ਨਿਊਜ਼ੀਲੈਂਡ ਹਮਲਾ: ਲਾਪਤਾ ਭਾਰਤੀਆਂ ’ਚੋਂ ਤਿੰਨ ਦੀ ਮੌਤ

ਤੇਲੰਗਾਨਾ ਦੇ ਦੋ ਪਰਵਾਸੀ ਅਤੇ ਕੇਰਲਾ ਦੀ ਵਿਦਿਆਰਥਣ ਬਣੇ ਗੋਲੀਆਂ ਦਾ ਸ਼ਿਕਾਰ;

ਬੰਦੂਕਧਾਰੀ ’ਤੇ ਕਤਲ ਦੇ ਦੋਸ਼ ਆਇਦ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਫੁਟੇਜ ਦਿਖਾ ਕੇ ਦੋ ਮਸਜਿਦਾਂ ਉੱਤੇ ਕੀਤੇ ਦਹਿਸ਼ਤੀ ਹਮਲੇ ’ਚ ਹੈਦਰਾਬਾਦ ਦੇ ਸਾਫ਼ਟਵੇਅਰ ਇੰਜਨੀਅਰ ਫਰਹਾਜ ਅਹਿਸਾਨ (31), ਕਰੀਮਨਗਰ ਵਾਸੀ ਮੁਹੰਮਦ ਇਮਰਾਨ ਖਾਨ ਅਤੇ ਕੇਰਲਾ ਨਾਲ ਸਬੰਧਤ ਵਿਦਿਆਰਥਣ ਐਂਸੀ ਅਲੀ (25) ਵੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ 9 ਭਾਰਤੀ ਹਮਲੇ ਮਗਰੋਂ ਲਾਪਤਾ ਹਨ। ਨਿਊਜ਼ੀਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੁਕਾਮੀ ਅਥਾਰਿਟੀ ਕੋਲ ਇਨ੍ਹਾਂ ਭਾਰਤੀਆਂ ਦਾ ਥਹੁ-ਪਤਾ ਲਾਉਣ ਦਾ ਮਾਮਲਾ ਉਠਾਇਆ ਹੈ। ਹਾਈ ਕਮਿਸ਼ਨਰ ਸੰਜੀਵ ਕੋਹਲੀ ਮੁਤਾਬਕ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੂਤਾਵਾਸ ਨੇ ਸੰਪਰਕ ਬਣਾਇਆ ਹੋਇਆ ਹੈ। ਦਹਿਸ਼ਤੀ ਹਮਲਾ ਕੇਂਦਰੀ ਕ੍ਰਾਈਸਟਚਰਚ ਦੀ ਅਲ ਨੂਰ ਤੇ ਲਿਨਵੁੱਡ ਮਸਜਿਦ ਉੱਤੇ ਕੀਤਾ ਗਿਆ ਸੀ। ਕੋਹਲੀ ਨੇ ਦੱਸਿਆ ਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। ਦਹਿਸ਼ਤੀ ਹਮਲੇ ਤੋਂ ਪੀੜਤ ਭਾਰਤੀ ਨਾਗਰਿਕਾਂ ਨੂੰ ਹਾਈ ਕਮਿਸ਼ਨ ਨੇ ਸਹਾਇਤਾ ਲੈਣ ਲਈ ਪਹੁੰਚ ਕਰਨ ਦੀ ਅਪੀਲ ਵੀ ਕੀਤੀ ਸੀ ਤੇ ਨੰਬਰ ਜਾਰੀ ਕੀਤੇ ਸਨ। ਦੋ ਬੱਚਿਆਂ ਦਾ ਪਿਤਾ ਫਰਹਾਜ ਸੱਤ ਸਾਲ ਤੋਂ ਨਿਊਜ਼ੀਲੈਂਡ ਰਹਿ ਰਿਹਾ ਸੀ। ਉਸ ਦਾ ਭਰਾ ਨਿਊਜ਼ੀਲੈਂਡ ਰਵਾਨਾ ਹੋ ਗਿਆ ਹੈ। ਹੈਦਰਾਬਾਦ ਦੇ ਅਹਿਮਦ ਇਕਬਾਲ ਜਹਾਂਗੀਰ ਦੀ ਛਾਤੀ ਅਤੇ ਮੋਢੇ ’ਤੇ ਗੋਲੀਆਂ ਲੱਗੀਆਂ ਹਨ ਅਤੇ ਉਸ ਦਾ ਅਪ੍ਰੇਸ਼ਨ ਕਰਕੇ ਗੋਲੀਆਂ ਕੱਢੀਆਂ ਗਈਆਂ ਹਨ।ਹਮਲਾ ਕਰਕੇ 49 ਲੋਕਾਂ ਦੀ ਜਾਨ ਲੈਣ ਵਾਲੇ ਸੱਜੇ ਪੱਖੀ ਕੱਟੜਵਾਦੀ ਬੰਦੂਕਧਾਰੀ ਬਰੈਂਟਨ ਟੈਰੰਟ (28) ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਟੈਰੰਟ ਉੱਤੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਆਸਟਰੇਲੀਆ ਦੇ ਜੰਮਪਲ ਨੂੰ ਜੇਲ੍ਹ ’ਚ ਪਹਿਨੀ ਜਾਂਦੀ ਕਮੀਜ਼ ’ਚ ਹੱਥਕੜੀ ਲਾ ਕੇ ਅਦਾਲਤ ਲਿਆਂਦਾ ਗਿਆ। ਜੱਜ ਵੱਲੋਂ ਉਸ ਖ਼ਿਲਾਫ਼ ਜਦ ਕਤਲ ਦਾ ਇਲਜ਼ਾਮ ਪੜ੍ਹਿਆ ਜਾ ਰਿਹਾ ਸੀ ਤਾਂ ਉਸ ਦੇ ਚਿਹਰੇ ’ਤੇ ਪਛਤਾਵੇ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਹੀਂ ਸੀ ਆ ਰਿਹਾ ਤੇ ਉਹ ਸ਼ਾਂਤ ਚਿੱਤ ਹੀ ਬੈਠਾ ਰਿਹਾ। ਬਰੈਂਟਨ ’ਤੇ ਹੋਰ ਦੋਸ਼ ਵੀ ਮੜ੍ਹੇ ਜਾਣ ਦੀ ਸੰਭਾਵਨਾ ਹੈ। ਸਾਬਕਾ ਫਿਟਨੈੱਸ ਇੰਸਟਰੱਕਟਰ ਤੇ ਖ਼ੁਦ ਨੂੰ ਫਾਸ਼ੀਵਾਦੀ ਦੱਸਦੇ ਟੈਰੰਟ ਨੇ ਅਦਾਲਤ ਵਿਚ ਹਾਜ਼ਰੀ ਵੇਲੇ ਇਕ-ਦੋ ਮੌਕਿਆਂ ’ਤੇ ਅਦਾਲਤੀ ਕਮਰੇ ਤੋਂ ਬਾਹਰ ਰੋਕੇ ਗਏ ਮੀਡੀਆ ਅਮਲੇ ਵੱਲ ਵੀ ਤੱਕਿਆ। ਉਸ ਨੇ ਜ਼ਮਾਨਤ ਨਹੀਂ ਮੰਗੀ ਤੇ ਪੁਲੀਸ ਨੇ 5 ਅਪਰੈਲ ਨੂੰ ਅਗਲੀ ਸੁਣਵਾਈ ਤੱਕ ਉਸ ਨੂੰ ਹਿਰਾਸਤ ਵਿਚ ਲੈ ਲਿਆ। ਹਮਲੇ ’ਚ ਜ਼ਖ਼ਮੀ 42 ਲੋਕ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹਨ।ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਦੇਸ਼ ਵਿਚ ਬੰਦੂਕ ਲਾਇਸੈਂਸ ਕਾਨੂੰਨ ਨੂੰ ਸਖ਼ਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕ੍ਰਾਈਸਟਚਰਚ ਦੀਆਂ ਮਸਜਿਦਾਂ ’ਤੇ ਹਮਲਾ ਕਰਨ ਵਾਲੇ ਨੇ ਕਾਨੂੰਨੀ ਤੌਰ ’ਤੇ ਪੰਜ ਹਥਿਆਰ ਖਰੀਦੇ ਸਨ, ਜਿਸ ਵਿਚ ਦੋ ਸੈਮੀ-ਆਟੋਮੈਟਿਕ ਰਾਈਫਲਾਂ ਵੀ ਸਨ। ਅਦਾਲਤ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਿਰਾਸਤ ਵਿਚ ਲਏ ਗਏ ਦੋ ਹੋਰ ਵਿਅਕਤੀਆਂ ਦਾ ਹਮਲੇ ਨਾਲ ਸਬੰਧ ਹੋਣ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਦਕਿ ਹਥਿਆਰ ਸਣੇ ਗ੍ਰਿਫ਼ਤਾਰ ਕੀਤਾ ਗਿਆ ਤੀਜਾ ਵਿਅਕਤੀ ਆਮ ਲੋਕਾਂ ਵਿਚੋਂ ਸੀ ਤੇ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

Previous articleSushma Swaraj on Maldives visit from Sunday
Next articleਡੇਰੇ ਤੋਂ ਵੋਟਾਂ ਬਾਰੇ ਫ਼ੈਸਲਾ ਅਕਾਲ ਤਖ਼ਤ ਦੇ ਹੁਕਮਾਂ ’ਤੇ ਕਰਾਂਗੇ: ਸੁਖਬੀਰ