ਨਸ਼ਿਆਂ ਦੀ ਤਸਕਰੀ ਵਿਰੁੱਧ ਕੈਪਟਨ ਅਤੇ ਖੱਟਰ ਨੇ ਮਿਲਾਏ ਹੱਥ

ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ 25 ਨੂੰ; ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਸੰਖੇਪ ’ਚ ਚਰਚਾ

ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਨਸ਼ਿਆਂ ਵਿਰੁੱਧ ਜੰਗ ’ਚ ਵਧੀਆ ਤਾਲਮੇਲ ਪੈਦਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 25 ਜੁਲਾਈ ਨੂੰ ਉੱਤਰੀ ਸੂਬਿਆਂ ਦੀ ਅੰਤਰਰਾਜੀ ਮੀਟਿੰਗ ਕਰਨ ’ਤੇ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਿੰਗ ਤੋਂ ਬਾਅਦ ਦੱਸਿਆ ਕਿ ਅੰਤਰਰਾਜੀ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਵੱਲੋਂ ਕੀਤੀ ਜਾਵੇਗੀ। ਦੂਜੀ ਅੰਤਰਰਾਜੀ ਮੀਟਿੰਗ ਵਿਚ ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ, ਦਿੱਲੀ ਦੇ ਉਪ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਬਿਹਤਰ ਤਾਲਮੇਲ ਦੀ ਰਣਨੀਤੀ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕੈਪਟਨ ਅਤੇ ਖੱਟਰ ਨੇ ਬੈਠਕ ਦੌਰਾਨ ਅਹਿਮ ਮੁੱਦੇ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਵੀ ਸੰਖੇਪ ਚਰਚਾ ਕੀਤੀ। ਉੱਤਰੀ ਸੂਬਿਆਂ ਦੀ ਪਹਿਲੀ ਅੰਤਰਰਾਜੀ ਮੀਟਿੰਗ ਪਿਛਲੇ ਸਾਲ ਅਪਰੈਲ ਵਿੱਚ ਹੋਈ ਸੀ ਅਤੇ ਉਨ੍ਹਾਂ ਪੰਚਕੂਲਾ (ਹਰਿਆਣਾ) ’ਚ ਕੇਂਦਰੀ ਸਕੱਤਰੇਤ ਸਥਾਪਤ ਕਰਨ ਤੋਂ ਇਲਾਵਾ ਖ਼ੁਫ਼ੀਆ ਜਾਣਕਾਰੀ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਵਾਸਤੇ ਹਰੇਕ ਸੂਬੇ ਵੱਲੋਂ ਨੋਡਲ ਅਫ਼ਸਰ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਸੀ। ਸੂਬਿਆਂ ਨੇ ਸਾਂਝੇ ਮੰਚ ’ਤੇ ਨਸ਼ਿਆਂ ਵਿਰੁੱਧ ਸਰਗਰਮ ਮੁਹਿੰਮ ਰਾਹੀਂ ਲੜਨ ’ਤੇ ਸਹਿਮਤੀ ਪ੍ਰਗਟਾਈ ਸੀ।

Previous articleਕਰਨਾਟਕ: ਬਾਗ਼ੀ ਵਿਧਾਇਕਾਂ ਨੂੰ 16 ਤਕ ਰਾਹਤ
Next articleਚਾਰਾ ਘੁਟਾਲਾ: ਲਾਲੂ ਯਾਦਵ ਨੂੰ ਜ਼ਮਾਨਤ ਮਿਲੀ