ਨਡਾਲ ਨੇ 35ਵਾਂ ਮਾਸਟਰਜ਼ ਖ਼ਿਤਾਬ ਜਿੱਤਿਆ

ਰਾਫੇਲ ਨਡਾਲ ਨੇ ਰੂਸ ਦੇ ਡੇਨੀਅਲ ਮੈਦਵੇਦੇਵ ਨੂੰ ਇੱਥੇ ਸਿੱਧੇ ਸੈਟਾਂ ਵਿੱਚ ਹਰਾ ਕੇ 35ਵੀਂ ਵਾਰ ਮਾਸਟਰਜ਼ 1000 ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੇ ਮੈਦਵੇਦੇਵ ਨੂੰ 6-3, 6-0 ਨਾਲ ਸ਼ਿਕਸਤ ਦੇ ਕੇ ਆਪਣਾ ਪੰਜਵਾਂ ਕੈਨੇਡਿਆਈ ਖ਼ਿਤਾਬ ਹਾਸਲ ਕੀਤਾ। ਇਹ ਉਸ ਦੀ ਲਗਾਤਾਰ ਦੂਜੀ ਏਟੀਪੀ ਟਰਾਫੀ ਹੈ। ਨਡਾਲ ਨੇ ਨੋਵਾਕ ਜੋਕੋਵਿਚ ’ਤੇ ਹੁਣ ਦੋ ਖ਼ਿਤਾਬਾਂ ਦੀ ਲੀਡ ਬਣਾ ਲਈ ਹੈ। ਉਸ ਨੇ 33 ਵਾਰ ਮਾਸਟਰਜ਼ ਟੂਰਨਾਮੈਂਟ ਜਿੱਤਿਆ ਹੈ। ਕਲੇਅ ਕੋਰਟ ਦੇ ਬੇਤਾਜ ਬਾਦਸ਼ਾਹ ਨਡਾਲ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਹਾਰਡ ਕੋਰਟ ਟੂਰਨਾਮੈਂਟ ਵਿੱਚ ਖ਼ਿਤਾਬ ਦਾ ਬਚਾਅ ਕੀਤਾ ਹੈ। 18 ਵਾਰ ਗਰੈਂਡ ਸਲੈਮ ਜੇਤੂ ਸਪੈਨਿਸ਼ ਖਿਡਾਰੀ ਨੇ ਕਿਹਾ, ‘‘ਮੈਚ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਲਈ ਸ਼ੁਰੂਆਤ ਅਹਿਮ ਸੀ।’’ ਮੈਦਵੇਦੇਵ ਬਾਰੇ ਨਡਾਲ ਨੇ ਕਿਹਾ, ‘‘ਉਹ ਬਹੁਤ ਵਧੀਆ ਖੇਡਿਆ, ਪਿਛਲੇ ਹਫ਼ਤੇ ਨਾਲੋਂ ਉਸ ਦਾ ਪ੍ਰਦਰਸ਼ਨ ਬਿਹਤਰ ਸੀ।’’ ਸਪੈਨਿਸ਼ ਸਟਾਰ ਰਾਫਾ ਨੇ ਸੈਮੀ-ਫਾਈਨਲ ਵਿੱਚ ਬਿਨਾਂ ਪਸੀਨਾ ਵਹਾਏ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਸੀ। ਫਰਾਂਸ ਦੇ ਗੇਲ ਮੌਨਫਿਲਜ਼ ਦੇ ਸੈਮੀ-ਫਾਈਨਲ ਵਿੱਚੋਂ ਹਟਣ ਕਾਰਨ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੂੰ ਇੱਕ ਦਿਨ ਦਾ ਹੋਰ ਆਰਾਮ ਮਿਲ ਗਿਆ ਸੀ। ਉਸ ਨੇ ਕੈਨੇਡਾ ਵਿੱਚ ਲਗਾਤਾਰ ਆਪਣਾ ਦੂਜਾ ਏਟੀਪੀ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਨਡਾਲ ਨੇ ਆਖ਼ਰੀ ਅੱਠ ਵਿੱਚ ਇਤਾਲਵੀ ਖਿਡਾਰੀ ਫੈਬਿਓ ਫੋਗਨਿਨੀ ਨੂੰ 2-6, 6-1, 6-2 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ ਸੀ। ਮੈਦਵੇਦੇਵ ਦਾ ਨਡਾਲ ਖ਼ਿਲਾਫ਼ ਇਹ ਪਹਿਲਾ ਮੁਕਾਬਲਾ ਸੀ।

Previous articleਵੈਸਟ ਇੰਡੀਜ਼ ’ਚ ਭਾਰਤ ਦੀ ਜੇਤੂ ਮੁਹਿੰਮ ਜਾਰੀ
Next articleBharat Meri Jaan from Kings Cross London !!