ਨਾਗਰਿਕਤਾ ਐਕਟ ਤੇ ਐੱਨਆਰਸੀ ਲਾਗੂ ਨਹੀਂ ਕਰਾਂਗੇ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਜਿਊਂਦੇ ਜੀਅ ਸੂਬੇ ਵਿੱਚ ਸੋਧੇ ਹੋਏ ਨਾਗਰਿਕਤਾ ਐਕਟ (ਸੀਏਏ) ਤੇ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਨੂੰ ਲਾਗੂ ਨਾ ਹੋਣ ਦੇ ਆਪਣੇ ਅਹਿਦ ਨੂੰ ਦੁਹਰਾਉਂਦਿਆਂ ਮੋਦੀ ਸਰਕਾਰ ਨੂੰ ਪੱਛਮੀ ਬੰਗਾਲ ਸਰਕਾਰ ਭੰਗ ਕਰਨ ਦੀ ਚੁਣੌਤੀ ਦਿੱਤੀ ਹੈ। ਮਮਤਾ ਨੇ ਕਿਹਾ ਕਿ ਭਾਜਪਾ ਸੂਬੇ ਵਿੱਚ ਹਿੰਸਾ ਨੂੰ ਹਵਾ ਦੇਣ ਕੁਝ ਲੋਕਾਂ ਨੂੰ ਕਥਿਤ ਪੈਸਾ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਤੋਂ ਬਾਹਰਲੀਆਂ ਕੁਝ ਤਾਕਤਾਂ ਮੁਸਲਿਮ ਭਾਈਚਾਰੇ ਦਾ ‘ਖੈਰ-ਖੁਆਹ ਬਣਨ ਦਾ ਡਰਾਮਾ’ ਕਰਕੇ ਭੰਨਤੋੜ ਤੇ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉੱਤਰੀ ਕੋਲਕਾਤਾ ਵਿੱਚ ਰੈੱਡ ਰੋਡ ਤੋਂ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦੀ ਰਿਹਾਇਸ਼ ਜੋਰਾਸਾਂਕੋ ਠਾਕੁਰ ਬਾੜੀ ਤਕ ਮੈਗਾ ਰੈਲੀ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੂਬੇ ਤੋਂ ਬਾਹਰਲੀਆਂ ਕੁਝ ਤਾਕਤਾਂ ਘੱਟਗਿਣਤੀਆਂ ਦੇ ਦੋਸਤ-ਮਿੱਤਰ ਬਣ ਕੇ ਹਿੰਸਾ ਨੂੰ ਹਵਾ ਦੇ ਰਹੇ ਹਨ। ਇਹ ਭਾਜਪਾ ਦੇ ਹੱਥਠੋਕੇ ਹਨ, ਇਨ੍ਹਾਂ ਦੀਆਂ ਗੱਲਾਂ ’ਚ ਨਾ ਆਇਓ।’ ਮਮਤਾ ਨੇ ਕਿਹਾ, ‘ਜਦੋਂ ਤਕ ਮੈਂ ਜਿਊਂਦੀ ਹਾਂ, ਮੈਂ ਨਾਗਰਿਕਤਾ ਕਾਨੂੰਨ ਜਾਂ ਐੱਨਆਰਸੀ ਨੂੰ ਸੂਬੇ ’ਚ ਲਾਗੂ ਨਹੀਂ ਹੋਣ ਦੇਵਾਂਗੀ। ਜਦੋਂ ਤਕ ਇਹ ਕਾਨੂੰਨ ਖ਼ਤਮ ਨਹੀਂ ਹੁੰਦਾ, ਮੈਂ ਜਮਹੂਰੀ ਤਰੀਕੇ ਨਾਲ ਵਿਰੋਧ ਕਰਦੀ ਰਹਾਂਗੀ।’ ਉਨ੍ਹਾਂ ਜਾਮੀਆ ਮਿਲੀਆ ਇਸਲਾਮੀਆ ’ਵਰਸਿਟੀ ’ਚ ਪੁਲੀਸ ਵਲੋਂ ਕੀਤੀ ਕਾਰਵਾਈ ਦੀ ਵੀ ਨਿਖੇਧੀ ਕੀਤੀ।

Previous articleਚਾਰ ਮਹੀਨਿਆਂ ਵਿਚ ਬਣਾਵਾਂਗੇ ਗਗਨਚੁੰਬੀ ਰਾਮ ਮੰਦਰ: ਸ਼ਾਹ
Next articleਵਿਧਾਇਕ ਸੇਂਗਰ ਦੋਸ਼ੀ ਕਰਾਰ