ਨਿਰਾਸ਼ਾ ਅਤੇ ਨਾਂਹ-ਪੱਖੀ ਸੋਚ ਨੂੰ ਫੈਲਾਉਣ ਤੋਂ ਰੋਕਣ ਦੀ ਲੋੜ: ਮੋਦੀ

ਅਖ਼ਬਾਰਾਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਕਰੋਨਾਵਾਇਰਸ ਨਾਲ ਨਜਿੱਠਣ ਬਾਰੇ ਕੀਤੀ ਚਰਚਾ


ਨਵੀਂ ਦਿੱਲੀ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਮੁਲਕ ਜਦੋਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ’ਚ ਜੁਟਿਆ ਹੋਇਆ ਹੈ ਤਾਂ ਲੋਕਾਂ ਦੀ ਜੁਝਾਰੂ ਭਾਵਨਾ ਨੂੰ ਚੜ੍ਹਦੀ ਕਲਾ ’ਚ ਰੱਖਣ ਦੀ ਲੋੜ ਹੈ। ਉਨ੍ਹਾਂ ਨਿਰਾਸ਼ਾਵਾਦ, ਨਾਂਹ-ਪੱਖੀ ਸੋਚ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਨਾਲ ਨਜਿੱਠਣ ਦੀ ਲੋੜ ’ਤੇ ਜ਼ੋਰ ਦਿੱਤਾ। ਵੀਡੀਓ ਲਿੰਕ ਰਾਹੀਂ ਪ੍ਰਿੰਟ ਮੀਡੀਆ ਦੇ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਨੂੰ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਸਰਕਾਰ ਕੋਵਿਡ-19 ਦੇ ਟਾਕਰੇ ਲਈ ਵਚਨਬੱਧ ਹੈ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਹ ਸਰਕਾਰ ਅਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰੇ ਅਤੇ ਕੌਮੀ ਤੇ ਖੇਤਰੀ ਪੱਧਰ ’ਤੇ ਫੀਡਬੈਕ ਦੇਣਾ ਜਾਰੀ ਰੱਖੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸ੍ਰੀ ਮੋਦੀ ਨੇ ਸਮਾਜਿਕ ਮਿਲਵਰਤਨ ਘਟਾਉਣ, ਮੀਡੀਆ ਨੂੰ ਜਾਗਰੂਕਤਾ ਫੈਲਾਉਣ, ਸੂਬਿਆਂ ਵੱਲੋਂ ਲੌਕਡਾਊਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਹੋਰ ਵੇਰਵੇ ਸਾਂਝੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ’ਚ ਲੋਕ ਵਧੇਰੇ ਭਰੋਸਾ ਜਤਾਉਂਦੇ ਹਨ ਅਤੇ ਖ਼ਿੱਤਿਆਂ ਦੇ ਸਥਾਨਕ ਸਫ਼ਿਆਂ ਨੂੰ ਲੋਕ ਵਧੇਰੇ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਫ਼ਿਆਂ ’ਤੇ ਟੈਸਟਿੰਗ ਸੈਂਟਰਾਂ ਅਤੇ ਕਰੋਨਾਵਾਇਰਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਲੇਖ ਪ੍ਰਕਾਸ਼ਿਤ ਕੀਤੇ ਜਾਣੇ ਚਾਹੀਦੇ ਹਨ।

Previous articleਕਰੋਨਾਵਾਇਰਸ: ਮੌਤਾਂ ਦੀ ਗਿਣਤੀ 17 ਹਜ਼ਾਰ ਦੇ ਨੇੜੇ ਢੁੱਕੀ
Next articleਕਸ਼ਮੀਰ: ਉਮਰ ਅਬਦੁੱਲਾ ਅੱਠ ਮਹੀਨੇ ਮਗਰੋਂ ਰਿਹਾਅ