ਨਡਾਲ ਨੇ ਕਰੀਅਰ ਦਾ 19ਵਾਂ ਗਰੈਂਡ ਸਲੈਮ ਜਿੱਤਿਆ

ਰਾਫੇਲ ਨਡਾਲ ਨੇ ਰੂਸ ਦੇ ਡੇਨਿਲ ਮੈਦਵੇਦੇਵ ਨੂੰ ਪੰਜ ਸੈੱਟਾਂ ਦੇ ਫਾਈਨਲ ਵਿੱਚ ਹਰਾ ਕੇ ਆਪਣੇ ਕਰੀਅਰ ਦਾ 19ਵਾਂ ਗਰੈਂਡ ਸਲੈਮ ਅਤੇ ਚੌਥਾ ਯੂਐੱਸ ਓਪਨ ਖ਼ਿਤਾਬ ਆਪਣੇ ਨਾਮ ਕਰ ਲਿਆ। 33 ਸਾਲ ਦੇ ਨਡਾਲ ਨੇ ਖ਼ਿਤਾਬੀ ਮੁਕਾਬਲੇ ’ਚ 7-5, 6-3, 5-7, 4-6, 6-4 ਨਾਲ ਜਿੱਤ ਦਰਜ ਕੀਤੀ। ਹੁਣ ਉਸ ਦੇ ਨਾਮ 19 ਗਰੈਂਡ ਸਲੈਮ ਹੋ ਗਏ ਹਨ ਅਤੇ ਉਹ ਰੋਜਰ ਫੈਡਰਰ ਤੋਂ ਸਿਰਫ਼ ਇੱਕ ਖ਼ਿਤਾਬ ਪਿੱਛੇ ਹੈ। ਉਹ ਓਪਨ ਯੁੱਗ ਵਿੱਚ ਕੈੱਨ ਰੋਜ਼ਵਾਲ ਮਗਰੋਂ ਯੂਐੱਸ ਓਪਨ ਜਿੱਤਣ ਵਾਲਾ ਸਭ ਤੋਂ ਪੁਰਾਣਾ ਖਿਡਾਰੀ ਬਣ ਗਿਆ ਹੈ। ਰੋਜ਼ਵਾਲ ਨੇ ਸਾਲ 1970 ਵਿੱਚ 35 ਸਾਲ ਦੀ ਉਮਰ ’ਚ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਤਿੰਨ ਵਾਰ (ਸਾਲ 2010, 2013 ਅਤੇ 2017) ਖ਼ਿਤਾਬ ਜਿੱਤ ਚੁੱਕੇ ਨਡਾਲ ਨੇ ਕਿਹਾ, ‘‘ਇਹ ਮੇਰੇ ਟੈਨਿਸ ਕੈਰੀਅਰ ਦੀਆਂ ਸਭ ਤੋਂ ਜਜ਼ਬਾਤੀ ਰਾਤਾਂ ਵਿੱਚੋਂ ਇੱਕ ਸੀ।” ਯੂਐੱਸ ਓਪਨ ਵਿੱਚ ਪੰਜਵੀਂ ਵਾਰ ਅਤੇ ਗਰੈਂਡ ਸਲੈਮ ਵਿੱਚ 27ਵੀਂ ਵਾਰ ਫਾਈਨਲ ਵਿੱਚ ਪਹੁੰਚਿਆ ਨਡਾਲ 30 ਸਾਲ ਦੀ ਉਮਰ ਮਗਰੋਂ ਪੰਜ ਗਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਚਾਰ ਘੰਟੇ 50 ਮਿੰਟ ਤੱਕ ਚੱਲਿਆ ਇਹ ਮੈਚ ਯੂਐੱਸ ਓਪਨ ਦੇ ਇਤਿਹਾਸ ਦਾ ਸਭ ਤੋਂ ਲੰਬਾ ਫਾਈਨਲ ਬਣਨ ਤੋਂ ਸਿਰਫ਼ ਚਾਰ ਮਿੰਟਾਂ ਨਾਲ ਖੁੰਝ ਗਿਆ। ਨਡਾਲ ਨੇ ਜੂਨ ਵਿੱਚ ਫਰੈਂਚ ਓਪਨ ਵੀ ਜਿੱਤਿਆ ਸੀ। ਉਹ ਓਪਨ ਯੁੱਗ ਵਿੱਚ ਪੰਜ ਯੂਐੱਸ ਓਪਨ ਖ਼ਿਤਾਬ ਜਿੱਤਣ ਵਾਲੇ ਫੈਡਰਰ, ਜਿੰਮੀ ਕੌਨੋਰਜ਼ ਅਤੇ ਪੈੱਟ ਸੰਪਰਾਸ ਤੋਂ ਇੱਕ ਖ਼ਿਤਾਬ ਪਿੱਛੇ ਹੈ। ਨਡਾਲ ਪਹਿਲੀਆਂ ਪੰਜ ਕੋਸ਼ਿਸ਼ਾਂ ਵਿੱਚ ਯੂਐੱਸ ਓਪਨ ਦੇ ਸੈਮੀ-ਫਾਈਨਲ ਤੱਕ ਨਹੀਂ ਪਹੁੰਚ ਸਕਿਆ ਸੀ। ਉਸ ਨੇ ਕਿਹਾ, ‘‘ਆਪਣੇ ਕਰੀਅਰ ਦੇ ਸ਼ੁਰੂ ਵਿੱਚ ਮੈਂ ਇੱਥੇ ਮੁਸ਼ਕਲ ਦੌਰ ਵੇਖਿਆ ਹੈ ਅਤੇ ਮੈਚ ਹਾਰਿਆ ਹਾਂ।’’ ਉਸ ਨੇ ਹਾਲਾਂਕਿ ਅੰਕੜਿਆਂ ਦੇ ਪੰਗੇ ਵਿੱਚ ਪੈਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਯਕੀਨੀ ਤੌਰ ’ਤੇ ਮੈਂ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣਾ ਚਾਹੁੰਦਾ ਹਾਂ, ਜੇ ਨਹੀਂ ਜਿੱਤਾਂਗਾ ਤਾਂ ਚੈਨ ਨਾਲ ਨਹੀਂ ਸੌਂ ਸਕਾਂਗਾ।’’ ਮੈਦਵੇਦੇਵ ਨੇ ਕਿਹਾ, “19ਵਾਂ ਗਰੈਂਡ ਸਲੈਮ ਖ਼ਿਤਾਬ ਹੈਰਾਨੀਜਨਕ ਅਤੇ ਅਜੀਬ ਹੈ।” ਹਾਰ ਦੇ ਬਾਵਜੂਦ ਮੈਦਵੇਦੇਵ ਤਾਜ਼ਾ ਦਰਜਾਬੰਦੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਜਾਵੇਗਾ। ਉਸ ਨੇ ਇਸ ਸਾਲ ਸਿਨਸਿਨਾਟੀ ਖ਼ਿਤਾਬ ਜਿੱਤਿਆ, ਜਦਕਿ ਮੌਂਟਰੀਅਲ, ਵਾਸ਼ਿੰਗਟਨ ਅਤੇ ਯੂਐੱਸ ਓਪਨ ਵਿੱਚ ਉਪ ਜੇਤੂ ਰਿਹਾ।

Previous articleਹੈਰੋਇਨ ਤਸਕਰ ਜੀਜਾ-ਸਾਲਾ ਸਣੇ ਤਿੰਨ ਗ੍ਰਿਫ਼ਤਾਰ
Next articleUNHRC: Pak, India to make statements on J&K