ਨਹਿਰੀ ਪਾਣੀ ਹੋਇਆ ‘ਜ਼ਹਿਰੀ’: ਚਾਰ ਜ਼ਿਲ੍ਹਿਆਂ ਦੇ ਲੋਕ ਭੈਭੀਤ

ਮਾਲਵਾ ਖੇਤਰ ਦੇ ਚਾਰ ਜਿਲ੍ਹਿਆਂ ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ ’ਚੋਂ ਲੰਘਦੀ ਵੱਡੀ ਨਹਿਰ ਕੋਟਲਾ ਬਰਾਂਚ ਵਿੱਚ ਕਾਲਾ ਬਦਬੂਦਾਰ ਪਾਣੀ ਆਉਣ ਕਾਰਨ ਸੈਂਕੜੇ ਪਿੰਡਾਂ ਦੇ ਲੋਕ ਭੈਭੀਤ ਹੋ ਗਏ ਹਨ। ਇਸ ਨਹਿਰ ਵਿੱਚੋਂ ਦਰਜਨਾਂ ਰਜਵਾਹੇ ਅਤੇ ਸੂਏ, ਕੱਸੀਆਂ ਨਿਕਲਦੀਆਂ ਹਨ, ਜਿਨ੍ਹਾਂ ਰਾਹੀਂ ਲੱਖਾਂ ਏਕੜ ਜ਼ਮੀਨ ਨੂੰ ਪਾਣੀ ਲੱਗਦਾ ਹੈ ਅਤੇ ਅਨੇਕ ਵਾਟਰ ਵਰਕਸਾਂ ਨੂੰ ਪਾਣੀ ਸਪਲਾਈ ਜਾਂਦੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਤੁਰੰਤ ਸਾਫ਼ ਪਾਣੀ ਛੱਡਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਇਸ ਪਾਣੀ ਨੂੰ ਜ਼ਹਿਰੀਲਾ ਦੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਨਹਿਰ ਅਤੇ ਰਜਵਾਹਿਆਂ ਵਿੱਚ ਕਾਲੇ ਰੰਗ ਦਾ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨੂੰ ਵੱਡਾ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਕੋਟਲਾ ਬਰਾਂਚ ਨਹਿਰ ਵਿੱਚੋਂ ਕਈ ਦਰਜਨ ਰਜਵਾਹੇ ਨਿਕਲਦੇ ਹਨ, ਜਿਸ ਨਾਲ ਜ਼ਿਲ੍ਹਾ ਬਰਨਾਲਾ, ਮਾਨਸਾ, ਬਠਿੰਡਾ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲਦਾ ਹੈ। ਉਥੇ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਲਈ ਪਾਣੀ ਵਾਟਰ ਵਰਕਸਾਂ ਰਾਹੀਂ ਸਪਲਾਈ ਹੁੰਦਾ ਹੈ ਅਤੇ ਵਾਟਰ ਵਰਕਸਾਂ ਦੀਆਂ ਡੱਗੀਆਂ ਵਿੱਚ ਵੱਖ-ਵੱਖ ਰਜਵਾਹਿਆ ਤੋਂ ਨਹਿਰੀ ਪਾਣੀ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਪੀਣ ਲਈ ਅਜਿਹਾ ਗੰਧਲਾ ਪਾਣੀ ਮਿਲ ਰਿਹਾ ਹੈ, ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਡਰ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਨਹਿਰਾਂ ਤੇ ਰਜਵਾਹਿਆ ਵਿੱਚ ਵਗ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਨਹਿਰੀ ਵਿਭਾਗ ਦੇ ਅਧਿਕਾਰੀ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਈ ਵੀ ਯਤਨ ਨਹੀਂ ਕਰ ਰਹੇ ਹਨ, ਜਦੋਂ ਕਿ ਇਹ ਸਾਰਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਕਿਸਾਨ ਆਗੂ ਨੇ ਗਿਲਾ ਕੀਤਾ ਕਿ ਵਾਤਾਵਰਨ ਦਾ ਢਿੰਡੋਰਾ ਪਿੱਟ ਕੇ ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ਼ ਤਾਂ 50 ਹਜ਼ਾਰ ਤੋਂ ਉਪਰ ਪੁਲੀਸ ਕੇਸ ਦਰਜ ਕਰ ਲਏ ਹਨ, ਪਰ ਨਹਿਰੀ ਪਾਣੀ ਨੂੰ ਜ਼ਹਿਰੀਲਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ, ਕਿਉਂਕਿ ਜਿਹੜੇ ਉਦਯੋਗਾਂ ਦਾ ਗੰਦਾ ਜ਼ਹਿਰੀਲਾ ਤੇਜ਼ਾਬੀ ਪਾਣੀ ਦਰਿਆਵਾਂ ਵਿੱਚ ਪਾਇਆ ਜਾਂਦਾ, ਉਹ ਵੱਡੇ ਪੈਸੇ ਵਾਲੇ ਲੋਕ ਹਨ।

Previous articleਗਾਂਧੀ ਪਰਿਵਾਰ ਦੀ ਸੁਰੱਖਿਆ ਤੇ ਜੇਐੱਨਯੂ ਮੁੱਦੇ ਗੂੰਜੇ
Next articleਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਨੂੰ ਮਿਲੇ ਰਾਜਨਾਥ