ਨਵਾਂ ਨਾਗਰਿਕਤਾ ਕਾਨੂੰਨ ਇਤਿਹਾਸਕ: ਕੋਵਿੰਦ

ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਮੁਜ਼ਾਹਰਿਆਂ ਦੇ ਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਸਮਾਜ ਤੇ ਮੁਲਕ ਨੂੰ ਕਮਜ਼ੋਰ ਕਰਦੇ ਹਨ। ਹਾਲਾਂਕਿ ਉਨ੍ਹਾਂ ਇਹ ਵਿਚਾਰ ਰੋਸ ਮੁਜ਼ਾਹਰਿਆਂ ਨੂੰ ਸਿੱਧੇ ਤੌਰ ’ਤੇ ਸੀਏਏ ਨਾਲ ਜੋੜ ਕੇ ਨਹੀਂ ਪ੍ਰਗਟਾਏ। ਰਾਸ਼ਟਰਪਤੀ ਨੇ ਕਿਹਾ ਕਿ ਸੀਏਏ ਮਹਾਤਮਾ ਗਾਂਧੀ ਦੀ ਇੱਛਾ ਦੀ ਪੂਰਤੀ ਕਰਦਾ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਵੱਲੋਂ
ਐਕਟ ਬਾਰੇ ਦਿੱਤੇ ਹਵਾਲਿਆਂ ਦਾ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਵਿਰੋਧ ਕੀਤਾ। ਇਨ੍ਹਾਂ ਵਿਚੋਂ ਕਈਆਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਤੇ ‘ਸ਼ਰਮ ਕਰੋ’ ਦੇ ਨਾਅਰੇ ਲਾਏ। ਜਦਕਿ ਭਾਜਪਾ ਦੇ ਮੈਂਬਰਾਂ ਨੇ ਬੈਂਚਾਂ ਥਪ-ਥਪਾ ਕੇ ਹਮਾਇਤ ਕੀਤੀ। ਪਾਕਿਸਤਾਨ ਵਿਚ ਘੱਟ ਗਿਣਤੀਆਂ ’ਤੇ ਹੁੰਦੇ ਜਬਰ-ਜ਼ੁਲਮ ਦਾ ਮੁੱਦਾ ਵੀ ਰਾਸ਼ਟਰਪਤੀ ਨੇ ਉਭਾਰਿਆ। ਹਿੰਦੀ ਵਿਚ ਰਾਸ਼ਟਰਪਤੀ ਨੇ ਕਰੀਬ 70 ਮਿੰਟ ਦਾ ਭਾਸ਼ਨ ਦਿੱਤਾ ਤੇ ਇਸ ਦੇ ਨਾਲ ਹੀ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ। ਕੋਵਿੰਦ ਨੇ ਭਾਸ਼ਨ ਦੌਰਾਨ ਕਿਹਾ ਕਿ ਆਪਸੀ ਵਿਚਾਰ-ਵਟਾਂਦਰੇ ਤੇ ਸੰਵਾਦ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਇਸ ਦਹਾਕੇ ਨੂੰ ‘ਭਾਰਤ ਦਾ ਦਹਾਕਾ’ ਅਤੇ ਸਦੀ ਨੂੰ ‘ਭਾਰਤ ਦੀ ਸਦੀ’ ਬਣਾਇਆ ਜਾਵੇ। ਕੋਵਿੰਦ ਨੇ ਕਿਹਾ ਕਿ ਭਾਰਤ ਹਮੇਸ਼ਾ ਸਾਰੇ ਧਰਮਾਂ-ਫ਼ਿਰਕਿਆਂ ਲਈ ਬਰਾਬਰ ਸਨਮਾਨ ਦੇ ਸਿਧਾਂਤ ਦੀ ਹਾਮੀ ਭਰਦਾ ਰਿਹਾ ਹੈ, ਪਰ ਵੰਡ ਦੇ ਸਮੇਂ ‘ਭਾਰਤ ਤੇ ਇਸ ਦੇ ਲੋਕਾਂ ਦੇ ਇਸ ਵਿਸ਼ਵਾਸ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਜਿਹੜੇ ਸਿੱਖ ਤੇ ਹਿੰਦੂ ਪਾਕਿਸਤਾਨ ਵਿਚ ਨਹੀਂ ਰਹਿਣਾ ਚਾਹੁੰਦੇ, ਭਾਰਤ ਆ ਸਕਦੇ ਹਨ ਤੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦੇਣਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਨੇ ਸੀਏਏ ਪਾਸ ਕਰ ਕੇ ਮਹਾਤਮਾ ਗਾਂਧੀ ਦੀ ਇਹ ਇੱਛਾ ਪੂਰੀ ਕੀਤੀ ਹੈ। ਪਾਕਿਸਤਾਨ ’ਚ ਹਾਲ ਹੀ ’ਚ ਵਾਪਰੀ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਕੋਵਿੰਦ ਨੇ ਕਿਹਾ ਕਿ ਇਹ ਸਾਡਾ ਫ਼ਰਜ਼ ਬਣਦਾ ਹੈ ਕਿ ਗੁਆਂਢੀ ਮੁਲਕ ’ਚ ਹੁੰਦੀ ਧੱਕੇਸ਼ਾਹੀ ਨੂੰ ਆਲਮੀ ਭਾਈਚਾਰੇ ਦੇ ਧਿਆਨ ਵਿਚ ਲਿਆਂਦਾ ਜਾਵੇ। ਆਰਥਿਕ ਮੁੱਦਿਆਂ ’ਤੇ ਵਿਚਾਰ ਰੱਖਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਲੋਕ ‘ਚੰਗੇ ਭਵਿੱਖ’ ਲਈ ਮੁਲਕ ’ਚ ਬਣੀਆਂ ਚੀਜ਼ਾਂ ਹੀ ਵਰਤਣ ਤਾਂ ਕਿ ਪੰਜ ਖ਼ਬਰ ਡਾਲਰ ਦਾ ਆਰਥਿਕਤਾ ਬਣਨ ਦਾ ਟੀਚਾ ਪੂਰਾ ਕੀਤਾ ਜਾ ਸਕੇ। ਅਯੁੱਧਿਆ ਫ਼ੈਸਲੇ ਦਾ ਜ਼ਿਕਰ ਕਰਦਿਆਂ ਕੋਵਿੰਦ ਨੇ ਕਿਹਾ ਕਿ ਇਸ ਨਾਲ ਜਨਤਾ ਦਾ ਲੋਕਤੰਤਰ ਦੀਆਂ ਅਹਿਮ ਸੰਸਥਾਵਾਂ ’ਚ ਭਰੋਸਾ ਮਜ਼ਬੂਤ ਹੋਇਆ ਹੈ ਤੇ ਲੋਕਤੰਤਰ ਦਾ ਇਹ ਥੰਮ੍ਹ ਮਜ਼ਬੂਤ ਹੋਇਆ ਹੈ। ਲੋਕ ਸਭਾ ਵਿਚ ਸ਼ਿਆਮਾ ਪ੍ਰਸਾਦ ਮੁਖ਼ਰਜੀ ਵੱਲੋਂ ਕੀਤੀ ਟਿੱਪਣੀ ਦਾ ਹਵਾਲਾ ਦਿੰਦਿਆਂ ਕੋਵਿੰਦ ਨੇ ਕਿਹਾ ਕਿ ਧਾਰਾ 370 ਤੇ 35ਏ ਹਟਾਉਣਾ ‘ਇਤਿਹਾਸਕ’ ਹੈ ਤੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਇਕਸਾਰ ਵਿਕਾਸ ਦਾ ਮੁੱਢ ਬੱਝ ਗਿਆ ਹੈ, ਲੋਕਾਂ ਨੂੰ ਬਾਕੀ ਮੁਲਕ ਦੇ ਬਰਾਬਰ ਹੱਕ ਮਿਲੇ ਹਨ।

Previous articleਆਰਥਿਕ ਸਰਵੇਖਣ: ਵਿਕਾਸ ਦਰ 6 ਤੋਂ 6.5 ਫੀਸਦ ਰਹਿਣ ਦੀ ਪੇਸ਼ੀਨਗੋਈ
Next articleਸੁਲਤਾਨਵਿੰਡ ’ਚੋਂ 9.40 ਅਰਬ ਦੀ ਹੈਰੋਇਨ ਬਰਾਮਦ