ਨਸ਼ਾ ਛੁਡਾਊ ਕੇਂਦਰ ‘ਚ ਇੱਕ ਦਰਜਨ ਵਿਅਕਤੀਆਂ ‘ਤੇ ਜਾਨਲੇਵਾ ਹਮਲਾ

ਹਰੀਕੇ ਪੱਤਣ : ਪਿੰਡ ਬੂਹ ਹਵੇਲੀਆਂ ਵਿਖੇ ਨਸ਼ਾ ਛੁਡਾਊ ਕੇਂਦਰ ‘ਚ ਦਾਖ਼ਲ ਹੋ ਕੇ ਇਕ ਦਰਜਨ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਹਰੀਕੇ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਸਮੇਤ ਵੱਖ- ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਕੰਵਲਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪ੍ਰਿੰਗੜੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸ ਨੇ ਪਿੰਡ ਤੋਂ ਬਾਹਰ ਬਹਿਕ ‘ਤੇ ਸੇਫ ਲਾਈਫ ਡਰੱਗ ਕੌਂਸਲਿੰਗ ਐਂਡ ਰੀਹੈਬਲੀਟੇਸ਼ਨ ਸੈਂਟਰ (ਨਸ਼ਾ ਛੁਡਾਉ ਕੇਂਦਰ) ਕਿਰਾਏ ‘ਤੇ ਲੈ ਕੇ ਚਲਾ ਰਿਹਾ ਹੈ, ਜਿਸ ਦਾ ਲਾਇਸੰਸ 2017 ਤੋਂ 14 ਦਸੰਬਰ 2020 ਤਕ ਉਸ ਕੋਲ ਹੈ। ਉਕਤ ਸੈਂਟਰ ਵਿਚ ਇਕ ਸਾਲ ਪਹਿਲਾਂ ਭੁਪਿੰਦਰ ਸਿੰਘ ਵਾਸੀ ਜੰਡ ਦੀ ਕੌਂਸਲਿੰਗ ਹੋਈ ਸੀ।
ਕੁਝ ਦਿਨ ਪਹਿਲਾਂ ਭੁਪਿੰਦਰ ਸਿੰਘ ਸੈਂਟਰ ਆਇਆ ਤੇ ਗੇਟ ਕੀਪਰ ਜਸਵਿੰਦਰ ਸਿੰਘ ਵਾਸੀ ਸਾਰੰਗੜਾ ਲੋਪੋਕੇ ਦੇ ਨਾਲ ਝਗੜਾ ਕਰਨ ਲੱਗ ਪਿਆ, ਜੋ ਬਾਅਦ ਵਿਚ ਉੱਥੋਂ ਚਲਾ ਗਿਆ। ਲੰਘੇ ਦਿਨ ਦੁਪਹਿਰ 12.30 ਵਜੇ ਭੁਪਿੰਦਰ ਸਿੰਘ ਆਪਣੇ ਨਾਲ ਬਲਜਿੰਦਰ ਸਿੰਘ ਉਰਫ ਘੱਪਾ ਵਾਸੀ ਵਲਟੋਹਾ ਤੇ ਦਸ ਅਣਪਛਾਤੇ ਵਿਅਕਤੀ ਲੈ ਕੇ ਸੈਂਟਰ ਆ ਗਿਆ। ਆਉਂਦਿਆਂ ਹੀ ਭੁਪਿੰਦਰ ਸਿੰਘ ਉਸ ਕੋਲੋਂ ਗੇਟ ਕੀਪਰ ਬਾਰੇ ਪੁੱਛਣ ਲੱਗ ਪਿਆ।
ਗੱਲਬਾਤ ਕਰਨ ਦੌਰਾਨ ਬਲਜਿੰਦਰ ਘੱਪਾ ਨੇ 12 ਬੋਰ ਦੀ ਰਾਈਫਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਭੱਜ ਕੇ ਉਸ ਨੇ ਆਪਣੀ ਜਾਨ ਬਚਾਈ। ਰੌਲਾ ਪਾਉਣ ‘ਤੇ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਘਟਨਾ ਉਪਰੰਤ ਪੁੱਜੇ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Previous articleਪਿਓ ਨੇ ਕੀਤਾ ਅੱਠ ਸਾਲਾ ਬੱਚੀ ਨਾਲ ਜਬਰ ਜਨਾਹ
Next articleਰੰਧਾਵਾ ਨੇ ਤੜਕਸਾਰ ਰੋਪੜ ਜੇਲ੍ਹ ‘ਚ ਮਾਰਿਆ ਛਾਪਾ , ਹੈੱਡ ਵਾਰਡਨ ਤੇ ਵਾਰਡਨ ਮੁਅੱਤਲ