ਨਸ਼ਿਆਂ ਦੀ ਦੱਲ ਦੱਲ ਵਿਚ ਫਸੇ ਪੰਜਾਬ ਦੇ ਲੋਕ-ਸਤਨਾਮ ਸਿੰਘ ਚਾਹਲ

Satnam Singh Chahal 

(ਸਮਾਜ ਵੀਕਲੀ)

ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਰਹਿਣ ਵਾਲੇ ਲੋਕ ਜਿੱਥੇ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਇਸ ਪਵਿੱਤਰ ਧਰਤੀ ਨੂੰ ਪ੍ਰਦੂਸ਼ਿਤ ਕਰਦੇ ਆ ਰਹੇ ਹਨ, ਉੱਥੇ ਪੰਜਾਬ ਦੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣਾ ਤੇ ਆਪਣੇ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣ ਰਹੀ ਹੈ। ਇਸ ਸਾਰੇ ਵਰਤਾਰੇ ਲਈ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਸੱਤਾਧਾਰੀ ਧਿਰ ਨੂੰ ਦੋਸ਼ੀ ਠਹਿਰਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ।

ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਅਤੇ ਕੁੱਝ ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਨੇ ਪੰਜਾਬ ਦੇ ਨੌਜਵਾਨਾਂ ਦੀ 75 ਫ਼ੀਸਦੀ ਆਬਾਦੀ ਨੂੰ ਨਸ਼ਈ ਬਣਾ ਕੇ ਰੱਖ ਦਿੱਤਾ ਹੈ ਜਦਕਿ ਸੱਤਾਧਾਰੀ ਧਿਰ ਇਸ ਨੂੰ ਆਪਣੇ ਵਿਰੋਧੀਆਂ ਦਾ ਭੰਡੀ-ਪ੍ਰਚਾਰ ਕਹਿਕੇ ਆਪਣਾ ਪੱਲਾ ਛੁਡਾ ਰਹੀ ਹੈ। ਪੰਜਾਬ ਵਿੱਚ ਨਸ਼ੇੜੀ ਨੌਜਵਾਨਾਂ ਦੀ ਕਿੰਨੀ ਗਿਣਤੀ ਹੈ, ਇਸ ਬਾਰੇ ਭਾਵੇਂ ਠੀਕ-ਠੀਕ ਕੁੱਝ ਵੀ ਕਹਿ ਸਕਣਾ ਅਸੰਭਵ ਹੈ ਪਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਪੰਜਾਬ ਦਾ ਨੌਜਵਾਨ ਅੱਜ ਨਸ਼ਿਆਂ ਦੀ ਦਲਦਲ ਵਿੱਚ ਇਸ ਹੱਦ ਤੱਕ ਫਸ ਚੁੱਕਿਆ ਹੈ, ਜਿਸ ਵਿੱਚੋਂ ਬਾਹਰ ਨਿਕਲ ਸਕਣਾ ਅੱਜ ਉਨ੍ਹਾਂ ਦੇ ਵਸ ਵਿੱਚ ਨਹੀਂ ਰਿਹਾ।

ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਵਧ ਰਹੀ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਲਈ ਜਿੱਥੇ ਸੱਤਾਧਾਰੀ ਧਿਰ, ਪੰਜਾਬ ਦੀਆਂ ਪ੍ਰਮੁੱਖ ਵਿਰੋਧੀ ਧਿਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਦੇ ਇਸ ਕੋਹੜ ਨੂੰ ਖ਼ਤਮ ਕਰਨ ਲਈ ਆਪੋ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਗੁਰੇਜ਼ ਹੀ ਕੀਤਾ ਹੈ। ਕੀ ਸੱਤਾਧਾਰੀ ਧਿਰ ਕੋਲ ਇਸ ਗੱਲ ਦਾ ਜਵਾਬ ਹੈ ਕਿ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕਰਨ ਲਈ ਕਦੇ ਕੋਈ ਅਸਰਦਾਇਕ ਯਤਨ ਕਿਉਂ ਨਹੀਂ ਕੀਤਾ? ਵਿਰੋਧੀ ਧਿਰਾਂ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕਿਉਂ ਕੋਈ ਯਤਨ ਨਹੀਂ ਕੀਤੇ?

ਇਹ ਬਿਮਾਰੀ ਹੁਣ ਪੰਜਾਬ ਵਿੱਚ ਕੈਂਸਰ ਤੋਂ ਵੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦਾ ਇਲਾਜ ਲੱਭਣ ਲਈ ਨੌਜਵਾਨਾਂ, ਮਾਪਿਆਂ, ਸਰਕਾਰਾਂ ਤੇ ਵਿਰੋਧੀ ਸਿਆਸੀ ਧਿਰਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।ਜੇਕਰ ਹੁਣ ਵੀ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਸਮਝ ਕੇ ਇਸ ਦਾ ਠੋਸ ਹੱਲ ਲੱਭਣ ਦਾ ਯਤਨ ਨਾ ਕੀਤਾ ਤਾਂ ਭਵਿੱਖ ਵਿੱਚ ਇੱਕ ਅਜਿਹਾ ਦਿਨ ਆਵੇਗਾ ਕਿ ਪੰਜਾਬ ਵਿੱਚ ਕਿਸੇ ਨੌਜਵਾਨ ਦੀ ਬਰਾਤ ਨਿਕਲਦੀ ਦੇਖਣਾ ਵੀ ਨਸੀਬ ਨਹੀਂ ਹੋਵੇਗਾ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਕੌਮ ਨੂੰ ਤਲਵਾਰ ਨਾਲ ਜਾਂ ਕਿਸੇ ਹੋਰ ਮਾਰੂ ਹਥਿਆਰ ਨਾਲ ਤਬਾਹ ਨਾ ਕੀਤਾ ਜਾ ਸਕੇ ਉਸ ਨੂੰ ਸ਼ਰਾਬ ਦੇ ਪਿਆਲੇ ਵਿਚ ਡੋਬ ਕੇ ਅਤੇ ਹੋਰ ਐਸ਼ੋ ਇਸ਼ਰਤ ਦੀ ਜਿਲਤ ਵਿਚ ਫਸਾ ਕੇ ਸੁਖੈਨ ਹੀ ਤਬਾਹ ਕੀਤਾ ਜਾ ਸਕਦਾ ਹੈ, ਜਿਸ ਕੌਮ ਨੂੰ ਜਾਂ ਦੇਸ਼ ਨੂੰ ਗੁਲਾਮ ਬਣਾਉਣਾ ਹੋਵੇ ਉਸ ਦੇ ਗਲ ਨਸ਼ਿਆਂ ਦਾ ਜੂਲਾ ਪਾ ਦਿੱਤਾ ਜਾਵੇ। ਨਸ਼ੇ ਦੀਆਂ ਗੁਲਾਮ ਕੌਮਾਂ, ਨਸ਼ਿਆਂ ਦੀ ਗੁਲਾਮੀ ਅਧੀਨ ਜਿੱਥੇ ਆਪਣੀ ਜ਼ਮੀਰ ਵੇਚ ਦਿੰਦੀਆਂ ਹਨ, ਧਨ-ਧਾਮ, ਇੱਜ਼ਤ-ਆਬਰੂ ਨੂੰ ਵੀ ਬਰਦਾਸ਼ਤ ਕਰ ਲੈਂਦੀਆਂ ਹਨ ਉਥੇ ਆਪਣੇ ਮੁਲਕ ਨੂੰ ਵੀ ਨਸ਼ਿਆਂ ਦੇ ਵੱਟੇ ਦੂਸਰੇ ਮੁਲਕ ਅਤੇ ਕੌਮਾਂ ਪਾਸ ਗਹਿਣੇ ਰੱਖ ਦਿੰਦੀਆਂ ਹਨ।

ਇਤਿਹਾਸ ਦੇ ਪੰਨਿਆਂ ਵਿੱਚੋਂ ਉਨ੍ਹਾਂ ਕੌਮਾਂ ਦੀ ਦਾਸਤਾਨ ਅੱਜ ਵੀ ਪੜ੍ਹੀ ਜਾ ਸਕਦੀ ਹੈ ਜੋ ਨਸ਼ਿਆਂ ਦੇ ਮਾਰੂ ਹਥਿਆਰ ਦੁਆਰਾ ਤਬਾਹ ਹੋਈਆਂ। ਜਿਵੇਂ ਗੋਰਿਆਂ ਨੇ ਅਮਰੀਕਾ ਦੇ ਮੂਲ ਨਿਵਾਸੀ ਰੈਡ ਇੰਡੀਅਨ ਦੀ ਬਹਾਦਰੀ ਅਤੇ ਗੌਰਵ ਨੂੰ ਸ਼ਰਾਬ ਦੇ ਜ਼ਹਿਰੀਲੇ ਪਾਣੀ ਰਾਹੀਂ ਨਾਸ਼ ਕੀਤਾ ਅਤੇ ਸਾਰੇ ਦਾ ਸਾਰਾ ਮੁਲਕ ਆਪਣੇ ਕਬਜ਼ੇ ਵਿਚ ਕਰ ਲਿਆ। ਅੱਜ ਵੀ ਉਨ੍ਹਾਂ ਦੀ ਨਵੀਂ ਪਨੀਰੀ ਨੂੰ ਖੁੱਲ੍ਹੀ ਸ਼ਰਾਬ ਅਤੇ ਨਸ਼ੇ ਦੇ ਕੇ ਉਨ੍ਹਾਂ ਦੀ ਸੋਚ ਸ਼ਕਤੀ ਨੂੰ ਤਾਲਾ ਲਾਇਆ ਜਾ ਰਿਹਾ ਹੈ। ਅੱਜ ਉਨ੍ਹਾਂ ਦੀ ਬਹਾਦਰੀ ਅਜਾਇਬ ਘਰਾਂ ਵਿਚ ਵੀ ਚਿਤਰੀ ਵੇਖੀ ਜਾ ਸਕਦੀ ਹੈ ਜਾਂ ਫਿਰ ਇਹ ਲੋਕ ਨਸ਼ੇ ਦੇ ਲੋਰ ਵਿਚ ਸਿਰ ਉੱਤੇ ਮੋਰ ਦੇ ਖੰਬ ਟੁੰਗ ਕੇ ਅਤੇ ਨੱਚ ਟੱਪ ਕੇ ਆਪਣੇ ਹਾਕਮ ਲੋਕਾਂ ਦਾ ਮਨੋਰੰਜਨ ਕਰਨ ਤੱਕ ਹੀ ਸੀਮਤ ਰਹਿ ਗਏ ਹਨ।

ਰੈਡ ਇੰਡੀਅਨਜ਼ ਦੀ ਤਰ੍ਹਾਂ ਹੀ ਇਨ੍ਹਾਂ ਗੋਰਿਆਂ ਨੇ ਆਸਟਰੇਲੀਆ ਦੇ ਮੂਲ ਨਿਵਾਸੀ ਐਬੋਰਿਜਨਾਂ ਨੂੰ ਵੀ ਨਸ਼ਿਆਂ ਦਾ ਮਾਰੂ ਹਥਿਆਰ ਨਾਲ ਮਾਰ ਕੇ, ਉਨ੍ਹਾਂ ਦਾ ਹਸ਼ਰ ਵੀ ਅਮਰੀਕਾ ਅਤੇ ਕਨੇਡਾ ਦੇ ਰੈਡ ਇੰਡੀਅਨ ਵਰਗਾ ਹੀ ਕੀਤਾ ਹੈ।

ਨਸ਼ਿਆਂ ਦੇ ਮਾਰੂ ਹਥਿਆਰ ਨਾਲ ਹੀ ਆਇਰਲੈਂਡ ਨਿਵਾਸੀਆਂ ਦੇ ਆਜ਼ਾਦੀ ਪ੍ਰਤੀ ਸੁਪਨਿਆਂ ਨੂੰ ਖਤਮ ਕਰਨ ਲਈ ਬਰਤਾਨੀਆਂ ਵੱਲੋਂ ਆਇਰਲੈਂਡ ਵਿਚ ਸ਼ਰਾਬਖਾਨੇ ਲਾ ਕੇ ਖੁੱਲ੍ਹੀ ਸ਼ਰਾਬ ਸਸਤੇ ਭਾਅ ਅਤੇ ਮੁਫ਼ਤ ਦੇ ਕੇ ਆਇਰਲੈਂਡ ਦੇ ਲੋਕਾਂ ਨੂੰ ਪਾਗਲ ਬਣਾਈ ਰੱਖਿਆ। ਆਇਰਲੈਂਡ ਦਾ ਇੱਕ ਹਿੱਸਾ ਭਾਵੇਂ ਅੱਜ ਆਜ਼ਾਦ ਹੋ ਚੁੱਕਾ ਹੈ ਪਰ ਸ਼ਰਾਬ ਦਾ ਨਸ਼ਾ ਅਇਰਸ਼ ਲੋਕਾਂ ਦੇ ਖੂਨ ਦਾ ਇਕ ਹਿੱਸਾ ਬਣ ਚੁੱਕਾ ਹੈ। ਅਇਰਸ਼ ਲੋਕ ਬਹੁਤੀ ਸ਼ਰਾਬ ਪੀਣ ਕਾਰਨ ਸਾਰੀ ਦੁਨੀਆਂ ਵਿਚ ਬਦਨਾਮ ਹੋ ਚੁੱਕੇ ਹਨ।

ਨਸ਼ਿਆਂ ਦੇ ਘਾਤਕ ਹਥਿਆਰ ਦੁਆਰਾ ਹੀ ਜਪਾਨੀਆਂ ਨੇ ਚੀਨੀ ਲੋਕਾਂ ਨੂੰ ਅਤੇ ਰੂਸ ਨੇ ਮੰਗੋਲੀਅਨ ਲੋਕਾਂ ਨੂੰ ਆਪਣੇ ਗੁਲਾਮ ਬਣਾਈ ਰੱਖਿਆ। ਅੱਜ ਚੀਨ ਸ਼ਕਤੀਸ਼ਾਲੀ ਮੁਲਕ ਬਣ ਕੇ ਸਾਰੀ ਦੁਨੀਆਂ ਸਾਹਮਣੇ ਉਭਰ ਰਿਹਾ ਹੈ। ਇਸ ਦਾ ਵੱਡਾ ਕਾਰਨ ਸੰਨ 1948 ਦਾ ਚੀਨੀ ਇਨਕਲਾਬ ਹੈ, ਇਸ ਇਨਕਲਾਬ ਦੀ ਬਦੌਲਤ ਜਦੋਂ ਅਫ਼ੀਮ ਚੀਨ ਵਿਚੋਂ ਬਾਹਰ ਨਿਕਲ ਗਈ ਤਾਂ ਮੁਲਕ ਨੇ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ।

ਨਸ਼ਿਆਂ ਦੇ ਮਾਰੂ ਹਥਿਆਰ ਦੀ ਵਰਤੋਂ ਕਰਕੇ ਹੀ ਗੋਰਿਆਂ ਨੇ ਕਾਲਿਆਂ ਨੂੰ ਆਪਣਾ ਗੁਲਾਮ ਬਣਾਈ ਰੱਖਿਆ ਅਤੇ ਪਸ਼ੂਆਂ ਦੀ ਤਰ੍ਹਾਂ ਉਨ੍ਹਾਂ ਪਾਸੋਂ ਕੰਮ ਲੈਂਦੇ ਰਹੇ। ਇਸੇ ਸੋਚ ਅਧੀਨ 1849 ਈ. ਵਿਚ ਜਦੋਂ ਫਰੰਗੀਆਂ ਨੇ ਖਾਲਸਾ ਰਾਜ ਨੂੰ ਅਨੇਕਾਂ ਲੂੰਬੜ ਚਾਲਾਂ ਚਲਾ ਕੇ ਹੜੱਪ ਕਰ ਲਿਆ ਅਤੇ ਸਿੱਖ ਕੌਮ ਦੇ ਬਹਾਦਰ ਫੌਜੀ ਜਵਾਨਾਂ ਦੇ ਮਨਾਂ ਵਿਚੋਂ ਰਾਜ ਭਾਗ ਦਾ ਸੰਕਲਪ ਕੱਢਣ ਅਤੇ ਸਦਾ ਵਾਸਤੇ ਗੁਲਾਮੀ ਦਾ ਜੂਲਾ ਚੁਕਾਈ ਰੱਖਣ ਵਾਸਤੇ ਸ਼ਰਾਬ ਅਤੇ ਅਫ਼ੀਮ ਦੇ ਨਸ਼ੇ ਦਾ ਹਥਿਆਰ ਵਰਤਿਆ। ਇਹ ਹਥਿਆਰ ਵਰਤਣ ਵਿਚ ਫਰੰਗੀਆਂ ਨੂੰ ਕਾਮਯਾਬੀ ਵੀ ਮਿਲੀ।

ਜਿੱਥੇ ਬਹੁਤਾਤ ਵਿਚ ਫੌਜੀ ਜਵਾਨ ਸ਼ਰਾਬ ਪੀਣ ਦੇ ਆਦੀ ਹੋ ਗਏ ਉੱਥੇ ਅਣਖੀ ਨਿਹੰਗ ਸਿੰਘ ਜੋ ਕਿ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਆਪਣੀ ਅਣਖ਼ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਦਾ ਅੱਗੇ ਹੋ ਕੇ ਜੂਝਦੇ ਰਹੇ ਅਤੇ ਆਪਣੀਆਂ ਜਾਨਾਂ ਨਿਛਾਵਰ ਕਰਨ ਤੋਂ ਸੰਕੋਚ ਨਹੀਂ ਕਰਦੇ ਸਨ, ਉਨ੍ਹਾਂ ਨੂੰ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜੋ ਬਚੇ ਉਨ੍ਹਾਂ ਨੂੰ ਭੰਗ, ਅਫ਼ੀਮ ਅਤੇ ਪੋਸਤ ਵਰਗੇ ਨਸ਼ੇ ਲਾ ਕੇ ਅਮਲ ਦੇ ਮੀਚਕਣੇ-ਵਣ ਵਿਚ ਧਕੇਲ ਦਿੱਤਾ। ਜਿਸ ਵਿਚੋਂ ਅੱਜ ਤੱਕ ਉਹ ਛੁਟਕਾਰਾ ਨਹੀਂ ਪਾ ਸਕੇ।

ਐਨ ਉਨ੍ਹਾਂ ਲੀਹਾਂ ਉੱਪਰ ਚਲਦੇ ਹੋਏ ਆਪਣੇ ਹੀ ਮੁਲਕ ਦੇ ਆਗੂ ਆਪਣੇ ਹੀ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਹਥਿਆਰ ਨਾਲ ਮਾਰਨ ਲਈ ਖੁਦ ਯਤਨਸ਼ੀਲ ਹਨ। ਹਰ ਚੁਰਾਹੇ ਅਤੇ ਸੜਕ ਉੱਤੇ ਸ਼ਰਾਬ ਦੇ ਠੇਕਿਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਹਰ ਦੁਕਾਨ ਅਤੇ ਰੇਹੜੀਆਂ ਉੱਤੇ ਬੜੇ ਹੀ ਆਕਰਸ਼ਿਤ ਪੈਕਟਾਂ ਦੇ ਵਿਚ ਤੰਬਾਕੂ ਪੈਕ ਕਰਕੇ, ਗੁਟਕਾ, ਜ਼ਰਦਾ, ਸਕੂਲਾਂ-ਕਾਲਜਾਂ ਅਤੇ ਪਬਲਿਕ ਥਾਵਾਂ ਉੱਤੇ ਆਵਾਜ਼ਾਂ ਮਾਰ-ਮਾਰ ਕੇ ਵੇਚਿਆ ਜਾ ਰਿਹਾ ਹੈ। ਇਹ ਸਭ ਕੁਝ ਕਿਸ ਲਾਚਾਰੀ ਅਤੇ ਲਾਲਚ ਅਧੀਨ ਕੀਤਾ ਜਾ ਰਿਹਾ ਹੈ, ਇਹ ਮੁਲਕ ਦੇ ਰਹਿਨੁਮਾ ਹੀ ਦੱਸ ਸਕਦੇ ਹਨ ਪਰ ਇਹ ਹੋ ਜ਼ਰੂਰ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਨਵੀਂ ਪੀੜ੍ਹੀ ਅਤੇ ਸਮੁੱਚੇ ਦੇਸ਼ ਲਈ ਅੱਤ ਘਾਤਕ ਜ਼ਰੂਰ ਸਾਬਤ ਹੋਵੇਗਾ।

Satnam Singh Chahal | Executive Driector |
North American Punjabi Association (NAPA)

Previous articleBihar Assembly session commences, newly-elected MLAs sworn-in
Next articleਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਰੂ-ਬ-ਰੂ ਕਰਵਾਇਆ