ਨਹਿਰ ਵਿੱਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

ਲੁਧਿਆਣਾ- ਇੱਥੋਂ ਦੇ ਦੁਗਰੀ ਇਲਾਕੇ ’ਚ ਨਹਿਰ ਵਿੱਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ। ਇਸ ਸਬੰਧੀ ਮਾਮਲਾ ਦਰਜ ਕਰਨ ਲਈ ਦੋ ਚੌਕੀਆਂ ਦੀ ਪੁਲੀਸ ਇਲਾਕੇ ਨੂੰ ਲੈ ਕੇ ਦੁਚਿੱਤੀ ’ਚ ਫਸੀ ਰਹੀ। ਅਖ਼ੀਰ ਆਤਮ ਪਾਰਕ ਚੌਕੀ ਵਿਚ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ।
ਦਰਜੀ ਵਜੋਂ ਕੰਮ ਕਰਦੇ ਵੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੇ ਕੰਮ ਲਈ ਦੁਗਰੀ ਰੋਡ ’ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਲੋਕਾਂ ਨੂੰ ਨਹਿਰ ਦੇ ਨੇੜੇ ਇਕੱਠੇ ਹੋਏ ਦੇਖਿਆ। ਜਦੋਂ ਉਹ ਕੋਲ ਗਿਆ ਤਾਂ ਨਹਿਰ ਵਿੱਚ ਨਵਜੰਮੇ ਬੱਚੇ ਦੀ ਲਾਸ਼ ਪਈ ਸੀ। ਪਿੱਛਿਓਂ ਪਾਣੀ ਬੰਦ ਹੋਣ ਕਰਕੇ ਨਹਿਰ ਸੁੱਕੀ ਪਈ ਸੀ। ਇਸ ਦੌਰਾਨ ਉਸ ਨੇ ਥਾਣਾ ਦੁਗਰੀ ਦੇ ਅਧਿਕਾਰੀ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਅੱਜ ਸ਼ਹਿਰ ’ਚ ਡੀਜੀਪੀ ਆਏ ਹੋਣ ਕਰਕੇ ਉਹ ਰੁੱਝਿਆ ਹੋਇਆ ਹੈ। ਵੀਰ ਸਿੰਘ ਨੇ ਦੱਸਿਆ ਕਿ ਉਹ ਕੰਟਰੋਲ ਰੂਮ ’ਤੇ ਵੀ ਕਾਫੀ ਸਮਾਂ ਫੋਨ ਕਰਦਾ ਰਿਹਾ ਅਤੇ ਜਦੋਂ ਅੱਧੇ ਘੰਟੇ ਤੱਕ ਵੀ ਪੁਲੀਸ ਨਾ ਆਈ ਤਾਂ ਉਹ ਬੱਚੇ ਦੀ ਲਾਸ਼ ਲੈ ਕੇ ਦੁਗਰੀ ਥਾਣੇ ਪਹੁੰਚ ਗਿਆ। ਉੱਥੇ ਬੈਠੇ ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਪਹਿਲਾਂ ਮੌਕੇ ਦਾ ਜਾਇਜ਼ਾ ਲੈਣਗੇ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਮਾਡਲ ਟਾਊਨ ਦੀ ਪੁਲੀਸ ਅਧੀਨ ਆਉਂਦਾ ਹੈ। ਜਦੋਂ ਮਾਡਲ ਟਾਊਨ ਦੀ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਆਤਮ ਪਾਰਕ ਚੌਕੀ ਅਧੀਨ ਆਉਂਦਾ ਹੈ। ਅਖੀਰ ਆਤਮ ਪਾਰਕ ਚੌਕੀ ’ਚ ਅਣਪਛਾਤੇ ਮਾਪਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਆਤਮ ਪਾਰਕ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਣਪਛਾਤੇ ਮਾਪਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਡੀਸੀਪੀ ਅਸ਼ਵਨੀ ਕਪੂਰ ਨੇ ਕਿਹਾ ਕਿ ਇਲਾਕੇ ਸਬੰਧੀ ਸਾਰੀ ਜਾਣਕਾਰੀ ਐਪ ’ਤੇ ਉਪਲੱਬਧ ਹੈ। ਜੇਕਰ ਮਦਦ ਕਰਨ ਵਾਲੇ ਨੂੰ ਇਸ ਸਬੰਧੀ ਪਤਾ ਨਹੀਂ ਸੀ ਤਾਂ ਘੱਟੋ-ਘੱਟ ਪੁਲੀਸ ਮੁਲਾਜ਼ਮ ਤਾਂ ਇਸ ਤੋਂ ਜਾਣੂ ਸਨ। ਉਨ੍ਹਾਂ ਕਿਹਾ ਕਿ ਉਹ ਪੁਲੀਸ ਮੁਲਾਜ਼ਮਾਂ ਦੇ ਰਵੱਈਏ ਦੀ ਵੀ ਜਾਂਚ ਕਰਵਾਉਣਗੇ।

Previous articleਬੰਗਲਾਦੇਸ਼ ਨੇ ਤੀਜੇ ਦਿਨ ਹੀ ਜਿੱਤਿਆ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਮੈਚ
Next article‘ਆਪ’ ਆਗੂ ਦੀ ਜਾਨ ਬਚੀ, ਖੂਨ ਦੀ ਮੁੱਖ ਨਾੜੀ ਜੋੜੀ