ਨਿਗਮ ਬਰਾਂਚਾਂ ਦੇ ਕੰਮਕਾਜ ’ਚ ਫੇਰਬਦਲ ਨੂੰ ਪ੍ਰਵਾਨਗੀ

ਚੰਡੀਗੜ੍ਹ ਨਗਰ ਨਿਗਮ ਵੱਲੋਂ ਆਪਣੇ ਅਧੀਨ ਮਹਿਕਮਿਆਂ ਦੇ ਕਾਰਜਾਂ ਨੂੰ ਲੈਕੇ ਕਰਮਚਾਰੀਆਂ ਅਤੇ ਸ਼ਾਖਾਵਾਂ ਦਾ ਮੁੱਢ ਤੋਂ ਫੇਰਬਦਲ ਕੀਤਾ ਜਾਵੇਗਾ ਅਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ 29 ਨਵੰਬਰ ਨੂੰ ਡੱਡੂਮਾਜਰਾ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਦੇ ਸੰਬੰਧ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਵਿੱਚ ਹੋਣ ਵਾਲੀ ਸੁਣਵਾਈ ਨੂੰ ਲੈਕੇ ਨਿਗਮ ਵਲੋਂ ਆਪਣੇ ਵਕੀਲ ਖੜ੍ਹੇ ਕੀਤਾ ਜਾ ਸਕਦੇ ਹਨ। ਇਸ ਤੋਂ ਪਹਿਲਾਂ ਉਪਰੋਕਤ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਪੈਨਲ ਵਕੀਲਾਂ ਵਲੋਂ ਕੇਸ ਦੀ ਪੈਰਵੀ ਕੀਤੀ ਜਾਂਦੀ ਰਹੀ ਹੈ। ਮੀਟਿੰਗ ਦੌਰਾਨ ਨਿਗਮ ਦੇ ਕਰਮਚਾਰੀਆਂ ਅਤੇ ਸ਼ਾਖਾਵਾਂ ਦਾ ਫੇਰਬਦਲ ਕਰਨ ਸਬੰਧੀ ਪੇਸ਼ ਮਤੇ ਨੂੰ ਚਰਚਾ ਕਰਨ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਗਈ। ਸਵੇਰੇ 11 ਵਜੇ ਸ਼ੁਰੂ ਹੋਈ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਦੁਪਹਿਰ ਬਾਅਦ ਲਗਪਗ ਤਿੰਨ ਵਜੇ ਤੱਕ ਸਿਫ਼ਰ ਕਾਲ ਹੀ ਚਲਦਾ ਰਿਹਾ। ਮੀਟਿੰਗ ਵਿੱਚ ਪੇਸ਼ ਸੱਤ ਮਤਿਆਂ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਪੇਸ਼ ਕੀਤੇ 15 ਮਤਿਆਂ ਵਿਚੋਂ ਕੇਵਲ ਚਾਰ ਮਤਿਆਂ ’ਤੇ ਹੀ ਚਰਚਾ ਹੋਈ। ਇਨ੍ਹਾਂ ਵਿੱਚ ਨਿਗਮ ਦੇ ਕਰਮਚਾਰੀਆਂ ਅਤੇ ਵੱਖ ਵੱਖ ਸ਼ਾਖਾਵਾਂ ਦਾ ਫੇਰਬਦਲ ਕਰਨ, ਇੰਜਨੀਅਰਿੰਗ ਵਿੰਗ ਦੇ ਵੱਖ ਵੱਖ ਅਹੁਦਿਆਂ ਲਈ ਨਿਰਧਾਰਤ ਸਾਲ 2012 ਦੇ ਸੇਵਾ ਨਿਯਮਾਂ ਦੀ ਸਮੀਖਿਆ ਕਰਨਾ, ਖਾਲੀ ਅਤੇ ਮਨਜ਼ੂਰ ਹੋਏ ਅਹੁਦਿਆਂ ’ਤੇ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਪੱਕਾ ਕਰਨਾ ਅਤੇ ਸ਼ਹਿਰ ਦੀਆਂ ਗਰੀਨ ਬੈਲਟਾਂ (ਪਾਰਕਾਂ) ਦੇ ਪਖਾਨਿਆਂ ਦਾ ਸੰਚਾਲਨ ਕਰਨ ਸਬੰਧੀ ਮਤੇ ਸ਼ਾਮਲ ਸਨ। ਨਿਗਮ ਹਾਊਸ ਵਲੋਂ ਮੁਅੱਤਲ ਕੀਤੇ ਮਤੇ ਸਮਾਰਟ ਸਿਟੀ ਪ੍ਰਾਜੈਕਟ ਨਾਲ ਜੁੜੇ ਹੋਏ ਹਨ। ਮੀਟਿੰਗ ਦੌਰਾਨ ਕੌਂਸਲਰਾਂ ਨੇ ਡੱਡੂਮਾਜਰਾ ਸਥਿਤ ਜੈ ਪ੍ਰਕਾਸ਼ ਐਸੋਸੀਏਟਜ਼ ਦੁਆਰਾ ਸਥਾਪਿਤ ਗਰੀਨਟੈੱਕ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਮੁੱਦਾ ਚੁੱਕਿਆ ਅਤੇ ਇਸ ਗੱਲ ਉੱਤੇ ਸਹਿਮਤੀ ਦਿੱਤੀ ਕਿ ਨਗਰ ਨਿਗਮ ਨੂੰ ਇਹ ਪਲਾਂਟ ਆਪਣੇ ਅਖਤਿਆਰ ਵਿੱਚ ਲੈਣਾ ਚਾਹੀਦਾ ਹੈ। ਇਸ ਬਾਰੇ ਮੇਅਰ ਰਾਜੇਸ਼ ਕਾਲੀਆ ਨੇ ਕਿਹਾ ਕਿ 29 ਨਵੰਬਰ ਨੂੰ ਐਨਜੀਟੀ ਵਿੱਚ ਮਾਮਲੇ ਦੀ ਸੁਣਵਾਈ ਹੈ। ਨਿਗਮ ਨੇ ਇਸ ਦੌਰਾਨ ਆਪਣਾ ਪੱਖ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਹੈ। ਮੀਟਿੰਗ ਦੌਰਾਨ ਸ਼ਹਿਰ ਵਿੱਚ ਸਫਾਈ ਦੇ ਮਾਮਲੇ ਨੂੰ ਲੈਕੇ ਕੌਂਸਲਰ ਸਤੀਸ਼ ਕੈਂਥ ਮੇਅਰ ਰਾਜੇਸ਼ ਕਾਲੀਆ ਨਾਲ ਖਹਿਬੜ ਪਏ। ਸ਼੍ਰੀ ਕੈਂਥ ਨੇ ਮੇਅਰ ਨੂੰ ਕਿਹਾ ਕਿ ਉਹ ਚਸ਼ਮਾ ਉਤਾਰ ਕੇ ਸ਼ਹਿਰ ਦੀ ਮਾੜੀ ਸਫਾਈ ਵਿਵਸਥਾ ਵੱਲ ਧਿਆਨ ਦੇਣ। ਕੈਂਥ ਦੀ ਇਸ ਗੱਲ ਨੂੰ ਮੇਅਰ ਨੇ ਮਜ਼ਾਕ ਵਿੱਚ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਅੱਜ ਤੱਕ ਕਦੇ ਚਸ਼ਮਾ ਲਗਾਇਆ ਹੀ ਨਹੀਂ ਹੈ।

Previous articleਪੰਡਿਤ ਨਹਿਰੂ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ
Next articleਬਾਹਠ ਦੀ ਜੰਗ ਨੇ ਭਾਰਤ ਦੇ ਰੁਤਬੇ ਨੂੰ ਸੱਟ ਮਾਰੀ: ਜੈਸ਼ੰਕਰ