ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਖ਼ਫ਼ਾ ਅਕਾਲੀਆਂ ਵਲੋਂ ਰੋਸ ਮਾਰਚ

ਹਲਕਾ ਅਮਲੋਹ ਵਿਚ ਸਰਪੰਚੀ ਅਤੇ ਪੰਚੀ ਦੀ ਚੋਣ ਲੜਨ ਦੇ ਕਈ ਚਾਹਵਾਨਾਂ ਦੇ ਪ੍ਰਸ਼ਾਸਨ ਵਲੋਂ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾਣ ਦੇ ਰੋਸ ਵਜੋਂ ਅੱਜ ਅਕਾਲੀ ਦਲ ਨੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦਿੱਤਾ।
ਹਲਕਾ ਅਮਲੋਹ ਵਿੱਚ ਸਰਪੰਚੀ ਦੇ 46 ਚਾਹਵਾਨਾਂ ਅਤੇ ਪੰਚੀ ਦੇ 65 ਚਾਹਵਾਨਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਇਸ ਦੇ ਵਿਰੋਧ ਵਿਚ ਅੱਜ ਵੱਡੀ ਗਿਣਤੀ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਪਾਰਟੀ ਦਫ਼ਤਰ ਵਿੱਚ ਗੱਲਬਾਤ ਕੀਤੀ। ਉਪਰੰਤ ਸ੍ਰੀ ਰਾਜੂ ਖੰਨਾ ਨੇ ਇਹ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਦੇ ਧਿਆਨ ਵਿਚ ਲਿਆਂਦਾ ਅਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ। ਇਸ ਉਪਰੰਤ ਸ੍ਰੀ ਰਾਜੂ ਖੰਨਾ ਦੀ ਅਗਵਾਈ ਵਿੱਚ ਸਰਪੰਚ, ਪੰਚੀ ਦੇ ਉਮੀਦਵਾਰ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇਣ ਲਈ ਗਏ। ਡੀ.ਐੱਸ.ਪੀ. ਅਮਲੋਹ ਮਨਪ੍ਰੀਤ ਸਿੰਘ, ਥਾਣਾ ਮੁਖੀ ਅਮਲੋਹ ਸ਼ਮਸ਼ੇਰ ਸਿੰਘ ਅਤੇ ਥਾਣਾ ਮੁਖੀ ਗੋਬਿੰਦਗੜ੍ਹ ਭੁਪਿੰਦਰ ਸਿੰਘ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਨਵਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ ਤੇ ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਹਲਕਾ ਅਮਲੋਹ ਦੇ ਵਿਧਾਇਕ ਤੋਂ ਕਾਂਗਰਸ ਪਾਰਟੀ ਨੇ ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾ ਕੇ ਆਪਣੀ ਹਾਰ ਕਬੂਲ ਲਈ ਹੈ। ਉਨ੍ਹਾਂ ਇਸ ਨੂੰ ਲੋਕਤੰਤਰ ਦਾ ਘਾਣ ਦੱਸਿਆ ਅਤੇ ਕਿਹਾ ਕਿ ਇਸ ਦਾ ਖ਼ਮਿਆਜ਼ਾ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕਾਂਗਰਸ ਦੀ ਸ਼ਹਿ ’ਤੇ ਜਾਣਬੁੱਝ ਕੇ ਕਾਗ਼ਜ਼ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਹਾਈ ਕੋਰਟ ਵਿੱਚ ਲਿਜਾਇਆ ਜਾਵੇਗਾ।

Previous articleਪੰਚਾਇਤ ਚੋਣਾਂ: ਪੰਚੀ ਦੇ 748 ਅਤੇ ਸਰਪੰਚੀ ਦੇ 276 ਨਾਮਜ਼ਦਗੀ ਪੱਤਰ ਰੱਦ
Next articleਟੇਬਲ ਟੈਨਿਸ: ਸਾਲ 2018 ਦੇ ਪ੍ਰਦਰਸ਼ਨ ਨਾਲ ਜਾਗੀ ਓਲੰਪਿਕ ਤਗ਼ਮਾ ਜਿੱਤਣ ਦੀ ਆਸ