ਨਾਂ ਧੀ ਨੂੰ ਮਾੜਾ ਬੋਲੀਦਾ….!

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕਖ਼ਾਨਾ ਗਣੇਸ਼ਪੁਰ ਭਾਰਟਾ,
ਜ਼ਿਲ੍ਹਾ ਹੁਸ਼ਿਆਰਪੁਰ,
ਮੋ: +91 94655-76022

ਮੌਜੂਦਾ ਦੌਰ ਦੀ ਗਾਇਕੀ ਵਲ ਜੇਕਰ ਅਸੀਂ ਅੱਜ ਇਕ ਪੰਛੀ ਝਾਤ ਮਾਰਦੇ ਹਾਂ ਤਾਂ ਸਾਨੂੰ ਲੱਚਰਤਾ, ਮਾਰ-ਧਾੜ, ਨਸ਼ੇ, ਅਸਲਾ, ਅਖੌਤੀ ਜੱਟਵਾਦ, ਫੋਕੀ ਸ਼ੁਹਰਤ-ਵਿਖਾਵਾ ਜਾਂ ਫੁਕਰਾਪਨ ਵਰਗੇ ਗੈਰ ਇਖ਼ਲਾਕੀ ਵਿਸ਼ੇ ਹੀ ਵੇਖਣ-ਸੁਣਨ ਨੂੰ ਮਿਲਦੇ ਹਨ। ਅਜਿਹੇ ਵਿੱਚ ਸਾਡੀ ਨੌਜਵਾਨ ਪੀੜੀ ਨੂੰ ਕਿਹੋ ਜਿਹੀ ਸੇਧ ਮਿਲੇਗੀ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬੀਤੇ ਵਰ੍ਹੇ ਅਜਿਹੇ ਕਈ ਗਾਇਕਾਂ ਦੇ ਆਪਸ ਵਿੱਚ ਸੋਸ਼ਲ ਮੀਡੀਆ ਉੱਪਰ ਕਾਟੋ-ਕਲੇਸ਼ ਹੋਣ ਦੇ ਮੁੱਦੇ ਹੀ ਗਰਮਾਏ ਰਹੇ।

ਪਰ ਇਸ ਪਦਾਰਥਵਾਦੀ ਅਤੇ ਛੇਤੀ ਤੋਂ ਛੇਤੀ ਸਭ ਤੋਂ ਅੱਗੇ ਨਿਕਲਣ ਜਾ ਫੋਕੀ ਸ਼ੁਹਰਤ ਹਾਸਿਲ ਕਰਨ ਦੀ ਅੰਨ੍ਹੀ ਦੋੜ ਵਿੱਚ ਕੁੱਝ ਅਜਿਹੇ ਮਾਣਮੱਤੇ ਫ਼ਨਕਾਰ ਵੀ ਹਨ, ਜਿਨ੍ਹਾਂ ਨੇ ਆਪਣੀ ਗੀਤ-ਸੰਗੀਤ ਨਾਲ ਸਮਾਜ ਨੂੰ ਹਮੇਸ਼ਾ ਸਕਾਰਾਤਮਿਕ ਸੇਧ ਹੀ ਦਿੱਤੀ ਹੈ ਪਰੰਤੂ ਕਦੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਅੱਜ ਅਸੀਂ ਅਜਿਹੇ ਹੀ ਗਾਇਕ ਵਾਰਿਸ ਭਰਾਵਾਂ ਦੀ ਗੱਲ ਕਰਦੇ ਹਾਂ ਜਿੰਨਾ ਦਾ ਇੱਕ ਬਹੁਤ ਹੀ ਇਖ਼ਲਾਕੀ ਗੀਤ ਨਵੇਂ ਵਰ੍ਹੇ ਦੀ ਆਮਦ ਨਾਲ ਸਰੋਤਿਆਂ ਦੇ ਕੰਨੀ ਪਿਆ ਅਤੇ ਜਿਸ ਦੀ ਹਰ ਪਾਸਿਉਂ ਸ਼ਲਾਘਾ ਹੋਈ। ਗੀਤ ਦੇ ਬੋਲ ਹਨ :

ਗ਼ੁੱਸੇ ਗਿੱਲੇ ਚਾਹੋ ਹੋਣ ਹਜ਼ਾਰਾਂ,
ਭਾਵੇਂ ਚੱਲ ਜਾਣ ਤਲਵਾਰਾਂ ,
ਪਰ ਇੱਕ ਦੂਜੇ ਦੀ ਇੱਜ਼ਤ ਨੂੰ ਨਹੀਂ ਪੈਰਾਂ ਹੇਠ ਰੋਲੀਦਾ,
ਨਾ ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਾੜਾ ਬੋਲੀਦਾ !

ਮੈਨੂੰ ਯਕੀਨ ਨਹੀਂ ਹੁੰਦਾ ਜਦੋਂ ਕਈ ਗਾਇਕ ਵੀਰ ਇਹ ਤਰਕ ਦਿੰਦੇ ਹਨ ਕਿ ਅਸੀਂ ਤਾਂ ਚੰਗਾ ਗਾਉਣਾ ਚਾਹੁੰਦੇ ਹਾਂ ਪਰ ਉਸ ਨੂੰ ਸੁਣਨ ਵਾਲੇ ਸਰੋਤੇ ਨਹੀਂ ਜਾਂ ਫਿਰ ਅੱਜਕੱਲ੍ਹ ਜਿਹੋ-ਜਿਹਾ ਚੱਲਦਾ ਹੈ, ਅਸੀਂ ਉਹੀ ਗਾ ਰਹੇ ਹਾਂ, ਉਨ੍ਹਾਂ ਦਾ ਇਹ ਤਰਕ ਬੇਮਤਲਬ ਹੋ ਜਾਂਦਾ ਹੈ, ਜਦੋਂ ਰੰਗਲਾ ਪੰਜਾਬ, ਜੱਗ ਜਿਉਦਿਆ ਦੇ ਮੇਲੇ, ਚਿੱਠੀਏ ਨੀ ਚਿੱਠੀਏ, ਗੁਰਮੁਖੀ ਦਾ ਬੇਟਾ, ਤੇਰਾ-ਤੇਰਾ, ਗ਼ੁੱਸੇ-ਗਿਲੇ ਜਿਹੇ ਮਿਆਰੀ ਗੀਤਾ ਦੀ ਕਾਮਯਾਬੀ ਵੱਲ ਵੇਖਦੇ ਹਾਂ, ਅਜਿਹੇ ਗੀਤ ਹੀ ਲੋਕ ਗੀਤਾ ਵਾਗ ਮਕਬੂਲ ਹੋ ਜਾਂਦੇ ਹਨ। ਮਨਮੋਹਨ ਵਾਰਿਸ ਦੀ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਸੁਣਨ ਨੂੰ ਮਿਲੀ, ਜਿਸ ਵਿੱਚ ਉਨ੍ਹਾਂ ਸਾਫ਼ ਕਿਹਾ ਕਿ ਜੋ ਕੁੱਝ ਵਧੀਆ ਹੁੰਦਾ, ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਜੋ ਕੁੱਝ ਗ਼ਲਤ ਹੋ ਰਿਹਾ ਹੈ, ਉਸ ਉੱਪਰ ਅਵਾਜ਼ ਉਠਾਉਣੀ ਚਾਹੀਦੀ, ਇਹੋ ਹੀ ਇੱਕ ਕਲਾਕਾਰ ਦਾ ਬੁਨਿਆਦੀ ਫ਼ਰਜ਼ ਹੈ, ਨਾ ਕਿ ਉਹ, ਜੋ ਕੁੱਝ ਮਾੜਾ ਹੋ ਰਿਹਾ ਹੈ, ਉਸ ਨੂੰ ਪ੍ਰਫੁਲਿਤ ਕਰੇ। ਉਨ੍ਹਾਂ ਦੇ ਕਹਿਣ ਮੁਤਾਬਿਕ ਜੇਕਰ ਪ੍ਰਮਾਤਮਾ ਨੇ ਸਾਨੂੰ ਅਵਾਜ਼ ਦਿੱਤੀ ਹੈ, ਅਤੇ ਜਦੋ ਅਸੀਂ ਕੋਈ ਵੀ ਗੱਲ ਕਰਦੇ ਹਾਂ ਤਾਂ ਲੋਕਾਂ ਤੇ ਇਸ ਦਾ ਅਸਰ ਹੁੰਦਾ ਹੈ, ਤਾਂ ਕਿਊ ਨਾ ਇਹੋ ਜਿਹੀ ਗੱਲ ਕਰੀਏ, ਜਿਸ ਨਾਲ ਸਾਡਾ ਸਮਾਜ ਹੋਰ ਸੋਹਣਾ ਹੋ ਸਕੇ।

ਇਸ ਪ੍ਰਕਾਰ ਹੀ ਪੰਜਾਬੀ ਗਾਇਕ ਹਰਭਜਨ ਮਾਨ ਦੀ ਪਿਛਲੇ ਸਮੇਂ ਇਕ ਬਹੁਤ ਹੀ ਭਾਵਪੂਰਨ ਲਿਖਤ ਪੜ੍ਹਨ ਨੂੰ ਮਿਲੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਗੀਤਾ ਰਾਹੀ ਸਰੋਤਿਆਂ ਨੂੰ ਮਿਲੀ ਖ਼ੁਸ਼ੀ ਅਤੇ ਚੰਗੇ ਸੇਧ ਨੂੰ ਹੀ ਆਪਣਾ ਅਸਲ ਇਨਾਮ ਦੱਸਿਆ। ਉਹ ਲਿਖਦੇ ਹਨ, ਉਸ ਦੇ ਇੱਕ ਗੀਤ ‘ਜਿੰਦੜੀਏ’ ਆਉਣ ਤੋਂ ਬਾਅਦ ਇਟਲੀ ਤੋਂ ਇੱਕ ਕੁੜੀ ਦਾ ਸੁਨੇਹਾ ਆਇਆ ਜਿਸ ਵਿੱਚ ਉਸ ਨੇ ਲਿਖਿਆ ਸੀ,“ ਠਹਿਰ ਜਿੰਦੜੀਏ ਠਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਗੀਤ ਨੇ ਮੇਰੀਆਂ ਜ਼ਿੰਦਗੀ ਤੋ ਨਿਰਾਸ਼  ਹੋਈ ਦੀਆਂ ਟੁੱਟੀਆਂ ਉਮੀਦਾਂ ਮੁੜ ਜੋੜ ਦਿੱਤੀਆਂ ਅਤੇ ਮੇਰਾ ਖ਼ੁਦਕੁਸ਼ੀ ਦੇ ਖ਼ਿਆਲ ਨੂੰ ਮੇਟ ਕੇ ਉਸ ਵਿਚ ਜ਼ਿੰਦਗੀ ਨੂੰ ਮਾਣਨ ਅਤੇ ਸੰਘਰਸ਼ ਨਾ ਹਾਰਨ ਦੇ ਰੰਗ ਭਰ ਦਿੱਤੇ।”

ਕਹਿਣ ਤੋਂ ਭਾਵ ਹੈ ਕਿ ਜੇ ਤੁਹਨੂੰ ਪ੍ਰਮਾਤਮਾ ਨੇ ਹੁਨਰ ਬਖ਼ਸ਼ਿਆ ਹੈ ਤਾਂ ਉਸ ਨੂੰ ਸਹੀ ਦਿਸ਼ਾ ਵਿੱਚ ਸਮਾਜ ਦੀ ਬਿਹਤਰੀ ਵਲ ਲਗਾਉਣਾ ਚਾਹੀਦਾ ਹੈ। ਜੇਕਰ ਸਰੋਤਿਆਂ ਨੂੰ ਚੰਗਾ ਸੁਣਨ ਨੂੰ ਮਿਲੇਗਾ ਤਾਂ ਉਹ ਜ਼ਰੂਰ ਸੁਣਨਗੇ। ਜੇਕਰ ਅਸੀਂ ਪਹਿਲਾ ਹੀ ਇਹ ਧਾਰਨਾ ਬਣਾ ਲਈ ਹੈ ਕਿ ਇਹੋ- ਜਿਹਾ ਸੱਭਿਅਕ ਜਿਹਾ ਨਹੀਂ ਚੱਲੇਗਾ ਤਾਂ ਸਾਨੂੰ ਆਪਣੇ ਫੈਸਲਿਆਂ ਦੀ ਸਵੈ-ਪੜਚੋਲ ਕਰ ਲੈਣੀ ਚਾਹੀਦੀ ਹੈ। ਮਿਸਾਲ ਵਜੋਂ ਜੇਕਰ ਇਕ ਸਕੂਲ ਦਾ ਅਧਿਆਪਕ ਇਹੀ ਸੋਚ ਲਵੇ ਕਿ ਵਿਦਿਆਰਥੀ ਪੜ੍ਹਨਾ ਨਹੀਂ ਚਾਹੁੰਦੇ ਤੇ ਉਹ ਆਪਣਾ ਫ਼ਰਜ਼ ਭੁੱਲ ਕੇ ਪੜਾਉਣੋਂ ਹੱਟ ਜਾਵੇ ਤਾਂ ਇਹ ਤਾਂ ਉਸ ਦੇ ਕਿੱਤੇ ਅਤੇ ਕਰਤੱਵ  ਨਾਲ ਇਨਸਾਫ਼ ਨਹੀਂ ਹੋਵੇਗਾ। ਸਾਨੂੰ ਸਾਰਿਆਂ ਨੂੰ ਆਪਣਾ ਫ਼ਰਜ਼ ਪਹਿਚਾਣਦੇ ਹੋਏ ਸਮਾਜ ਦੀ ਬਿਹਤਰੀ ਲਈ ਕਾਰਜ ਕਰਨੇ ਚਾਹੀਦੇ ਹਨ, ਨਾਂ ਕਿ ਪੈਸੇ ਕਮਾਉਣ ਦੀ ਦੌੜ ਵਿੱਚ ਆਪਣੇ ਇਖ਼ਲਾਕੀ ਸੋਚ ਮਾਰ ਕੇ ਸਮਝੌਤਾ ਕਰ ਲੈਣਾ ਚਾਹੀਦਾ ਹੈ। ਜੇਕਰ ਸਾਡੇ ਬੋਲਾਂ-ਭਾਵਾਂ ਨਾਲ ਸਮਾਜ ਉੱਪਰ ਹਾਂ-ਪੱਖੀ ਪ੍ਰਭਾਵ ਪੈ ਰਿਹਾ ਹੈ ਤਾਂ ਸਾਨੂੰ ਨਿਰੰਤਰ ਆਪਣੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬ ਨੂੰ ਇਸ ਸਮੇਂ ਨਸ਼ੇ, ਬੇਰੁਜ਼ਗਾਰੀ, ਵਾਤਾਵਰਣ ਪ੍ਰਦੂਸ਼ਣ, ਗੈਂਗਵਾਰ, ਕਿਸਾਨ ਖੁਦਕੁਸ਼ੀਆਂ ਵਰਗੀਆਂ ਸਮਾਜਿਕ ਅਲਾਮਤਾਂ ਨੇ ਘੇਰ ਰੱਖਿਆ ਹੈ ਇਨ੍ਹਾਂ ਸਾਰੀਆਂ ਮੁਸ਼ਕਿਲ ਵਿੱਚੋਂ ਬਾਹਰ ਆਉਣ ਲਈ ਸਾਡੇ ਸਾਰਿਆਂ ਦੀ ਸਾਰਥਿਕ ਭੂਮਿਕਾ ਦੀ ਲੋੜ ਹੈ। ਅੰਤ ਵਿੱਚ ਸਾਰੇ ਹੀ ਚੰਗਾ ਗਾਉਣ ਵਾਲੇ ਗਾਇਕਾਂ ਦੇ ਕੰਮ ਨੂੰ ਸਲਾਮ ਅਤੇ ਆਸ ਹੈ ਕਿ ਹੋਰ ਵੀ ਗਾਇਕ ਵੀਰ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਕੁੱਝ ਨਾ ਕੁੱਝ ਚੰਗਾ ਸਮਾਜ ਦੀ ਝੋਲੀ ਜ਼ਰੂਰ ਪਾਉਣਗੇ..ਆਮੀਨ !

 

Previous articleProtests in 4 US cities against Delhi violence
Next articleWill vandalism, arson, killings stop in India?