ਨਿਰਭਯਾ ਕੇਸ: ਇਕ ਦੋਸ਼ੀ ਦੀ ਨਜ਼ਰਸਾਨੀ ਪਟੀਸ਼ਨ ’ਤੇ ਸੁਣਵਾਈ ਅੱਜ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਚੀਫ਼ ਜਸਟਿਸ ਐੱਸ.ਏ.ਬੋਬੜੇ ਦੀ ਅਗਵਾਈ ਵਾਲਾ ਤਿੰਨ ਮੈਂਬਰੀ ਬੈਂਚ ਨਿਰਭਯਾ ਕੇਸ ਨਾਲ ਸਬੰਧਤ ਦੋਸ਼ੀ ਅਕਸ਼ੈ ਕੁਮਾਰ ਸਿੰਘ ਵੱਲੋਂ ਮੌਤ ਦੀ ਸਜ਼ਾ ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨ ’ਤੇ ਮੰਗਲਵਾਰ ਨੂੰ ਸੁਣਵਾਈ ਕਰੇਗਾ। ਚੇਤੇ ਰਹੇ ਕਿ ਸੱਤ ਸਾਲ ਪਹਿਲਾਂ ਅੱਜ ਹੀ ਦੇ ਦਿਨ ‘ਨਿਰਭਯਾ’ ਨਾਲ ਜਬਰ-ਜਨਾਹ ਮਗਰੋਂ ਉਸ ਨੂੰ ਬੱਸ ’ਚੋਂ ਸੁੱਟ ਦਿੱਤਾ ਗਿਆ ਸੀ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ ਸੀ ਪਰ ਉਸ ਦੇ ਮਾਪੇ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਮਾਪਿਆਂ ਮੁਤਾਬਕ ਅਜਿਹੇ ਮਾਮਲਿਆਂ ’ਚ ਸਮਾਂ-ਬੱਧ ਨਿਆਂ ਹੋਣਾ ਚਾਹੀਦਾ ਹੈ। ਨਿਰਭਯਾ ਕਾਂਡ ਮਗਰੋਂ ਦਿੱਲੀ ਨੂੰ ‘ਜਬਰ-ਜਨਾਹ ਦੀ ਰਾਜਧਾਨੀ’ ਗਰਦਾਨਿਆ ਜਾ ਰਿਹਾ ਹੈ ਪਰ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਪੂਰੇ ਭਾਰਤ ਦੀ ਸਮੱਸਿਆ ਹੈ। ਪਿਛਲੇ ਕੁਝ ਦਿਨਾਂ ਤੋਂ ਰਿਪੋਰਟਾਂ ਆ ਰਹੀਆਂ ਹਨ ਕਿ ਨਿਰਭਯਾ ਕਾਂਡ ਦੇ ਚਾਰ ਦੋਸ਼ੀਆਂ ਨੂੰ ਛੇਤੀ ਹੀ ਫਾਹੇ ਲਾਇਆ ਜਾ ਸਕਦਾ ਹੈ। ਨਿਰਭਯਾ ਦੇ ਪਿਤਾ ਨੇ ਕਿਹਾ ਕਿ ਇਨਸਾਫ਼ ਹੁਣ ਹੋਣ ਹੀ ਵਾਲਾ ਹੈ ਪਰ ਉਹ ਹੋਰ ਜਬਰ-ਜਨਾਹ ਪੀੜਤਾਂ ਲਈ ਆਪਣਾ ਸੰਘਰਸ਼ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚ ਅਜਿਹੇ ਮਾਮਲਿਆਂ ’ਚ ਫ਼ੈਸਲਾ 15 ਦਿਨ ਤੋਂ ਜ਼ਿਆਦਾ ਲਟਕਣਾ ਨਹੀਂ ਚਾਹੀਦਾ ਹੈ। ਹੈਦਰਾਬਾਦ ਮੁਕਾਬਲੇ ਬਾਰੇ ਨਿਰਭਯਾ ਦੀ ਮਾਂ ਨੇ ਕਿਹਾ ਕਿ ਲੋਕਾਂ ਨੇ ਸਮੇਂ ਸਿਰ ਇਨਸਾਫ਼ ਮਿਲਣ ਕਰਕੇ ਇਸ ’ਤੇ ਖੁਸ਼ੀ ਪ੍ਰਗਟਾਈ ਪਰ ਲੜਕੀ ਨੂੰ ਸਾੜੇ ਜਾਣ ਦਾ ਨਿਆਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਲੜਕਿਆਂ ਨੂੰ ਮਹਿਲਾਵਾਂ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ।

Previous articleSenior US lawmaker urges State Department to ‘do better’
Next articleਅਰਪਨ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ