ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਡਟਿਆ ਸਰਬ-ਧਰਮ

ਚੰਡੀਗੜ੍ਹ– ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਅੱਜ ਸੈਕਟਰ-20 ਸਥਿਤ ਜਾਮਾ ਮਸਜਿਦ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ’ਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਸ਼ਿਰਕਤ ਕੀਤੀ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਇਸ ਰੈਲੀ ਵਿੱਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ।
ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਵੱਲੋਂ ਸਾਲ 2024 ਤੱਕ ਹਿੰਦੂ ਰਾਸ਼ਟਰ ਦੇ ਐਲਾਨ ਸਬੰਧੀ ਦਿੱਤਾ ਬਿਆਨ ਦੇਸ਼ ਦੀ ਏਕਤਾ ਵਾਸਤੇ ਸੰਭਾਵੀ ਖ਼ਤਰਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨੋਟਬੰਦੀ ਸਮੇਂ ਕਾਲਾ ਧਨ ਖ਼ਤਮ ਕਰਨ, ਅਰਥਚਾਰੇ ਨੂੰ ਹੁਲਾਰਾ ਦੇਣ, ਨੋਟਬੰਦੀ ਨਾਲ ਅਤਿਵਾਦ, ਨਕਲੀ ਨੋਟ ਤੇ ਕਾਲਾ ਬਾਜ਼ਾਰੀ ਖ਼ਤਮ ਹੋਣ ਵਰਗੀਆਂ ਗੱਲਾਂ ਕਰਕੇ ਦੇਸ਼ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ। ਭਾਜਪਾ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਪਿੱਛੇ ਅਸਲੀਅਤ ਇਹ ਸੀ ਕਿ ਉਸ ਨੇ ਪਹਿਲਾਂ ਆਪਣੇ ਵਿਰੋਧੀਆਂ ਨੂੰ ਆਰਥਿਕ ਮੰਦਹਾਲੀ ਵੱਲ ਧੱਕਿਆ ਤੇ ਉਨ੍ਹਾਂ ਦੇ ਕਾਰੋਬਾਰ ਡੁਬੋ ਦਿੱਤੇ। ਉਸ ਤੋਂ ਤੁਰੰਤ ਬਾਅਦ ਹੁਣ ਸੀਏਏ, ਐੱਨਆਰਸੀ ਵਰਗੇ ਕਾਲੇ ਕਾਨੂੰਨ ਬਣਾ ਦਿੱਤੇ। ਮੁਸਲਿਮ ਆਗੂ ਜ਼ਾਹਿਦ ਪ੍ਰਵੇਜ਼ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਰਵਾਇਤ ਅਤੇ ਸੰਵਿਧਾਨ ਸਭ ਨੂੰ ਆਪਸ ਵਿੱਚ ਜੋੜਦੇ ਹਨ ਜਦਕਿ ਸੀਏਏ ਵਰਗੇ ਕਾਲੇ ਕਾਨੂੰਨ ਲੋਕਾਂ ਨੂੰ ਤੋੜ ਰਹੇ ਹਨ। ਪਰਦਾਨਸ਼ੀਨ ਔਰਤਾਂ, ਬੱਚੇ-ਬੁੱਢੇ ਸਭ ਮਿਲ ਕੇ ਭਾਰਤ ਦੀ ਏਕਤਾ ਲਈ ਸ਼ਾਹੀਨ ਬਾਗ ਵਿੱਚ ਤਕਰੀਬਨ 60 ਦਿਨਾਂ ਤੋਂ ਧਰਨੇ ਉਤੇ ਹਨ ਅਤੇ ਹਜ਼ਾਰਾਂ ਲੋਕ ਰੋਜ਼ਾਨਾ ਉਥੇ ਆ ਰਹੇ ਹਨ। ਇਹ ਸਿਰਫ਼ ਸਰਬ ਸਾਂਝੀਵਾਲਤਾ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਨਾ ਕਿ ਮੁਸਲਿਮ ਜਾਂ ਕਿਸੇ ਇੱਕ ਧਰਮ ਨੂੰ ਬਚਾਉਣ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦੇਸ਼ ਦੇ ਲੋਕਾਂ ਨੂੰ ਅਲੱਗ-ਥਲੱਗ ਕਰਨ ਦੇ ਮਨਸੂਬੇ ਕਦੇ ਪੂਰੇ ਨਹੀਂ ਹੋ ਸਕਦੇ।
ਕੰਵਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਦੇਸ਼ ਦੀ ਏਕਤਾ ਅਤੇ ਸੰਵਿਧਾਨ ਦੀ ਰਾਖੀ ਲਈ ਲੜਨਾ ਚਾਹੀਦਾ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਹਿੰਮਤ ਤੇ ਜੋਸ਼ ਨਾਲ ਸਾਰੇ ਧਰਮਾਂ, ਫਿਰਕਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ। ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇਸ਼ ਦੇ ਹਰ ਔਖੇ ਸਮੇਂ ਵਿੱਚ ਘੱਟ ਗਿਣਤੀਆਂ ਨਾਲ ਖੜ੍ਹਾ ਹੈ। ਇਸ ਸਾਂਝ ਦੀ ਤਾਜ਼ਾ ਮਿਸਾਲ ਇਹ ਹੈ ਕਿ ਮੁਸਲਮਾਨ ਆਗੂ ਅਕਾਲ ਤਖ਼ਤ ’ਤੇ ਮਦਦ ਲਈ ਗਏ ਅਤੇ ਉਨ੍ਹਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਨਮਾਜ਼ ਅਦਾ ਕੀਤੀ ਜੋ ਦੇਸ਼ ਦੀ ਸਰਬ ਸਾਂਝੀਵਾਲਤਾ ਨੂੰ ਦਰਸਾਉਂਦਾ ਹੈ।
ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ 45 ਫੀਸਦ ਲੋਕਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਤਾਂ ਉਹ ਮੂਲ ਵਾਸੀ ਹੋਣ ਦਾ ਆਪਣਾ ਸਬੂਤ ਕਿੱਥੋਂ ਦੇ ਸਕਣਗੇ। ਇੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਲਗਾਤਾਰ ਝੂਠੇ ਤੱਥ ਦੇ ਕੇ ਜਨਤਾ ਨੂੰ ਗੁਮਰਾਹ ਕਰ ਰਹੇ ਹਨ।
ਇਸ ਮੌਕੇ ਅਜੇ ਸ਼ੁਕਲਾ, ਭਾਈ ਸ਼ਮਸ਼ੇਰ ਸਿੰਘ, ਸ਼ਾਹੀ ਇਮਾਮ ਮੌਲਾਨਾ ਉਸਮਾਨ ਖਾਨ ਲੁਧਿਆਣਵੀ, ਡਾ. ਸੁਖਦੇਵ ਸਿੰਘ ਸਿਰਸਾ, ਹਰਚੰਦ ਸਿੰਘ ਬਾਠ, ਕਰਮ ਸਿੰਘ ਵਕੀਲ, ਗੁਰਨਾਮ ਸਿੰਘ ਸਿੱਧੂ, ਸਰਦਾਰਾ ਸਿੰਘ ਚੀਮਾ, ਬੇਖੌਫ਼ ਆਜ਼ਾਦੀ ਤੋਂ ਅਰਪਣ, ਚਾਂਦ ਮੁਹੰਮਦ, ਤਾਜ ਮੁਹੰਮਦ, ਇਮਰਾਨ ਮਨਸੂਰੀ, ਐਡਵੋਕੇਟ ਸਲੀਮ, ਮੌਲਾਨਾ ਸ਼ਕੀਲ ਅਹਿਮਦ ਕਾਸਮੀ, ਮੁਫ਼ਤੀ ਮੁਹੰਮਦ ਅਨਸ ਅਤੇ ਮੌਲਾਨਾ ਅਜਮਲ ਆਦਿ ਵੀ ਹਾਜ਼ਰ ਸਨ।

Previous articleਨਿਊਜ਼ੀਲੈਂਡ ਨੇ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ
Next articleਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ