ਨਵਜੋਤ ਸਿੰਘ ਸਿੱਧੂ ਬਣੇ ਰਹੇ ਖਿੱਚ ਦਾ ਕੇਂਦਰ

ਕਰਤਾਰਪੁਰ ਸਾਹਿਬ– ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਦੋਹਾਂ ਮੁਲਕਾਂ ਦੇ ਹੀਰੋ ਨਜ਼ਰ ਆ ਰਹੇ ਸਨ। ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿੱਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿੱਚੋਂ ਸਿਰਫ਼ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਿੱਧੂ ਨੂੰ ਅਮਨ ਦਾ ਨੁਮਾਇੰਦਾ ਦੱਸਦਿਆਂ ਜੈਕਾਰੇ ਵੀ ਛੱਡੇ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਜਦੋਂ ਇਮਰਾਨ ਖ਼ਾਨ ਦੇ ਵਜ਼ੀਰੇ ਆਜ਼ਮ ਵਜੋਂ ਹਲਫ਼ ਲੈਣ ਵਾਲੇ ਸਮਾਗਮ ਲਈ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਦੇ ਲਾਂਘਾ ਖੁਲ੍ਹਵਾਉਣ ਦੇ ਯਤਨਾਂ ਕਰਕੇ ਹੀ ਅੱਜ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇ ਹਨ।

ਪਾਕਿ ਅਧਿਕਾਰੀਆਂ ਨੇ ਜਦੋਂ ਚੇਤਾਵਨੀ ਦਿੱਤੀ…
ਗੁਰਦੁਆਰਾ ਕੰਪਲੈਕਸ ਵਿੱਚ ਸੁਰੱਖਿਆ ਲਈ ਬੇਮਿਸਾਲ ਪ੍ਰਬੰਧ ਕੀਤੇ ਗਏ ਸਨ ਅਤੇ ਭਾਰੀ ਗਿਣਤੀ ਵਿੱਚ ਤਾਇਨਾਤ ਮੁਲਾਜ਼ਮਾਂ ਵਿੱਚੋਂ ਕਈ ਮੁਲਾਜ਼ਮ ਸਿਰਾਂ ਤੋਂ ਨੰਗੇ ਸਨ। ਇਸ ਦੌਰਾਨ ਇੱਕ ਅਧਿਕਾਰੀ ਨੇ ਮਾਈਕ ’ਤੇ ਆਕੇ ਨੰਗੇ ਸਿਰ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿੱਚ ਆਪਣੇ ਸਿਰ ਕੱਜ ਲੈਣ ਨਹੀਂ ਤਾਂ ਉਨ੍ਹਾਂ ਨੂੰ ਲਾਹੌਰ ਭੇਜ ਦਿੱਤਾ ਜਾਵੇਗਾ।

ਕਰਤਾਰਪੁਰ ਲਾਂਘੇ ਦੀਆਂ ਝਲਕੀਆਂ
ਖਾਲਿਸਤਾਨ – ਪਾਕਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ
ਉਦਘਾਟਨੀ ਸਮਾਗਮ ਦੌਰਾਨ ਜੋਸ਼ ਵਿੱਚ ਆਏ ਸ਼ਰਧਾਲੂਆਂ ਨੇ ਖਾਲਿਸਤਾਨ- ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਇਮਰਾਨ ਖ਼ਾਨ, ਜਨਰਲ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਅਕਾਸ਼ ਗੂੰਜਾਉ ਨਾਅਰੇਬਾਜ਼ੀ ਸੁਣਕੇ ਸਮੁੱਚੇ ਮੀਡੀਆ ਦਾ ਨਾਅਰੇਬਾਜ਼ੀ ਕਰ ਰਹੇ ਸ਼ਰਧਾਲੂਆਂ ਵੱਲ ਹੋ ਗਿਆ ਤਾਂ ਨਾਅਰਿਆਂ ਦੀ ਆਵਾਜ਼ ਹੋਰ ਤੇਜ਼ ਹੋ ਗਈ।

ਵਾਹਗਾ ਬਾਰਡਰ ਦੇ ਪਾਕਿਸਤਾਨੀ ਰੇਂਜਰ ਰਹੇ ਖਿੱਚ ਦਾ ਕੇਂਦਰ
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਬਾਹਰ ਦਰਸ਼ਨੀ ਡਿਉਢੀ ਕੋਲ ਵਾਹਗਾ ਬਾਰਡਰ ਤੇ ਪਾਕਿਸਤਾਨ ਵਾਲੇ ਪਾਸਿਉਂ ਹੁੰਦੀ ਰੀਟਰੀਟ ਸੈਰੇਮਨੀ ਵਿੱਚ ਦਰਸ਼ਕਾਂ ਦਾ ਧਿਆਨ ਖਿੱਚਣ ਵਾਲੇ ਦੋ ਰੇਂਜਰ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸ਼ਰਧਾਲੂ 7-7 ਫੁੱਟੇ ਲੰਮੇ ਰੇਂਜਰਾਂ ਸ਼ਬੀਰ ਅਤੇ ਖ਼ਾਲਿਦ ਨਾਲ ਫੋਟੋ ਖਿਚਵਾ ਰਹੇ ਸਨ। ਇੱਕ ਵਾਰ ਤਾਂ ਉਥੇ ਭੀੜ ਇਕੱਠੀ ਹੋ ਗਈ ਜਿਸ ਨੂੰ ਵੇਖਦਿਆਂ ਪ੍ਰਬੰਧਕਾਂ ਨੇ ਰੇਂਜਰਾਂ ਨੂੰ ਕੁੱਝ ਸਮੇਂ ਲਈ ਉਥੋਂ ਹਟਾ ਦਿੱਤਾ।

ਸੂਟਾਂ ’ਚ ਸਜੀਆਂ ਬੀਬੀਆਂ ਵੱਲੋਂ ਸ਼ਰਧਾਲੂਆਂ ਦਾ ਸਵਾਗਤ
ਦਰਸ਼ਨੀ ਡਿਉਢੀ ਦੇ ਸੱਜੇ ਪਾਸੇ ਪੰਜਾਬੀ ਕਾਲੇ ਸੂਟ ਅਤੇ ਕੇਸਰੀ ਦੁਪੱਟਿਆਂ ਵਿੱਚ ਸਜੀਆਂ ਬੀਬੀਆਂ ਸ਼ਰਧਾਲੂਆਂ ਦਾ ਫਤਿਹ ਬੁਲਾ ਕੇ ਸਵਾਗਤ ਕਰ ਰਹੀਆਂ ਸਨ। ਇਸ ਸਮੇਂ ਲਾਹੌਰ ਤੋਂ ਪੁੱਜੀ ਪੂਰਵ ਕੌਰ ਨੇ ਦੱਸਿਆ ਕਿ ਗਲੋਬਲ ਨੋਬਲ ਕੰਪਨੀ ਵੱਲੋਂ ਉਹ ਸ਼ਰਧਾਲੂਆਂ ਦੀ ਸੇਵਾ ਲਈ ਹਾਜ਼ਰ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 12 ਮੁਟਿਆਰਾਂ ਨੂੰ ਵੱਖ-ਵੱਖ ਥਾਵਾਂ ਤੇ ਸ਼ਰਧਾਲੂਆਂ ਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਹੈ।

ਗੁਰਬਾਣੀ ਨਾਲ ਸਬੰਧਿਤ ਪੇਂਟਿੰਗ ਪ੍ਰਦਰਸ਼ਨੀ ਵਿੱਚ ਸ਼ਰਧਾਲੂਆਂ ਵਿਖਾਇਆ ਉਤਸ਼ਾਹ
ਗੁਰਦੁਆਰਾ ਕੰਪਲੈਕਸ ਵਿੱਚ ਬਣੇ ਧਾਰਮਿਕ ਵਿਚਾਰ ਵਟਾਂਦਰਾ ਕੇਂਦਰ ਵਿੱਚ ਫ਼ਕੀਰ ਖਾਨਾ ਮਿਊਜ਼ੀਅਮ ਵੱਲੋਂ ਗੁਰਬਾਣੀ ਨਾਲ ਸਬੰਧਿਤ ਲੱਗੀ ਪੇਂਟਿੰਗ ਪ੍ਰਦਰਸ਼ਨੀ ਵਿੱਚ ਸ਼ਰਧਾਲੂਆਂ ਵੱਲੋਂ ਉਤਸ਼ਾਹ ਵਿਖਾਇਆ ਗਿਆ। ਇਸ ਮੌਕੇ ਪ੍ਰਦਰਸ਼ਨੀ ਦੇ ਪ੍ਰਬੰਧਕ ਫ਼ਕੀਰ ਸੱਯਦ ਸੈਫ਼ਉਦ ਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਫ਼ਕੀਰ ਅਜੀਜ਼ੂਦੀਨ ਮਹਾਰਾਜ ਰਣਜੀਤ ਸਿੰਘ ਦੇ ਵਜ਼ੀਰ ਸਨ ਅਤੇ ਉਨ੍ਹਾਂ ਕੋਲ ਸਿੱਖ ਇਤਿਹਾਸ ਦਾ ਵੱਡਾ ਖਜ਼ਾਨਾ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਸਿੱਖ ਇਤਿਹਾਸ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਛਪਵਾਉਣਗੇ। ਇਸ ਮੌਕੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਕੁੱਝ ਪੇਂਟਿੰਗਜ਼ ਦੀ ਖਰੀਦਾਰੀ ਵੀ ਕੀਤੀ।

Previous articleਮੋਦੀ ਨੇ 562 ਸ਼ਰਧਾਲੂਆਂ ਦੇ ਪਲੇਠੇ ਜਥੇ ਨੂੰ ਕਰਤਾਰਪੁਰ ਰਵਾਨਾ ਕੀਤਾ
Next articleਅਯੁੱਧਿਆ ਵਿੱਚ ਬਣੇਗਾ ਰਾਮ ਮੰਦਰ