ਨਗਰ ਕੀਰਤਨ ਨੇ ਭਾਰਤ-ਪਾਕਿ ’ਚ ਖ਼ਾਲਸਾਈ ਮਾਹੌਲ ਸਿਰਜਿਆ

ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਜੋ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਵਿਚ ਦਾਖ਼ਲ ਹੋਇਆ। ਅੰਤਰਰਾਸ਼ਟਰੀ ਨਗਰ ਕੀਰਤਨ ਨੇ ਅੱਜ ਪਾਕਿਸਤਾਨ ਅਤੇ ਭਾਰਤ ਦੋਵੇਂ ਪਾਸੇ ਖ਼ਾਲਸਾਈ ਮਾਹੌਲ ਸਿਰਜ ਦਿੱਤਾ। ਨਗਰ ਕੀਰਤਨ ਪੰਥਕ ਰਵਾਇਤਾਂ ਅਨੁਸਾਰ ਖ਼ਾਲਸਾਈ ਜਾਹੋ-ਜਲਾਲ ਨਾਲ ਆਰੰਭ ਹੋਇਆ, ਜਿਸ ਨੂੰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਨੇ ਵਾਹਗਾ ਸਰਹੱਦ ਤੱਕ ਛੱਡਿਆ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਚ ਅੱਜ ਅਖੰਡ ਪਾਠ ਦੇ ਭੋਗ ਮਗਰੋਂ ਰਾਗੀ ਜਥਿਆਂ ਨੇ ਰਸ-ਭਿੰਨਾ ਕੀਰਤਨ ਕੀਤਾ। ਸ਼੍ਰੋਮਣੀ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਸਮੇਤ ਦੋਹਾਂ ਦੇਸ਼ਾਂ ਦੀ ਸਿੱਖ ਸੰਗਤ ਨੇ ਇਸ ’ਚ ਭਰਵੀਂ ਸ਼ਮੂਲੀਅਤ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਹੋਈ ਬੱਸ ਵਿਚ ਸੁਸ਼ੋਭਿਤ ਪਾਲਕੀ ਤੱਕ ਲਿਆਂਦਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਤਾਬਿਆ ’ਚ ਬੈਠ ਕੇ ਸੇਵਾ ਨਿਭਾਈ। ਦੇਸ਼ ਦੀ ਵੰਡ ਮਗਰੋਂ 72 ਸਾਲਾਂ ’ਚ ਇਹ ਪਹਿਲਾ ਮੌਕਾ ਸੀ ਜਦੋਂ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਭਾਰਤ ਪੁੱਜਾ ਹੈ। ਪਾਕਿਸਤਾਨ ਦੇ ਸਿੱਖ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਹੋਰ ਬੱਚੇ ਖ਼ਾਲਸਾਈ ਬਾਣੇ ਵਿਚ ਤਿਆਰ ਸਨ। ਪਾਕਿਸਤਾਨੀ ਪੁਲੀਸ ਦੇ ਬੈਂਡ ਵੱਲੋਂ ਗੁਰਬਾਣੀ ਦੀਆਂ ਧੁਨਾਂ ਦਾ ਗਾਇਨ ਕੀਤਾ ਗਿਆ ਅਤੇ ਸਲਾਮੀ ਦਿੱਤੀ। ਔਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਂ ਤੇ ਇਮਰਾਨ ਗੋਂਦਲ, ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਵੱਡਾ ਕਾਫ਼ਲਾ ਜਦੋਂ ਰਵਾਨਾ ਹੋਇਆ ਤਾਂ ਸਥਾਨਕ ਲੋਕ ਵੀ ਨਤਮਸਤਕ ਹੋਏ। ਸਾਰੇ ਰਸਤੇ ਵਿਚ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੇ ਸਮੁੱਚੇ ਰਸਤੇ ਵਿਚ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਵਾਹਨ ਕਾਫ਼ਲੇ ਦੇ ਨਾਲ ਨਾਲ ਸਰਹੱਦ ਤੱਕ ਆਏ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਔਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਂ, ਇਮਰਾਨ ਗੋਂਦਲ, ਪਾਕਿਸਤਾਨ ਕਮੇਟੀ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ ਅਤੇ ਹੋਰ ਮੈਂਬਰਾਂ ਨੂੰ ਸਿਰੋਪਾਓ, ਮਾਡਲ, ਸ੍ਰੀ ਸਾਹਿਬ ਅਤੇ ਸੋਨੇ ਦੇ ਵਿਸ਼ੇਸ਼ ਸਿੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Previous articleIndia’s forex reserves decline $727 mn
Next articleSC orders status quo in Jaypee plea against NCLAT order