਦੇ ਨਿਘਾਰ ਨਾਲ ਮੂਧੇ ਮੂੰਹ ਜਾ ਡਿੱਗਾ। ਅੱਜ ਦੇ ਕਾਰੋਬਾਰ ਮਗਰੋਂ ਨਿਵੇਸ਼ਕਾਂ ਦੇ 7.62 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਬੀਐੱਸਈ ਵਿੱਚ ਸੂਚੀਬੱਧ ਕੰਪਨੀਆਂ ਦੀ ਬਾਜ਼ਾਰ ’ਚ ਲੱਗੀ ਪੂੰਜੀ 7,62,290.23 ਕਰੋੜ ਦੇ ਨੁਕਸਾਨ ਨਾਲ 1,21,63,952.59 ਕਰੋੜ ਰਹਿ ਗਹੀ। ਸ਼ੇਅਰ ਬਾਜ਼ਾਰ ਵਿੱਚ ਲੰਘੇ ਸ਼ੁੱਕਰਵਾਰ ਨੂੰ ਇਕ ਵੇਲੇ ਵੱਡਾ ਨਿਘਾਰ ਆਇਆ ਸੀ, ਹਾਲਾਂਕਿ ਮਗਰੋਂ ਜ਼ੋਰਦਾਰ ਵਾਪਸੀ ਨਾਲ ਇਹ ਕੁਝ ਸੰਭਲ ਗਿਆ। ਦਿਨ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ 7.96 ਫੀਸਦ ਜਾਂ 2713.41 ਨੁਕਤਿਆਂ ਦੇ ਨੁਕਸਾਨ ਨਾਲ 31,390.07 ’ਤੇ ਬੰਦ ਹੋਇਆ। ਰੈਲੀਗੇਅਰ ਬਰੋਕਿੰਗ ਲਿਮਿਟਡ ਦੇ ਉਪ ਪ੍ਰਧਾਨ (ਖੋਜ) ਅਜੀਤ ਮਿਸ਼ਰਾ ਨੇ ਕਿਹਾ, ‘ਸ਼ੁੱਕਰਵਾਰ ਨੂੰ ਮਾਰਕੀਟ ਨੂੰ ਕੁਝ ਸਾਹ ਆਇਆ ਸੀ। ਕਮਜ਼ੋਰ ਆਲਮੀ ਰੁਝਾਨਾਂ ਦੇ ਬਾਵਜੂਦ ਅਮਰੀਕਾ ਵੱਲੋੋਂ ਵਿਆਜ ਦਰਾਂ ’ਚ ਦਿੱਤੀ ਰਾਹਤ ਸਦਕਾ ਭਾਰਤੀ ਬਾਜ਼ਾਰ ਵਿੱਚ ਸ਼ੇਅਰਾਂ ਦੀ ਵਿਕਰੀ ਦੇ ਰੁਝਾਨ ਨੂੰ ਕੁਝ ਹੱਦ ਤਕ ਠੱਲ੍ਹ ਪਈ ਸੀ।’ ਮਿਸ਼ਰਾ ਨੇ ਕਿਹਾ ਕਿ ਬੀਐੱਸਈ ਦਾ ਮਿਡਕੈਪ ਤੇ ਸਮਾਲਕੈਪ ਕ੍ਰਮਵਾਰ 5.9 ਫੀਸਦ ਤੇ 5.7 ਫੀਸਦ ਨਾਲ ਬੰਦ ਹੋਏ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਅਰਥਚਾਰੇ ’ਤੇ ਪਏ ਅਸਰ ਕਰਕੇ ਹਾਲ ਦੀ ਘੜੀ ਸ਼ੇਅਰ ਬਾਜ਼ਾਰ ਦੇ ਸਥਿਰ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਤੇ ਕੋਵਿਡ-19 ਮਹਾਮਾਰੀ ਕਈ ਪ੍ਰਮੁੱਖ ਅਰਥਚਾਰਿਆਂ ਲਈ ਅਹਿਮ ਹੈ। ਸ਼ੇਅਰ ਬਾਜ਼ਾਰ ਵਿੱਚ ਅੱਜ ਇੰਡਸ ਇੰਡ ਬੈਂਕ, ਟਾਟਾ ਸਟੀਲ, ਐੱਚਡੀਐੱਫਸੀ, ਐਕਸਿਸ ਬੈਂਕ ਤੇ ਆਈਸੀਆਈਸੀਆਈ ਦੇ ਸ਼ੇਅਰ 17.50 ਫੀਸਦ ਤਕ ਡਿੱਗ ਗਏ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ 8.28 ਫੀਸਦ ਦਾ ਗੋਤਾ ਖਾਧਾ।

Previous articleਯੂਰੋਪ ਅਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ’ਤੇ ਪਾਬੰਦੀ
Next articleਕਰੋਨਾਵਾਇਰਸ ਨਾਲ ਅਰਥਚਾਰੇ ’ਚ ਮੰਦੀ ਆਏਗੀ: ਆਰਬੀਆਈ