ਨਾਰਨੌਦ ’ਚ ਸਹਿਕਾਰੀ ਸੁਸਾਇਟੀਆਂ ਨੂੰ ਪੈਟਰੋਲ ਦੇ ਭਾਅ ਵੇਚਿਆ ਦੁੱਧ

* ਕੰਪਨੀਆਂ ਵਾਂਗ ਦੁੱਧ ਦਾ ਐੱਮਐੱਸਪੀ ਡੇਅਰੀ ਉਤਪਾਦਕ ਖੁ਼ਦ ਤੈਅ ਕਰਨਗੇ: ਕਿਸਾਨ ਆਗੂ

ਚੰਡੀਗੜ੍ਹ (ਸਮਾਜ ਵੀਕਲੀ) :ਤਿੰਨੇ ਖੇਤੀ ਕਾਨੂੰਨ ਅਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼  ਹਰਿਆਣਾ ਦੇ ਹਿਸਾਰ ਜ਼ਿਲ੍ਹੇ ਅਧੀਨ ਪੈਂਦੇ ਕਸਬੇ ਨਾਰਨੌਦ ’ਚ ਸਤਰੋਲ ਖਾਪ ਨੇ ਸਰਕਾਰੀ/ਸਹਿਕਾਰੀ ਸੁਸਾਇਟੀਆਂ ਨੂੰ ਦੁੱਧ 100 ਰੁਪਏ ਪ੍ਰਤੀ ਲਿਟਰ ਦੇਣ ਦਾ ਫ਼ੈਸਲਾ ਕੀਤਾ ਹੈ। ਖਾਪ ਦੇ ਇਸ ਫ਼ੈਸਲੇ ਦੇ ਨਾਲ ਸੂਬੇ ਭਰ ਵਿੱਚ ਹਲਚਲ ਮੱਚ ਗਈ, ਜਿਨ੍ਹਾਂ ਨੇ ਅੱਜ ਤੋਂ ਹੀ ਸਹਿਕਾਰੀ ਸੁਸਾਇਟੀਆਂ ਨੂੰ 100 ਰੁਪਏ ਲਿਟਰ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਸਹਿਕਾਰੀ ਸੁਸਾਇਟੀਆਂ ਨੇ 100 ਰੁਪਏ ਪ੍ਰਤੀ ਲਿਟਰ ਦੁੱਧ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ।

ਨਾਰਨੌਦ ਵਿੱਚ ਕਿਸਾਨਾਂ ਦੇ ਫ਼ੈਸਲੇ ਨਾਲ ਸਹਿਕਾਰੀ ਸੁਸਾਇਟੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦਕਿ ਕਈ ਥਾਵਾਂ ਤੋਂ ਦੁੱਧ ਦੀਆਂ ਗੱਡੀਆਂ ਖਾਲੀ ਵਾਪਸ ਪਰਤੀਆਂ। ਸਤਰੋਲ ਖਾਪ ਦੇ ਪ੍ਰਧਾਨ ਰਾਮਨਿਵਾਸ ਲੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਹਰ ਵਰਗ ਦੇ ਲੋਕਾਂ ਦੀ ਜਿਉਣਾ ਮੁਸ਼ਕਲ ਕਰ ਦਿੱਤਾ ਹੈ।

ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ। ਇਸੇ ਕਰਕੇ ਸਹਿਕਾਰੀ ਸੁਸਾਇਟੀਆਂ ਨੂੰ ਮਹਿੰਗਾ ਭਾਅ ਦੁੱਧ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਐੱਮਐੱਸਪੀ ’ਤੇ ਫ਼ਸਲਾ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਨਹੀਂ ਲਿਆਂਦਾ ਜਾਂਦਾ ਅਤੇ ਤੇਲ ਦੀਆਂ ਕੀਮਤਾਂ ਨਹੀਂ ਘਟਾਈਆਂ ਜਾਂਦੀਆਂ, ਉਦੋਂ ਤਕ ਦੁੱਧ 100 ਰੁਪਏ ਪ੍ਰਤੀ ਲਿਟਰ ਵੇਚਿਆ ਜਾਵੇਗਾ। ਸ੍ਰੀ ਰਾਮਨਿਵਾਸ ਨੇ ਸਪੱਸ਼ਟ ਕੀਤਾ ਕਿ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੂੰ ਦੁੱਧ ਪੁਰਾਣੀ ਕੀਮਤਾਂ ’ਤੇ ਹੀ ਵੇਚਿਆ ਜਾਵੇਗਾ।

ਡੇਅਰੀ ਕਿਸਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਸਤਰੋਲ ਖਾਪ ਵੱਲੋਂ ਲਏ ਗਏ ਫ਼ੈਸਲੇ ਨੂੰ ਲਾਗੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆ ਦੇ ਹੱਕ ਵਿੱਚ ਲਿਆਂਦੇ ਤਿੰਨ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰ ਦੇਣਗੇ। ਇਸੇ ਲਈ ਉਹ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਦਿਆਂ ਆਪਣੀ ਕੋਈ ਵੀ ਵਸਤੂ ਉਨ੍ਹਾਂ ਨੂੰ ਨਹੀਂ ਵੇਚਣਗੇ। ਕਿਸਾਨ ਆਗੂਆਂ ਨੇ ਕਿਹਾ, ‘ਹਰ ਕੰਪਨੀ ਆਪਣੇ ਸਾਮਾਨ ਦੀ ਐੱਮਐੱਸਪੀ ਖ਼ੁਦ ਤੈਅ ਕਰਦੀ ਹੈ ਤਾਂ ਦੁੱਧ ਦੀ ਕੀਮਤ ਡੇਅਰੀ ਉਤਪਾਦਕ ਤੈਅ ਕਰਨਗੇ।’ ਸਤਰੋਲ ਖਾਪ ਵੱਲੋਂ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵੀ ਬਾਈਕਾਟ ਕਰਦਿਆਂ ਪਿੰਡ ਵਿੱਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਗਈ ਹੈ।

Previous articleਬਹਿਬਲ ਗੋਲੀ ਕਾਂਡ: ਸੈਣੀ ਅਤੇ ਉਮਰਾਨੰਗਲ ਦੀ ਗ੍ਰਿਫ਼ਤਾਰੀ ’ਤੇ ਰੋਕ
Next articleਪ੍ਰਸ਼ਾਂਤ ਕਿਸ਼ੋਰ ਬਣੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ